ਦਿਨ-ਦਿਹਾੜੇ ਮੋਟਰਸਾਈਕਲ 'ਤੇ ਮੂੰਹ ਬੰਨ੍ਹ ਕੇ ਆਏ ਬੰਦੇ ਕਰ ਗਏ ਵੱਡਾ ਕਾਂਡ
- bhagattanya93
- Jul 9
- 1 min read
09/07/2025

ਇੱਕ ਪਰਵਾਸੀ ਮਹਿਲਾ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਉਸਦੀ ਲਾਸ਼ ਬੋਰੇ ਵਿੱਚ ਪਾ ਕੇ ਆਰਤੀ ਚੌਂਕ ਵਿੱਚ ਸੁੱਟ ਦਿੱਤੀ ਗਈ। ਬੁੱਧਵਾਰ ਸਵੇਰੇ 10 ਵਜੇ ਦੇ ਕਰੀਬ ਵਾਪਰੀ ਇਸ ਸਨਸਨੀਖੇਜ਼ ਵਾਰਦਾਤ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਜਾਣਕਾਰੀ ਦਿੰਦਿਆਂ ਥਾਣਾ ਡਿਵੀਜ਼ਨ ਨੰਬਰ ਅੱਠ ਦੇ ਇੰਚਾਰਜ ਨੇ ਦੱਸਿਆ ਕਿ ਸਵੇਰ ਵੇਲੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਮੋਟਰਸਾਈਕਲ ਸਵਾਰ ਇੱਕ ਵਿਅਕਤੀ ਨੇ ਆਰਤੀ ਚੌਂਕ ਦੇ ਪੁੱਲ ਦੇ ਹੇਠਾਂ ਇੱਕ ਭਾਰੀ ਭਰਕਮ ਬੋਰਾ ਸੁੱਟਿਆ ਹੈ। ਬੋਰਾ ਸੁੱਟਣ ਦੇ ਕੁਝ ਸਮੇਂ ਬਾਅਦ ਹੀ ਉਕਤ ਵਿਅਕਤੀ ਬੋਰਾ ਚੁੱਕਣ ਲਈ ਵਾਪਸ ਆ ਗਿਆ। ਸ਼ੱਕ ਪੈਣ ਤੇ ਲੋਕਾਂ ਨੇ ਜਦ ਉਸ ਕੋਲੋਂ ਪੁੱਛਗਿੱਛ ਕਰਨੀ ਚਾਹੀ ਤਾਂ ਉਸਨੇ ਆਖਿਆ ਕਿ ਬੋਰੇ ਵਿੱਚ ਕੁੱਤੇ ਦੀ ਲਾਸ਼ ਹੈ।

ਲੋਕਾਂ ਦਾ ਵਿਰੋਧ ਦੇਖਦੇ ਹੋਏ ਮੋਟਰਸਾਈਕਲ ਸਵਾਰ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ। ਜਾਣਕਾਰੀ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ ਅੱਠ ਦੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ। ਪੁਲਿਸ ਵੱਲੋਂ ਬੋਰਾ ਖੋਲਦੇ ਹੀ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਬੋਰੇ ਵਿੱਚ ਇੱਕ 35 ਕੁ ਸਾਲਾਂ ਔਰਤ ਦੀ ਲਾਸ਼ ਸੀ। ਥਾਣਾ ਡਿਵੀਜ਼ਨ ਨੰਬਰ ਅੱਠ ਦੇ ਇੰਚਾਰਜ ਨੇ ਦੱਸਿਆ ਕਿ ਮ੍ਰਿਤਕ ਮਹਿਲਾ ਪ੍ਰਵਾਸੀ ਜਾਪਦੀ ਹੈ।ਮ੍ਰਿਤਕਾ ਦੇ ਨੱਕ ਚੋਂ ਖੂਨ ਨਿਕਲ ਰਿਹਾ ਸੀ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ਰਖਵਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣ ਵਿੱਚ ਇਹ ਜੁੱਟ ਗਈ ਹੈ।





Comments