ਠੱਗਾਂ ਨੇ ਆਪ ਵਿਧਾਇਕ ਦਾ ਗੰਨਮੈਨ ਵੀ ਨਾ ਛੱਡਿਆ, ਭਾਣਜੀ ਨੂੰ ਨੌਕਰੀ ਦਾ ਝਾਂਸਾ ਦੇ ਕੇ ਠੱਗੇ 10 ਲੱਖ ਰੁਪਏ
- bhagattanya93
- Apr 16
- 1 min read
16/04/2025

ਲੁਧਿਆਣਾ ਤੋਂ ਹਲਕਾ ਗਿੱਲ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੇ ਗੰਨਮੈਨ ਨਾਲ 10 ਲੱਖ 10 ਹਜ਼ਾਰ ਰੁਪਏ ਦੀ ਧੋਖਾਧੜੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਸ਼ਾਤਰ ਵਿਅਕਤੀਆਂ ਨੇ ਵਿਧਾਇਕ ਦੇ ਗੰਨਮੈਨ ਮੱਖਣ ਸਿੰਘ ਨੂੰ ਇਹ ਝਾਂਸਾ ਦਿੱਤਾ ਕਿ ਉਹ ਉਨਾਂ ਦੀ ਭਾਣਜੀ ਨੂੰ ਸਰਕਾਰੀ ਬੈਂਕ ਵਿੱਚ ਕਲਰਕ ਦੀ ਨੌਕਰੀ ਲਗਵਾ ਦੇਣਗੇ। ਇਸ ਮਾਮਲੇ ਵਿੱਚ ਥਾਣਾ ਸਦਰ ਦੀ ਪੁਲਿਸ ਨੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੇ ਗੰਨਮੈਨ ਸੰਗੋਵਾਲ ਦੇ ਵਾਸੀ ਮੱਖਣ ਸਿੰਘ ਦੀ ਸ਼ਿਕਾਇਤ 'ਤੇ ਦੀਪਕ ਕੁਮਾਰ ਉਰਫ ਕਾਲੂ, ਮੋਨਿਕਾ ਅਤੇ ਸਮਰਾਲਾ ਦੇ ਰਹਿਣ ਵਾਲੇ ਬਲਜਿੰਦਰ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।
ਪੁਲਿਸ ਨੂੰ ਸ਼ਿਕਾਇਤ ਦਿੰਦੇ ਆਮ ਮੱਖਣ ਸਿੰਘ ਨੇ ਦੱਸਿਆ ਕਿ ਪੜ੍ਹਾਈ ਤੋਂ ਬਾਅਦ ਉਹਨਾਂ ਦੀ ਭਾਣਜੀ ਸਰਕਾਰੀ ਨੌਕਰੀ ਦੀ ਤਲਾਸ਼ ਕਰ ਰਹੀ ਸੀ। ਇਸੇ ਦੌਰਾਨ ਉਨਾਂ ਦੀ ਮੁਲਾਕਾਤ ਦੀਪਕ ਕੁਮਾਰ ਮੋਨਿਕਾ ਅਤੇ ਬਲਜਿੰਦਰ ਸਿੰਘ ਨਾਲ ਹੋਈ। ਮੁਲਜ਼ਮਾਂ ਨੇ ਉਹਨਾਂ ਦੀ ਭਾਣਜੀ ਸ਼ਰਨਦੀਪ ਕੌਰ ਨੂੰ ਸਰਕਾਰੀ ਬੈਂਕ ਵਿੱਚ ਕਲਰਕ ਦੀ ਨੌਕਰੀ ਲਗਵਾਉਣ ਦੀ ਗੱਲ ਆਖੀ। ਕੁਝ ਸਾਲ ਪਹਿਲੋਂ ਹੋਈ ਇਸ ਗੱਲਬਾਤ ਤੋਂ ਬਾਅਦ ਮੁਲਜ਼ਮਾਂ ਨੇ ਲੜਕੀ ਨੂੰ ਨੌਕਰੀ ਲਗਵਾਉਣ ਦੀ ਗੱਲ ਆਖ ਕੇ ਉਹਨਾਂ ਕੋਲੋਂ 10 ਲੱਖ 10 ਹਜ਼ਾਰ ਰੁਪਏ ਹਾਸਿਲ ਕਰ ਲਏ।
ਪੈਸੇ ਲੈਣ ਤੋਂ ਬਾਅਦ ਮੁਲਜ਼ਮਾਂ ਨੇ ਨਾ ਤਾਂ ਨੌਕਰੀ ਲਗਵਾਈ ਅਤੇ ਨਾ ਹੀ ਰਕਮ ਵਾਪਸ ਕੀਤੀ। ਇਸ ਮਾਮਲੇ ਸਬੰਧੀ ਮੱਖਣ ਸਿੰਘ ਨੇ 17 ਦਸੰਬਰ 2024 ਨੂੰ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ। ਪੜਤਾਲ ਤੋਂ ਬਾਅਦ ਥਾਣਾ ਸਦਰ ਦੀ ਪੁਲਿਸ ਨੇ ਮੁਲਜ਼ਮਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਚੌਕੀ ਮਰਾਢੋ ਦੇ ਇੰਚਾਰਜ ਸੁਨੀਲ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

댓글