PM ਮੋਦੀ ਨੂੰ ਜਾਨੋਂ ਮਾਰਨ ਦਾ ਮੈਸੇਜ ਭੇਜਣ ਵਾਲਾ ਅਜਮੇਰ ਤੋਂ ਗ੍ਰਿਫ਼ਤਾਰ,ਮੁੰਬਈ ਪੁਲਿਸ ਨੂੰ ਵ੍ਹਟਸਐਪ ’ਤੇ ਭੇਜਿਆ ਸੀ ਸੰਦੇਸ਼
- Dec 8, 2024
- 1 min read
08/12/2024

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਨੋਂ ਮਾਰਨ ਦਾ ਸੰਦੇਸ਼ ਭੇਜਣ ਵਾਲੇ ਮੁਲਜ਼ਮ ਮਿਰਜ਼ਾ ਨਦੀਮ ਬੇਗ਼ ਨੂੰ ਪੁਲਿਸ ਨੇ ਰਾਜਸਥਾਨ ਦੇ ਅਜਮੇਰ ਵਿੱਚੋਂ ਫੜ ਲਿਆ ਹੈ। ਮੁਲਜ਼ਮ ਪਾਲਨਪੁਰ ਸਥਿਤ ਪ੍ਰਾਈਵੇਟ ਕੰਪਨੀ ਦਾ ਮੁਲਾਜ਼ਮ ਹੈ। ਅਜਮੇਰ ਏਟੀਐੱਸ ਦੇ ਵਧੀਕ ਪੁਲਿਸ ਸੁਪਰਡੈਂਟ ਨਰੇਂਦਰ ਪ੍ਰਤਾਪ ਸਿੰਘ ਨੇ ਦੱਸਿਆ ਹੈ ਕਿ ਨਦੀਮ ਨੇ ਮਹਾਰਾਸ਼ਟਰ ਦੇ ਗੋਵੰਡੀ ਥਾਣੇ ਵਿਚ ਵ੍ਹਟਸਐਪ ’ਤੇ ਮੈਸੇਜ ਘੱਲ ਕੇ ਕਿਹਾ ਕਿ ਉਸ ਦੀ ਕੰਪਨੀ ਦਾ ਮਾਲਕ, ਜੋ ਕਿ ਧਨਬਾਦ ਵਿਚ ਹਥਿਆਰਾਂ ਦਾ ਕਾਰਖ਼ਾਨਾ ਚਲਾ ਰਿਹਾ ਹੈ, ਰੇਲ ਗੱਡੀ ਵਿਚ ਧਮਾਕੇ ਤੇ ਪੀਐੱਮ ਮੋਦੀ ਦੇ ਕਤਲ ਦੀ ਸਾਜ਼ਿਸ਼ ਰਚ ਰਿਹਾ ਹੈ। ਪੁਲਿਸ ਮੁਤਾਬਕ ਬੇਗ ਵੀ ਧਨਬਾਦ ਦਾ ਰਹਿਣ ਵਾਲਾ ਹੈ। ਕੰਪਨੀ ਦੇ ਮਾਲਕ ਨਾਲ ਉਸ ਦਾ ਝਗੜਾ ਪਿਆ ਸੀ। ਇਸ ਕਾਰਨ ਉਹ ਮਾਲਕ ਨੂੰ ਫਸਾਉਣ ਦੀ ਨੀਅਤ ਨਾਲ ਮੈਸੇਜ ਭੇਜ ਕੇ ਰੇਲ ਗੱਡੀ ਤੋਂ ਧਨਬਾਦ ਸਥਿਤ ਆਪਣੇ ਪਿੰਡ ਲਈ ਫ਼ਰਾਰ ਹੋ ਰਿਹਾ ਸੀ। ਅਜਮੇਰ ਦੀ ਐੱਸਪੀ ਵੰਦਿਤਾ ਨੇ ਦੱਸਿਆ ਕਿ ਮੁੰਬਈ ਪੁਲਿਸ ਦੀ ਸੂਚਨਾ ’ਤੇ ਨਦੀਮ ਨੂੰ ਅਜਮੇਰ ਰੇਲਵੇ ਸਟੇਸ਼ਨ ਦੇ ਬਾਹਰੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਮੁੰਬਈ ਟ੍ਰੈਫਿਕ ਪੁਲਿਸ ਦੇ ਹੈਲਪਲਾਈਨ ਨੰਬਰ ’ਤੇ ਸ਼ਨਿੱਚਵਾਰ ਨੂੰ ਵ੍ਹਟਸਐਪ ਮੈਸੇਜ ਮਿਲਿਆ ਸੀ। ਇਸ ਵਿਚ ਮੋਦੀ ਨੂੰ ਨਿਸ਼ਾਨਾ ਬਣਾ ਕੇ ਬੰਬ ਧਮਾਕਾ ਕਰਨ ਦੀ ਸਾਜ਼ਿਸ਼ ਬਾਰੇ ਦੱਸਿਆ ਗਿਆ ਸੀ। ਮੈਸੇਜ ਵਿਚ ਦੋ ਆਈਐੱਸਆਈ ਏਜੰਟਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਸ ਵਿਅਕਤੀ ਨੂੰ ਅਜਮੇਰ ਤੋਂ ਫੜਿਆ ਗਿਆ ਹੈ। ਭਾਰਤੀ ਨਿਆਂ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ। ਮੁੰਬਈ ਟ੍ਰੈਫਿਕ ਪੁਲਿਸ ਦੀ ਹੈਲਪਲਾਈਨ ਨੂੰ ਪਹਿਲਾਂ ਵੀ ਕਈ ਵਾਰ ਫ਼ਰਜ਼ੀ ਧਮਕੀ ਵਾਲੇ ਸੰਦੇਸ਼ ਮਿਲਦੇ ਰਹੇ ਹਨ।





Comments