ਦਿੱਲੀ ਸਮੇਤ ਉੱਤਰੀ ਭਾਰਤ ਦੇ ਕਈ ਸੂਬਿਆਂ 'ਚ ਬਾਰਿਸ਼ ਦਾ ਅਲਰਟ, ਪਹਾੜਾਂ 'ਤੇ ਤੇਜ਼ ਬਾਰਿਸ਼ ਕਾਰਨ ਜ਼ਮੀਨ ਖਿਸਕੀ; ਪੰਜਾਬ 'ਚ ਅੱਜ ਪੁੱਜੇਗਾ ਮੌਨਸੂਨ
- bhagattanya93
- Jun 22
- 3 min read
22/06/2025

ਉੱਤਰੀ ਭਾਰਤ ’ਚ ਮੌਨਸੂਨ ਦੀ ਆਹਟ ਨਾਲ ਗਰਮੀ ਤੋਂ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ। ਖ਼ਾਸ ਕਰ ਕੇ ਐੱਨਸੀਆਰ ’ਚ ਸ਼ਨਿੱਚਰਵਾਰ ਸ਼ਾਮ ਨੂੰ ਹਲਕੀ ਬਾਰਿਸ਼ ਹੋਈ। ਇਸ ਕਾਰਨ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਦੋ ਡਿਗਰੀ ਘੱਟ 34.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਲਗਾਤਾਰ ਬਦਲ ਰਹੇ ਮੌਸਮੀ ਹਾਲਾਤ ਦੌਰਾਨ ਦੋ ਦਿਨਾਂ ਦੇ ਅੰਦਰ ਦਿੱਲੀ 'ਚ ਮੌਨਸੂਨ ਦੇ ਦਸਤਕ ਦੇਣ ਦੀ ਸੰਭਾਵਨਾ ਹੈ।
ਉੱਤਰ ਭਾਰਤ 'ਚ ਭਾਰੀ ਬਾਰਿਸ਼ ਦਾ ਯੈਲੋ ਅਲਰਟ ਜਾਰੀ
ਮੌਸਮ ਵਿਭਾਗ ਮੁਤਾਬਕ, ਐਤਵਾਰ ਨੂੰ ਦਿੱਲੀ ਤੇ ਆਸਪਾਸ ਤੇਜ਼ ਬਾਰਿਸ਼ ਹੋਣ ਦਾ ਅਨੁਮਾਨ ਹੈ। ਇਸ ਨੂੰ ਧਿਆਨ ’ਚ ਰੱਖਦਿਆਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉੱਤਰਾਖੰਡ, ਹਿਮਾਚਲ ਤੇ ਜੰਮੂ ਵਿਚ ਬਾਰਿਸ਼ ਹੋਣ ਕਾਰਨ ਰਾਹਤ ਦੇ ਨਾਲ-ਨਾਲ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ। ਕੁਝ ਥਾਵਾਂ ’ਤੇ ਜ਼ਮੀਨ ਵੀ ਖਿਸਕੀ ਹੈ।
ਉੱਤਰਾਖੰਡ ਦੇ ਪਹਾੜੀ ਖੇਤਰਾਂ 'ਚ ਬੀਤੀ ਰਾਤ ਤੋਂ ਹੋ ਰਹੀ ਬਾਰਿਸ਼
