ਦੋ ਸਾਲ ਪਹਿਲਾਂ ਸਟੱਡੀ ਵੀਜ਼ਾ 'ਤੇ ਕੈਨੇਡਾ ਗਏ 22 ਸਾਲਾ ਨੌਜਵਾਨ ਨੇ ਕੀਤੀ ਆਤ.ਮ.ਹੱ.ਤਿਆ
- bhagattanya93
- 20 hours ago
- 1 min read
02/08/2025

ਵਿਧਾਨ ਸਭਾ ਹਲਕਾ ਕੋਟਕਪੂਰਾ ਅਧੀਨ ਆਉਂਦੇ ਪਿੰਡ ਪੱਕਾ ਨੰਬਰ 1 ਦੇ ਜੰਮਪਲ ਵਿਦਿਆਰਥੀ ਵੱਲੋਂ ਕੈਨੇਡਾ ਦੇ ਸ਼ਹਿਰ ਕੈਲਗਿਰੀ 'ਚ ਮਾਨਸਿਕ ਤਣਾਅ ਦੇ ਚੱਲਦਿਆਂ ਆਤਮਹੱਤਿਆ ਕਰ ਲੈਣ ਦੀ ਦੁਖਦਾਇਕ ਖਬਰ ਮਿਲੀ ਹੈ। ਮਹਿਜ਼ 22 ਸਾਲਾ ਨੌਜਵਾਨ ਅਕਾਸ਼ਦੀਪ ਸਿੰਘ ਪੁੱਤਰ ਬੋਹੜ ਸਿੰਘ ਕਰੀਬ ਦੋ ਸਾਲ ਪਹਿਲਾਂ ਵਿਦਿਆਰਥੀ ਵੀਜ਼ਾ ’ਤੇ ਬਰੈਂਪਟਨ (ਕੈਨੇਡਾ) ਗਿਆ ਸੀ। ਪੜ੍ਹਾਈ ਦੇ ਨਾਲ-ਨਾਲ ਵਿਹਲੇ ਸਮੇਂ ਕੰਮ ਦੀ ਭਾਲ ਵੀ ਕਰਦਾ ਰਿਹਾ ਪਰ ਜਦ ਲੰਮੇ ਸਮੇਂ ਤਕ ਨੌਕਰੀ ਨਾ ਮਿਲੀ ਤਾਂ ਉਹ ਮਾਨਸਿਕ ਰੂਪ 'ਚ ਪਰੇਸ਼ਾਨ ਰਹਿਣ ਲੱਗਾ। ਉਸ ਨੇ ਤਣਾਅ 'ਚ ਆ ਕੇ ਆਤਮਹੱਤਿਆ ਵਰਗਾ ਗਲਤ ਕਦਮ ਚੁੱਕ ਲਿਆ।
ਪਰਿਵਾਰਕ ਮੈਂਬਰਾਂ ਮੁਤਾਬਿਕ ਪਿਛਲੇ ਕੁਝ ਸਮੇਂ ਤੋਂ ਉਹ ਕੈਨੇਡਾ ਦੇ ਸ਼ਹਿਰ ਕੈਲਗਿਰੀ 'ਚ ਰਹਿ ਰਿਹਾ ਸੀ। ਜਾਣਕਾਰੀ ਅਨੁਸਾਰ ਤਣਾਅਪੂਰਵਕ ਹਾਲਾਤ ਨਾਲ ਜੂਝਦਿਆਂ ਅਕਾਸ਼ਦੀਪ ਨੇ ਆਪਣੇ ਘਰ ਦੇ ਗੈਰੇਜ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਘਟਨਾ ਤੋਂ ਬਾਅਦ ਕੈਨੇਡਾ 'ਚ ਰਹਿ ਰਹੇ ਉਸ ਦੇ ਸਾਥੀਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਦੁਖਦਾਈ ਖਬਰ ਤੋਂ ਬਾਅਦ ਉਸ ਦੇ ਜੱਦੀ ਪਿੰਡ ਸਮੇਤ ਇਲਾਕੇ ਭਰ 'ਚ ਮਾਤਮ ਦਾ ਮਾਹੌਲ ਹੈ। ਵਾਰਸਾਂ ਮੁਤਾਬਿਕ ਅਕਾਸ਼ਦੀਪ ਮਿਹਨਤੀ, ਹੁਸ਼ਿਆਰ ਤੇ ਹੋਣਹਾਰ ਸੀ ਪਰ ਲਗਾਤਾਰ ਕੰਮ ਨਾ ਮਿਲਣ ਕਰਕੇ ਅਤੇ ਆਰਥਿਕ ਤੰਗੀ ਦੇ ਕਾਰਨ ਉਹ ਮਾਨਸਿਕ ਰੂਪ ’ਚ ਟੁੱਟ ਗਿਆ। ਪਰਿਵਾਰ ਨੇ ਅਕਾਸ਼ਦੀਪ ਸਿੰਘ ਦੀ ਲਾਸ਼ ਨੂੰ ਭਾਰਤ ਲਿਆਉਣ ਲਈ ਸਰਕਾਰ ਨੂੰ ਅਪੀਲ ਕੀਤੀ ਹੈ।
Comments