ਲੁਧਿਆਣਾ ਰੇਲਵੇ ਸਟੇਸ਼ਨ 'ਤੇ ਦਰਦਨਾਕ ਹਾਦਸਾ, ਟ੍ਰੇਨ ਦੀ ਲਪੇਟ 'ਚ ਆਇਆ 5 ਸਾਲਾ ਬੱਚਾ, ਡਾਕਟਰਾਂ ਨੂੰ ਕੱਟਣੀ ਪਈ ਲੱਤ
- bhagattanya93
- Oct 4
- 2 min read
04/10/2025

ਰੇਲਵੇ ਸਟੇਸ਼ਨ 'ਤੇ ਸ਼ਨਿਚਰਵਾਰ ਸਵੇਰੇ ਇਕ ਵੱਡਾ ਹਾਦਸਾ ਹੋ ਗਿਆ। ਇੰਟਰਸਿਟੀ ਐਕਸਪ੍ਰੈਸ ਦੀ ਲਪੇਟ 'ਚ ਆ ਕੇ ਸਿਰਫ ਪੰਜ ਸਾਲ ਦੇ ਬੱਚੇ ਨੇ ਆਪਣੀ ਇਕ ਲੱਤ ਗਵਾ ਦਿੱਤੀ। ਹਾਦਸੇ ਤੋਂ ਬਾਅਦ ਸਟੇਸ਼ਨ 'ਤੇ ਹਫੜਾ-ਦਫੜੀ ਮਚ ਗਈ। ਗੰਭੀਰ ਹਾਲਤ 'ਚ ਬੱਚੇ ਨੂੰ ਪਹਿਲਾਂ ਸੀਐਮਸੀ ਹਸਪਤਾਲ ਲਿਜਾਇਆ ਗਿਆ ਜਿੱਥੇ ਮੁੱਢਲੇ ਇਲਾਜ ਤੋਂ ਬਾਅਦ ਉਸਨੂੰ ਦਿੱਲੀ ਅਤੇ ਫਿਰ ਮੇਰਠ ਰੈਫਰ ਕੀਤਾ ਗਿਆ। ਉੱਥੇ ਡਾਕਟਰਾਂ ਨੇ ਉਸਦਾ ਆਪਰੇਸ਼ਨ ਕਰਕੇ ਖੱਬੀ ਲੱਤ ਕੱਟਣੀ ਪਈ।
ਦੁਗਰੀ ਨਿਵਾਸੀ ਸੰਦੀਪ ਆਪਣੇ ਪੁੱਤਰ ਅਭਾਸ਼ ਅਤੇ ਪਤਨੀ ਨਾਲ ਸਹੁਰੇ ਮੁਜ਼ੱਫ਼ਰਪੁਰ ਜਾ ਰਹੇ ਸਨ। ਇੰਟਰਸਿਟੀ ਐਕਸਪ੍ਰੈਸ ਪਲੇਟਫਾਰਮ 'ਤੇ ਆਈ ਤਾਂ ਪਰਿਵਾਰ ਨੇ ਚੜ੍ਹਨ ਦੀ ਕੋਸ਼ਿਸ਼ ਕੀਤੀ। ਸੰਦੀਪ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਦਾ ਪੁੱਤਰ ਟ੍ਰੇਨ 'ਚ ਚੜ੍ਹਨ ਲੱਗਾ, ਕਿਸੇ ਨੇ ਉਸਨੂੰ ਧੱਕਾ ਦੇ ਦਿੱਤਾ। ਇਸ ਕਾਰਨ ਪੁੱਤਰ ਦਾ ਪੈਰ ਤਿਲਕ ਗਿਆ ਤੇ ਉਹ ਟ੍ਰੇਨ ਦੇ ਚੱਕੇ ਦੀ ਲਪੇਟ 'ਚ ਆ ਗਿਆ। ਪਹੀਏ ਦੇ ਹੇਠਾਂ ਲੱਤ ਆ ਗਈ ਜਿਸ ਨਾਲ ਇਕ ਪੈਰ ਬਹੁਤ ਹੀ ਖਰਾਬ ਹੋ ਗਿਆ।
ਖੂਨ ਨਾਲ ਲਥਪਥ ਬੱਚੇ ਨੂੰ ਲੋਕਾਂ ਨੇ ਤੁਰੰਤ ਸੀਐਮਸੀ ਹਸਪਤਾਲ ਪਹੁੰਚਾਇਆ। ਸੰਦੀਪ ਨੇ ਕਿਹਾ ਕਿ ਉਹ ਆਰਥਿਕ ਤੌਰ 'ਤੇ ਕਮਜ਼ੋਰ ਹਨ ਤੇ ਉਨ੍ਹਾਂ ਨੂੰ ਉਮੀਦ ਸੀ ਕਿ ਵੱਡੇ ਹਸਪਤਾਲ 'ਚ ਪੁੱਤਰ ਦੀ ਲੱਤ ਬਚ ਜਾਵੇਗੀ। ਇਲਾਜ ਦੌਰਾਨ ਹਾਲਤ ਖਰਾਬ ਹੋ ਗਈ ਤੇ ਉਸਨੂੰ ਦਿੱਲੀ ਰੈਫਰ ਕਰ ਦਿੱਤਾ ਗਿਆ। ਬਾਅਦ ਵਿਚ ਉਹ ਮੇਰਠ ਦੇ ਹਸਪਤਾਲ ਲੈ ਜਾਇਆ ਗਿਆ, ਜਿੱਥੇ ਉਸਦੀ ਖੱਬੀ ਲੱਤ ਕੱਟਣੀ ਪਈ।
ਅਭਾਸ਼ ਦੂਜੀ ਕਲਾਸ ਦਾ ਵਿਦਿਆਰਥੀ ਹੈ ਤੇ ਸੰਦੀਪ ਦਾ ਇਕਲੌਤਾ ਪੁੱਤਰ ਹੈ। ਹਾਦਸੇ ਨੇ ਪੂਰੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਸੰਦੀਪ ਨੇ ਸਰਕਾਰ ਅਤੇ ਰੇਲਵੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਪਰਿਵਾਰ ਨੂੰ ਆਰਥਿਕ ਮਦਦ ਦਿੱਤੀ ਜਾਵੇ। ਪਰਿਵਾਰ ਨੇ ਸਟੇਸ਼ਨ 'ਤੇ ਧੱਕਾ-ਮੁੱਕੀ ਰੋਕਣ ਲਈ ਪੱਕੇ ਇੰਤਜ਼ਾਮ ਕਰਨ ਦੀ ਵੀ ਮੰਗ ਕੀਤੀ ਹੈ। ਦੂਜੇ ਪਾਸੇ, ਅਭਾਸ਼ ਹੁਣ ਜ਼ਿੰਦਗੀ ਭਰ ਲਈ ਦਿਵਿਆਂਗ ਹੋ ਗਿਆ ਹੈ ਜਿਸ ਕਾਰਨ ਪਰਿਵਾਰ ਸਦਮੇ 'ਚ ਹੈ।





Comments