ਡੱਲੇਵਾਲ ਦਾ ਮਰਨ ਵਰਤ 61ਵੇਂ ਦਿਨ ਵੀ ਜਾਰੀ,ਦੇਸ਼ ਭਰ ’ਚ ਕਿਸਾਨਾਂ ਦਾ ਟਰੈਕਟਰ ਮਾਰਚ ਅੱਜ
- Ludhiana Plus
- Jan 26
- 2 min read
26/01/2025

ਕਿਸਾਨੀ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ’ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 61ਵੇਂ ਦਿਨ ਵੀ ਜਾਰੀ ਰਿਹਾ। ਅੱਜ 26 ਜਨਵਰੀ ਗਣਤੰਤਤਰ ਦਿਵਸ ਮੌਕੇ ਦੇਸ਼ ਭਰ ’ਚ ਦੁਪਹਿਰ 12 ਵਜੇ ਤੋਂ ਡੇਢ ਵਜੇ ਤੱਕ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੀਤਾ ਜਾਵੇਗਾ। ਇਸ ਤਹਿਤ ਪੰਜਾਬ ’ਚ ਹੀ 500 ਥਾਵਾਂ ’ਤੇ ਟਰੈਕਟਰ ਖੜ੍ਹੇ ਕੀਤੇ ਜਾਣਗੇ। ਇਸ ਤੋਂ ਇਲਾਵਾ ਹਰਿਆਣਾ, ਉਤਰ ਪ੍ਰਦੇਸ਼, ਤਾਮਿਲਨਾਡੂ ਸਮੇਤ ਕਈ ਸੂਬਿਆਂ ਵਿਚ ਟਰੈਕਟਰ ਖੜ੍ਹੇ ਕਰ ਕੇ ਰੋਸ ਪ੍ਰਗਟਾਇਆ ਜਾਵੇਗਾ।
ਹਰਿਆਣਾ ਦੇ ਕਿਸਾਨ ਆਗੂ ਅਭਿਮਨਯੂ ਕੋਹਾੜ ਤੇ ਸੁਖਦੇਵ ਸਿੰਘ ਭੋਜਰਾਜ ਨੇ ਕਿਹਾ ਕਿ ਟਰੈਕਟਰ ਮਾਰਚ ਸ਼ਾਂਤੀਪੂਰਨ ਤਰੀਕੇ ਨਾਲ ਕੀਤਾ ਜਾਵੇਗਾ ਤੇ ਇਹ ਦੇਸ਼ ਦੇ ਹਰ ਕੋਨੇ ’ਚ ਹੋਵੇਗਾ। ਟਰੈਕਟਰ ਮਾਰਚ ਕਰਨ ਦੀ ਬਜਾਏ ਕਿਸਾਨ ਆਪਣੇ ਟਰੈਕਟਰਾਂ ਨੂੰ ਭਾਜਪਾ ਦੇ ਸੰਸਦ ਮੈਬਰਾਂ, ਵਿਧਾਇਕਾਂ, ਵੱਡੇ ਆਗੂਆਂ ਦੀਆਂ ਰਿਹਾਇਸ਼ਾਂ, ਮਾਲਜ਼, ਸਾਇਲੋ ਪਲਾਂਟਾਂ, ਕਾਰਪੋਰੇਟ ਘਰਾਣਿਆਂ ਦੇ ਅਦਾਰਿਆਂ, ਟੋਲ ਪਲਾਜ਼ਿਆਂ ਦੇ ਸਾਹਮਣੇ ਖੜ੍ਹੇ ਕਰਨਗੇ। ਉਨ੍ਹਾਂ ਕਿਹਾ ਕਿ ਇਕੱਲੇ ਪੰਜਾਬ ’ਚ ਹੀ 500 ਥਾਵਾਂ ’ਤੇ ਕਿਸਾਨ ਆਪਣੇ ਟਰੈਕਟਰ ਖੜ੍ਹੇ ਕਰਨਗੇ। ਉਨ੍ਹਾਂ ਕਿਹਾ ਕਿ 28 ਜਨਵਰੀ ਨੂੰ ਖਨੌਰੀ ਬਾਰਡਰ ’ਤੇ ਮੋਰਚੇ ਦੀ ਫਤਹਿ ਅਤੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤਯਾਬੀ ਲਈ ਸ੍ਰੀ ਅਖੰਡ ਪਾਠ ਸਾਹਿਬ ਦਾ ਪ੍ਰਕਾਸ਼ ਕਰਵਾਇਆ ਜਾਵੇਗਾ ਤੇ 30 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਉਨ੍ਹਾਂ ਦੱਸਿਆ ਕਿ 11 ਤੋ 13 ਜਨਵਰੀ ਤੱਕ ਅੰਦੋਲਨ ਦੀ ਵਰ੍ਹੇਗੰਢ ਮਨਾਈ ਜਾਵੇਗੀ ਤੇ ਖਨੌਰੀ ਬਾਰਡਰ ’ਤੇ ਵੱਡਾ ਸਮਾਗਮ ਕੀਤਾ ਜਾਵੇਗਾ, ਇਸ ਸਬੰਧੀ ਛੇਤੀ ਹੀ ਐਲਾਨ ਕੀਤਾ ਜਾਵੇਗਾ।
ਕੋਹਾੜ ਨੇ ਕਿਹਾ ਕਿ ਕਿਸਾਨ ਜਗਜੀਤ ਸਿੰਘ ਦਾ ਪੋਤਰਾ ਜਿਗਰਜੋਤ ਸਿੰਘ ਆਪਣੇ ਦਾਦਾ ਨੂੰ ਮਿਲਣ ਲਈ ਸ਼ੁੱਕਰਵਾਰ ਸ਼ਾਮ ਪੁੱਜਿਆ ਅਤੇ ਉਹ ਆਪਸ ’ਚ ਕਾਫੀ ਸਮਾਂ ਗੱਲਬਾਤ ਕਰਦੇ ਰਹੇ। ਉਨ੍ਹਾਂ ਦੀ ਵਾਇਰਲ ਹੋਈ ਇਕ ਫੋਟੋ ਨੂੰ ਵੇਖ ਕੇ ਦੇਸ਼ ਦਾ ਹਰ ਵਿਅਕਤੀ ਭਾਵੁਕ ਹੋ ਰਿਹਾ ਹੈ, ਕਿਉਂਕਿ ਜਗਜੀਤ ਸਿੰਘ ਡੱਲੇਵਾਲ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰ ਦਾ ਵੀ ਇਸ ਅੰਦੋਲਨ ਵਿਚ ਬੇਮਿਸਾਲੀ ਯੋਗਦਾਨ ਹੈ।





Comments