ਮੌਸਮ ਵਿਭਾਗ ਵੱਲੋਂ ਐਤਵਾਰ ਨੂੰ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਹਰਿਆਣਾ, ਪੰਜਾਬ, ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ’ਚ ਭਾਰੀ ਬਾਰਿਸ਼ ਹੋਣ ਦੀ ਚਿਤਾਵਨੀ ਦੇ ਨਾਲ ਅਲਰਟ ਜਾਰੀ ਕੀਤਾ ਗਿਆ ਹੈ। ਉੱਤਰਾਖੰਡ ਦੇ ਪਹਾੜੀ ਖੇਤਰਾਂ ’ਚ ਬੀਤੀ ਰਾਤ ਤੋਂ ਬਾਰਿਸ਼ ਹੋ ਰਹੀ ਹੈ। ਪਿਥੌਰਾਗੜ੍ਹ ’ਚ ਚੀਨ ਦੀ ਸਰਹੱਦ ਨੂੰ ਜੋੜਨ ਵਾਲੇ ਨਵੇਂ ਬਣੇ ਮੁਨਸਿਆਰੀ-ਮਿਲਮ ਹਾਈਵੇ ’ਤੇ ਚੱਟਾਨ ਖਿਸਕਣ ਕਾਰਨ ਆਵਾਜਾਈ ਪ੍ਰਭਾਵਤ ਹੋਈ ਹੈ। ਰੁਦਰਪ੍ਰਯਾਗ ’ਚ ਗੌਰੀਕੁੰਡ ਨੇੜੇ ਜ਼ਮੀਨ ਖਿਸਕਣ ਕਾਰਨ ਚਾਰ ਘੰਟੇ ਲਈ ਆਵਾਜਾਈ ਰੁਕੀ ਰਹੀ। ਮੌਸਮ ਵਿਭਾਗ ਮੁਤਾਬਕ, ਦੇਹਰਾਦੂਨ-ਨੈਨੀਤਾਲ ਸਮੇਤ ਆਸਪਾਸ ਦੇ ਖੇਤਰਾਂ ’ਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
ਕਾਂਗੜਾ 'ਚ ਸਭ ਤੋਂ ਵੱਧ 87.8 ਮਿਲੀਮੀਟਰ ਬਾਰਿਸ਼
ਉੱਧਰ, ਹਿਮਾਚਲ ਵਿਚ ਸ਼ਨਿੱਚਰਵਾਰ ਨੂੰ ਕਾਂਗੜਾ ਸਮੇਤ ਹੋਰਨਾਂ ਖੇਤਰਾਂ ’ਚ ਭਾਰੀ ਬਾਰਿਸ਼ ਹੋਈ। ਹਿਮਾਚਲ ਦੀ ਲਾਹੁਲ ਘਾਟੀ ਵਿਚ ਸਥਿਤ ਜਾਹਲਮਾ ਨਾਲੇ ’ਚ ਹੜ੍ਹ ਨਾਲ ਮਲਬਾ ਰੁੜ੍ਹ ਕੇ ਆ ਗਿਆ ਜਿਸ ਨਾਲ ਕਾਫੀ ਨੁਕਸਾਨ ਹੋਇਆ। ਕਿਨੌਰ ਜ਼ਿਲ੍ਹੇ ਦੇ ਚਾਰੰਗ ਪਿੰਡ ਨੇੜੇ ਰੰਗਰੀਕ ਖੱਡ ਵਿਚ ਪਾਣੀ ਦਾ ਵਹਾਅ ਵਧਣ ਕਾਰਨ ਪਾਣੀ ਅਤੇ ਮਲਬਾ ਨੇੜਲੇ ਮੰਦਰ ਤੇ ਖੇਤਾਂ ’ਚ ਵੜ ਗਿਆ। ਚਾਰੰਗ ਖੇਤਰ ਦੇ ਉੱਪਰ ਪਹਾੜ ’ਤੇ ਗਲੇਸ਼ੀਅਰ ਪਿਘਲਣ ਨਾਲ ਇਹ ਨੁਕਸਾਨ ਹੋਇਆ। 24 ਘੰਟਿਆਂ ’ਚ ਕਾਂਗੜਾ ਵਿਚ ਸਭ ਤੋਂ ਜ਼ਿਆਦਾ 87.8 ਮਿਲੀਮੀਟਰ ਬਾਰਿਸ਼ ਹੋਈ ਹੈ। ਮੌਸਮ ਵਿਭਾਗ ਨੇ 22 ਜੂਨ ਨੂੰ ਭਾਰੀ ਬਾਰਿਸ਼ ਦੀ ਸੰਭਾਵਨਾ ਪ੍ਰਗਟਾਈ ਹੈ।
