ਦੁਕਾਨ ’ਚ ਚੋਰੀ ਦੇ ਮਾਮਲੇ ਦੀ ਤਫ਼ਤੀਸ਼ ਕਰਨ ਗਈ ਪੁਲਿਸ ਪਾਰਟੀ ’ਤੇ ਹਮਲਾ, ਮਾਮਲਾ ਦਰਜ ਕਰਨ ਮਗਰੋਂ ਮਲਜ਼ਮਾਂ ਨੂੰ ਹਿਰਾਸਤ 'ਚ ਲਿਆ
- Jan 15, 2024
- 1 min read
15/01/2024
ਦੁਕਾਨ ’ਚ ਹੋਈ 7 ਲੱਖ ਰੁਪਏ ਦੀ ਚੋਰੀ ਦੇ ਮਾਮਲੇ ਦੀ ਪੜਤਾਲ ਕਰਨ ਗਈ ਪੁਲਿਸ ਪਾਰਟੀ ਉੱਪਰ ਕੁੱਝ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਤਫ਼ਤੀਸ਼ੀ ਅਫ਼ਸਰ ਏਐੱਸਆਈ ਹਰਚਰਨ ਸਿੰਘ ਦੀ ਕੁੱਟਮਾਰ ਕੀਤੀ। ਇਸ ਮਾਮਲੇ ’ਚ ਥਾਣਾ ਪੀਏਯੂ ਦੀ ਪੁਲਿਸ ਨੇ ਡੇਅਰੀ ਕੰਪਲੈਕਸ ਹੈਬੋਵਾਲ ਖੁਰਦ ਦੇ ਰਹਿਣ ਵਾਲੇ ਸੰਦੀਪ ਸਿੰਘ, ਰਾਮ ਅਵਦ, ਰਾਮ ਭਵਨ, ਅਭਿਸ਼ੇਕ, ਦੀਪਕ ਅਤੇ ਇਕ ਦਰਜਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਧਰਮਿੰਦਰ ਸਿੰਘ ਨੇ ਥਾਣਾ ਪੀਏਯੂ ’ਚ ਦਰਖ਼ਾਸਤ ਦਿੱਤੀ ਸੀ ਕਿ ਚੁੰਗੀ ਨੇੜੇ ਪੈਂਦੀ ਉਸ ਦੀ ਦੁਕਾਨ ’ਚੋਂ 7 ਲੱਖ ਰੁਪਏ ਦੀ ਰਕਮ ਚੋਰੀ ਹੋ ਗਈ ਹੈ। ਸੰਦੀਪ ਸਿੰਘ ਧਰਮਿੰਦਰ ਦੀ ਦੁਕਾਨ ’ਤੇ ਕੰਮ ਕਰਦਾ ਸੀ। ਜਾਂਚ ਅਧਿਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਏਐੱਸਆਈ ਹਰਚਰਨ ਸਿੰਘ ਚੋਰੀ ਦੇ ਮਾਮਲੇ ਦੀ ਪੜਤਾਲ ਕਰਨ ਲਈ ਪੁਲਿਸ ਪਾਰਟੀ ਸਮੇਤ ਸੰਦੀਪ ਸਿੰਘ ਦੇ ਘਰ ਪਹੁੰਚੇ। ਇਸੇ ਦੌਰਾਨ ਸੰਦੀਪ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪੁਲਿਸ ਮੁਲਾਜ਼ਮਾਂ ’ਤੇ ਹਮਲਾ ਕਰ ਦਿੱਤਾ ਅਤੇ ਏਐੱਸਆਈ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਪੜਤਾਲ ਦੌਰਾਨ ਪੁਲਿਸ ਪਾਰਟੀ ਨੇ ਮੁਲਜਮਾਂ ਦੇ ਖਿਲਾਫ ਕੇਸ ਦਰਜ ਕਰਕੇ ਸੰਦੀਪ ਸਿੰਘ, ਰਾਮ ਭਵਨ ਅਤੇ ਦੀਪਕ ਨੂੰ ਹਿਰਾਸਤ ’ਚ ਲੈ ਲਿਆ ਹੈ।






Comments