ਨੈਸ਼ਨਲ ਹਾਈਵੇ ’ਤੇ ਸਵਾਰੀਆਂ ਨਾਲ ਭਰੀ ਬੱਸ ਪਲਟੀ, ਨੁਕਸਾਨ ਹੋਣ ਤੋਂ ਬਚਾਅ
- bhagattanya93
- Dec 25, 2024
- 1 min read
25/12/2024

ਬੁੱਧਵਾਰ ਸਵੇਰੇ ਕਰੀਬ ਸਾਢੇ ਅੱਠ ਵਜੇ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਪਿੰਡ ਕਰਾਲਾ ਨੇੜੇ ਇਕ ਨਿੱਜੀ ਕੰਪਨੀ ਦੀ ਬੱਸ ਪਲਟਣ ਕਾਰਨ ਬੱਸ 'ਚ ਸਵਾਰ 20 ਤੋਂ 25 ਸਵਾਰੀਆਂ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਵਿਚ 2 ਛੋਟੇ ਬੱਚੇ ਵੀ ਸ਼ਾਮਿਲ ਸਨ। ਇਹ ਹਾਦਸਾ ਬੁੱਧਵਾਰ ਸਵੇਰੇ ਕਰੀਬ 8.30 ਵਜੇ ਉਸ ਸਮੇਂ ਵਾਪਰਿਆ, ਜਦੋਂ ਤਲਵਾੜਾ ਤੋਂ ਜਲੰਧਰ ਜਾ ਰਹੀ ਇਕ ਨਿੱਜੀ ਕੰਪਨੀ ਦੀ ਬੱਸ ਤੇਜ਼ ਰਫ਼ਤਾਰ ਹੋਣ ਕਰਕੇ ਅਚਾਨਕ ਬੇਕਾਬੂ ਹੋ ਕੇ ਸੜਕ ਨੇੜੇ ਟੋਇਆਂ ਵਿਚ ਜਾ ਪਲਟੀ। ਇਸ ਮੌਕੇ ਸੂਚਨਾ ਮਿਲਣ ’ਤੇ ਟਾਂਡਾ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲੋਕਾਂ ਦੀ ਮਦਦ ਨਾਲ ਪਲਟੀ ਹੋਈ ਬੱਸ 'ਚੋਂ ਸਵਾਰੀਆਂ ਨੂੰ ਕੱਢ ਕੇ ਐਂਬੂਲੈਂਸਾਂ ਦੀ ਮਦਦ ਨਾਲ ਟਾਂਡਾ ਤੇ ਦਸੂਹਾ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ , ਜਿੱਥੇ ਜ਼ਖ਼ਮੀ ਸਵਾਰੀਆਂ ਜ਼ੇਰੇ ਇਲਾਜ ਹਨ। ਗ਼ਨੀਮਤ ਰਹੀ ਕਿ ਕਿਸੇ ਵੀ ਸਵਾਰੀ ਜਾਂ ਡਰਾਈਵਰ-ਕੰਡਕਟਰ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਇਸ ਮੌਕੇ ਹਲਕਾ ਵਿਧਾਇਕ ਉੜਮੁੜ ਟਾਂਡਾ ਜਸਵੀਰ ਸਿੰਘ ਰਾਜਾ ਗਿੱਲ ਵੀ ਮੌਕੇ 'ਤੇ ਪਹੁੰਚੇ ਤੇ ਸਰਕਾਰੀ ਹਸਪਤਾਲ ਟਾਂਡਾ ਤੇ ਦਸੂਹਾ ਪਹੁੰਚ ਕੇ ਜ਼ਖ਼ਮੀ ਸਵਾਰੀਆਂ ਦਾ ਹਾਲਚਾਲ ਪੁੱਛਿਆ।





Comments