ਰਾਜਸਥਾਨ ’ਚ ਤੇਜ਼ ਬਾਰਿਸ਼ ਨਾਲ ਜਨਜੀਵਨ ਪ੍ਰਭਾਵਤ
ਰਾਜਸਥਾਨ ’ਚ ਵੀ ਮੌਨਸੂਨ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ। ਸ਼ਨਿੱਚਰਵਾਰ ਨੂੰ ਦਿਨ ਭਰ ਸੂਬੇ ’ਚ ਬਾਰਿਸ਼ ਹੁੰਦੀ ਰਹੀ। ਮੌਸਮ ਵਿਭਾਗ ਨੇ ਅਗਲੇ ਪੰਜ ਦਿਨਾਂ ਲਈ ਪੂਰਬੀ ਰਾਜਸਥਾਨ ਵਿਚ ਅਤਿ ਭਾਰੀ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਹੈ। ਤੇਜ਼ ਬਾਰਿਸ਼ ਕਾਰਨ ਸੂਬੇ ਦੇ ਵੱਖ-ਵੱਖ ਹਿੱਸਿਆਂ ’ਚ ਹਾਦਸੇ ਵੀ ਹੋ ਰਹੇ ਹਨ। ਜੈਪੁਰ ਮੌਸਮ ਵਿਗਿਆਨ ਕੇਂਦਰ ਮੁਤਾਬਕ, ਸੂਬੇ ’ਚ ਹੁਣ ਤੱਕ ਆਮ ਨਾਲੋਂ 90 ਫ਼ੀਸਦੀ ਬਾਰਿਸ਼ ਹੋ ਚੁੱਕੀ ਹੈ। ਸ਼ਨਿੱਚਰਵਾਰ ਨੂੰ ਜੋਧਪੁਰ ਵਿਚ ਤੇਜ਼ ਬਾਰਿਸ਼ ਦੌਰਾਨ ਪੁਲੀ ਤੋਂ ਤਿਲਕ ਕੇ ਇਕ ਕਾਰ ਪੰਜ ਫੁੱਟ ਡੂੰਘੇ ਨਾਲੇ ਵਿਚ ਜਾ ਡਿੱਗੀ ਜਿਸ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ।
ਜੰਮੂ ’ਚ ਬਾਰਿਸ਼ ਨਾਲ ਰਾਹਤ, ਕਸ਼ਮੀਰ ’ਚ ਤੇਜ਼ ਗਰਮੀ
ਜੰਮੂ ਦੇ ਮੈਦਾਨੀ ਇਲਾਕਿਆਂ ’ਚ ਬਾਰਿਸ਼ ਹੋਣ ਨਾਲ ਗਰਮੀ ਤੋਂ ਰਾਹਤ ਮਿਲੀ ਹੈ, ਜਦਕਿ ਕਸ਼ਮੀਰ ਦੇ ਬਹੁਤ ਸਾਰੇ ਇਲਾਕਿਆਂ ’ਚ ਝੁਲਸਾਉਣ ਵਾਲੀ ਗਰਮੀ ਲੋਕਾਂ ਨੂੰ ਬੇਹਾਲ ਕਰ ਰਹੀ ਹੈ। ਜੰਮੂ ਖੇਤਰ ’ਚ ਸ਼ੁੱਕਰਵਾਰ ਰਾਤ ਹੋਈ ਬਾਰਿਸ਼ ਕਾਰਨ ਨਦੀਆਂ-ਨਾਲਿਆਂ ’ਚ ਪਾਣੀ ਦਾ ਪੱਧਰ ਵੀ ਵਧਣ ਲੱਗਾ ਹੈ। ਸ਼੍ਰੀਨਗਰ ’ਚ ਸ਼ੁੱਕਰਵਾਰ ਰਾਤ ਘੱਟ ਤੋਂ ਘੱਟ ਤਾਪਮਾਨ 23.2 ਡਿਗਰੀ ਰਿਹਾ। ਮੌਸਮ ਵਿਭਾਗ ਮੁਤਾਬਕ, ਪਿਛਲੇ 35 ਸਾਲਾਂ ’ਚ ਇਹ ਚੌਥੀ ਵਾਰੀ ਹੈ ਜਦੋਂ ਸ਼੍ਰੀਨਗਰ ’ਚ ਘੱਟ ਤੋਂ ਘੱਟ ਤਾਪਮਾਨ ਵਿਚ ਇੰਨਾ ਵਾਧਾ ਹੋਇਆ ਹੈ। ਵਿਭਾਗ ਨੇ 27 ਜੂਨ ਤੱਕ ਵਾਦੀ ’ਚ ਮੌਸਮ ਦੇ ਮਿਜ਼ਾਜ ਤਿੱਖੇ ਬਣੇ ਰਹਿਣ ਅਤੇ ਇਸ ਦੌਰਾਨ ਬਹੁਤ ਸਾਰੇ ਇਲਾਕਿਆਂ ’ਚ ਹਲਕੀ ਤੋਂ ਸਧਾਰਨ ਦਰਜੇ ਦੀ ਬਾਰਿਸ਼ ਦੀ ਸੰਭਾਵਨਾ ਪ੍ਰਗਟਾਈ ਹੈ।
ਪੰਜਾਬ ’ਚ ਅੱਜ ਪੁੱਜ ਸਕਦੈ ਮੌਨਸੂਨ, ਭਾਰੀ ਬਾਰਿਸ਼ ਦਾ ਆਰੇਂਜ ਅਲਰਟ ਜਾਰੀ
ਪੰਜਾਬ ’ਚ ਐਤਵਾਰ ਨੂੰ ਮੌਨਸੂਨ ਦੀ ਆਮਦ ਹੋ ਸਕਦੀ ਹੈ। ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ, ਸੂਬੇ ’ਚ ਭਾਰੀ ਬਾਰਿਸ਼ ਹੋਣ ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। 23 ਤੇ 25 ਜੂਨ ਨੂੰ ਵੀ ਕੁਝ ਜ਼ਿਲ੍ਹਿਆਂ ’ਚ ਭਾਰੀ ਬਾਰਿਸ਼ ਹੋਣ ਦੇ ਆਸਾਰ ਹਨ। 26 ਤੇ 27 ਜੂਨ ਨੂੰ ਕੁਝ ਹਿੱਸਿਆਂ 'ਚ ਹਲਕੀ ਬਾਰਿਸ਼ ਹੋ ਸਕਦੀ ਹੈ। ਸ਼ਨਿੱਚਰਵਾਰ ਨੂੰ ਪਠਾਨਕੋਟ, ਅੰਮ੍ਰਿਤਸਰ, ਗੁਰਦਾਸਪੁਰ, ਚੰਡੀਗੜ੍ਹ ਤੇ ਰੋਪੜ ’ਚ ਹਲਕੀ ਬਾਰਿਸ਼ ਹੋਈ। ਹੋਰਨਾਂ ਜ਼ਿਲ੍ਹਿਆਂ ’ਚ ਦਿਨ ਭਰ ਬੱਦਲ ਛਾਏ ਰਹੇ। ਮੌਸਮ ’ਚ ਬਦਲਾਅ ਕਾਰਨ ਵੱਧ ਤੋਂ ਵੱਧ ਤਾਪਮਾਨ ਵਿਚ ਵੀ ਗਿਰਾਵਟ ਦਰਜ ਕੀਤੀ ਗਈ। ਸੂਬੇ ’ਚ ਵੱਧ ਤੋਂ ਵੱਧ ਤਾਪਮਾਨ 33 ਤੋਂ 38 ਡਿਗਰੀ ਸੈਲਸੀਅਸ ਵਿਚਕਾਰ ਰਿਹਾ। ਪਠਾਨਕੋਟ ’ਚ ਵੱਧ ਤੋਂ ਵੱਧ ਤਾਪਮਾਨ 30, ਐੱਸਬੀਐੱਸ ਨਗਰ, ਹੁਸ਼ਿਆਰਪੁਰ ਤੇ ਰੂਪਨਗਰ ’ਚ 33, ਜਲੰਧਰ ’ਚ 34 ਅਤੇ ਲੁਧਿਆਣਾ ’ਚ 34.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ





Comments