ਢਾਬੇ 'ਤੇ ਖਾਣਾ ਖਾਣ ਬੈਠਾ ਸੀ ਵਿਅਕਤੀ, ਹਮਲਾਵਰਾਂ ਨੇ ਗ਼ਲਾ ਰੇਤ ਕੇ ਉਤਾਰਿਆ ਮੌ+ਤ ਦੇ ਘਾਟ
- Jan 16, 2024
- 2 min read
16/01/2024
ਬੀਤੀ ਰਾਤ ਸ਼ਿਮਲਾਪੁਰੀ ਇਲਾਕੇ ਵਿੱਚ ਇੱਕ ਵਿਅਕਤੀ ਦਾ ਗਲ਼ਾ ਵੱਢ ਕੇ ਕਤਲ ਕਰ ਦਿੱਤਾ ਗਿਆ। ਹਮਲਾਵਰਾਂ ਨੇ ਬੁਰੀ ਤਰ੍ਹਾਂ ਕੁੱਟਮਾਰ ਕਰਨ ਤੋਂ ਬਾਅਦ ਟੁੱਟੀ ਹੋਈ ਕੱਚ ਦੀ ਬੋਤਲ ਨਾਲ ਉਸ ਦਾ ਗਲਾ ਰੇਤ ਦਿੱਤਾ l ਕਤਲ ਦੀ ਵਾਰਦਾਤ ਉਸ ਵੇਲੇ ਵਾਪਰੀ ਜਦੋਂ ਵਿਅਕਤੀ ਇੱਕ ਢਾਬੇ ਤੇ ਖਾਣਾ ਖਾਣ ਲਈ ਬੈਠਾ ਸੀ, ਇਸੇ ਦੌਰਾਨ ਕੁਝ ਵਿਅਕਤੀਆਂ ਨੇ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾl
ਮ੍ਰਿਤਕ ਦੀ ਪਛਾਣ ਪਵਨ (45) ਵਾਸੀ ਸਮਸਤੀਪੁਰ (ਬਿਹਾਰ) ਵਜੋਂ ਹੋਈ ਹੈ। ਉਹ ਪਿਛਲੇ 12 ਸਾਲ ਤੋਂ ਲੁਧਿਆਣਾ 'ਚ ਫੈਕਟਰੀਆਂ 'ਚ ਮਜ਼ਦੂਰੀ ਕਰ ਰਿਹਾ ਸੀ। ਮ੍ਰਿਤਕ ਆਪਣੇ ਪਿੱਛੇ ਦੋ ਧੀਆਂ ਤੇ ਪਤਨੀ ਛੱਡ ਗਿਆ ਹੈ। ਮ੍ਰਿਤਕ ਦੇ ਛੋਟੇ ਭਰਾ ਸੰਜੀਵ ਨੇ ਦੱਸਿਆ ਕਿ ਘਟਨਾ ਤੋਂ ਇਕ ਦਿਨ ਪਹਿਲਾਂ ਐਤਵਾਰ ਰਾਤ ਨੂੰ ਉਹ ਆਪਣੇ ਵੱਡੇ ਭਰਾ (ਪਵਨ) ਨਾਲ ਰਾਜ ਦੇ ਢਾਬੇ 'ਤੇ ਸਿਗਰਟ ਲੈਣ ਗਿਆ ਸੀ। ਰਾਜ ਸ਼ਰਾਬੀ ਅਤੇ ਉਸ ਨੇ ਪਵਨ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ । ਜਿਸ ਤੋਂ ਬਾਅਦ ਪਵਨ ਅਤੇ ਰਾਜ ਵਿਚਕਾਰ ਤਕਰਾਰ ਹੋ ਗਈ। ਇਕੱਠੇ ਹੋਏ ਲੋਕਾਂ ਨੇ ਦੋਵਾਂ ਨੂੰ ਸ਼ਾਂਤ ਕੀਤਾ।
ਬੀਤੀ ਰਾਤ ਪਵਨ ਰਾਜ ਦੇ ਢਾਬੇ ਨੇੜੇ ਇਕ ਹੋਰ ਢਾਬੇ 'ਚ ਖਾਣਾ ਖਾ ਰਿਹਾ ਸੀ ਇਸੇ ਦੌਰਾਨ ਰਾਜ ਆਪਣੀ ਪਤਨੀ ਅਤੇ ਹੋਰ ਵਿਅਕਤੀਆਂ ਨਾਲ ਆਇਆ ਅਤੇ ਪਵਨ 'ਤੇ ਹਮਲਾ ਕਰ ਦਿੱਤਾ। ਰਾਜ ਦੀ ਪਤਨੀ ਨੇ ਵੀ ਪਵਨ ਦੀ ਡੰਡੇ ਨਾਲ ਵਾਰ ਕੀਤੇ lਜ਼ਖਮੀ ਹੋਇਆ ਪਵਨ ਬੇਹੋਸ਼ ਹੋ ਡਿੱਗ ਪਿਆ ਅਤੇ ਹਮਲਾਵਰਾਂ ਨੇ ਕੱਚ ਦੀ ਬੋਤਲ ਨਾਲ ਉਸ ਦਾ ਗਲਾ ਵੱਢ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ।
ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਉਹ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਐਂਬੂਲੈਂਸ ਬੁਲਾਉਣ ਲਈ ਫੋਨ ਕੀਤਾ । ਪਵਨ ਦੇ ਭਰਾ ਨੇ ਦੱਸਿਆ ਕਿ ਇੱਕ ਘੰਟੇ ਤੱਕ ਐਂਬੂਲੈਂਸ ਨਹੀਂ ਆਈ। ਐਂਬੂਲੈਂਸ ਆਉਣ ਤੇ ਜਿਵੇਂ ਹੀ ਪਵਨ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮਾਮਲੇ ਵਿੱਚ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਕਤਲ ਦਾ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।






Comments