ਧੁੰਦ ਦੀ ਚਾਦਰ ’ਚ ਲਿਪਟਿਆ ਰਿਹਾ ਪੰਜਾਬ, ਦ੍ਰਿਸ਼ਤਾ ਹੱਦ 15 ਮੀਟਰ ਤੱਕ ਰਹੀ, ਧੁੰਦ ’ਚ ਕਈ ਥਾਵਾਂ ’ਤੇ ਵਾਹਨ ਆਪਸ ’ਚ ਟਕਰਾਏ
- bhagattanya93
- Dec 26, 2023
- 1 min read
26/12/2023
ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਹੁਸ਼ਿਆਰਪੁਰ ਤੇ ਪਠਾਨਕੋਟ ਸਮੇਤ ਸੂਬੇ ਦੇ ਕਈ ਜ਼ਿਲ੍ਹੇ ਐਤਵਾਰ ਰਾਤ ਤੇ ਸੋਮਵਾਰ ਸਵੇਰੇ ਸੰਘਣੀ ਧੁੰਦ ਦੀ ਚਾਦਰ ’ਚ ਲਿਪਟੇ ਰਹੇ। ਕਈ ਜ਼ਿਲ੍ਹਿਆਂ ’ਚ ਸਵੇਰੇ ਸਾਢੇ ਨੌਂ ਵਜੇ ਤੱਕ ਦ੍ਰਿਸ਼ਤਾ 15 ਮੀਟਰ ਤੱਕ ਰਹੀ, ਇਸ ਨਾਲ ਵਾਹਨ ਚਾਲਕਾਂ ਨੂੰ ਕਾਫ਼ੀ ਪਰੇਸ਼ਾਨੀ ਹੋਈ। ਵਾਹਨ ਰੇਂਗਦੇ ਹੋਏ ਚੱਲ ਰਹੇ ਸਨ। ਦੁਪਹਿਰ ਸਮੇਂ ਧੁੱਪ ਖਿੜ ਗਈ। ਤਾਪਮਾਨ ਡਿੱਗਣ ਨਾਲ ਠੰਢ ਵੀ ਜ਼ਿਆਦਾ ਰਹੀ। ਗੁਰਦਾਸਪੁਰ ’ਚ ਸਭ ਤੋਂ ਘੱਟ 5.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
ਧੁੰਦ ’ਚ ਟਕਰਾਏ ਕਈ ਵਾਹਨ, ਇਕ ਦੀ ਮੌਤ
ਧੁੰਦ ’ਚ ਕਈ ਥਾਵਾਂ ’ਤੇ ਵਾਹਨ ਆਪਸ ’ਚ ਟਕਰਾਏ, ਜਿਸ ਨਾਲ ਕਈ ਲੋਕ ਜ਼ਖ਼ਮੀ ਹੋ ਗਏ। ਜਲੰਧਰ ’ਚ ਲੁਧਿਆਣਾ ਨੈਸ਼ਨਲ ਹਾਈਵੇ ’ਤੇ ਧੰਨੋਵਾਲੀ ਫਾਟਕ ਦੇ ਸਾਹਮਣੇ ਸੋਮਵਾਰ ਸਵੇਰੇ ਸੰਘਣੀ ਧੁੰਦ ’ਚ ਇਕ ਤੋਜ਼ ਰਫ਼ਤਾਰ ਬਰੇਜ਼ਾ ਕਾਰ ਨੇ ਪਿਕਅਪ ਵਾਹਨ ਨੂੰ ਟੱਕਰ ਮਾਰ ਦਿੱਤੀ। ਪਿੰਡ ਬਡਿੰਗ ਨੇੜੇ ਸਵੇਰੇ ਦਸ ਵਜੇ ਹੋਏ ਹਾਦਸੇ ’ਚ ਪਿਕਅਪ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਅੰਮ੍ਰਿਤਸਰ ਦੇ ਬਿਆਸ ਪੁਲ ’ਤੇ ਦਸ ਵਾਹਨ ਆਪਸ ’ਚ ਟਕਰਾਅ ਗਏ। ਇਸ ਦੌਰਾਨ ਸੀਮੰਟ ਦੀਆਂ ਬੋਰੀਆਂ ਨਾਲ ਲੱਦਿਆ ਇਕ ਟਰੱਕ ਪੁਲ ਦੇ ਹੇਠਾਂ ਜਾ ਡਿੱਗਿਆ। ਹਾਲਾਂਕਿ ਟਰੱਕ ਟਾਲਕ ਨੂੰ ਮਾਮੂਲੀ ਸੱਟਾਂ ਲੱਗੀਆਂ। ਹਾਦਸੇ ਕਾਰਨ ਬਿਆਸ ਪੁਲ ’ਤੇ ਕਰੀਬ ਇਕ ਘੰਟੇ ਤੱਕ ਟ੍ਰੈਫਿਕ ਜਾਮ ਰਿਹਾ। ਉੱਥੇ ਹੀ ਮੋਗਾ ’ਚ ਸੰਘਣੀ ਧੁੰਦ ’ਚ ਲੋਹਾਰਾ ਦੇ ਨੇੜੇ ਚਾਰ ਵਾਹਨ ਇਕ-ਦੂਜੇ ਨਾਲ ਟਕਰਾਏ। ਇਸ ਦੌਰਾਨ ਦੋ ਲੋਕ ਗੰਭੀਰ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ ਜਲੰਧਰ ’ਚ ਹੀ ਧੁੰਦ ’ਚ ਚਾਰ ਵਾਹਨ ਟਕਰਾਏ।
ਲੁਧਿਆਣਾ-ਦਿੱਲੀ ਫਲਾਈਟ 31 ਜਨਵਰੀ ਤੱਕ ਮੁਲਤਵੀ
ਲੁਧਿਆਣਾ ਤੋਂ ਦਿੱਲੀ ਲਈ ਸ਼ੁਰੂ ਕੀਤੀ ਗਈ ਫਲਾਈ ਕਈ ਦਿਨਾਂ ਤੱਕ ਵਾਰ-ਵਾਰ ਰੱਦ ਹੋਣ ਤੋਂ ਬਾਅਦ ਹੁਣ 31 ਜਨਵਰੀ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਇਸ ਲਈ ਧੁੰਦ ਕਾਰਨ ਘੱਟ ਹੁੰਦੀ ਦ੍ਰਿਸ਼ਤਾ ਨੂੰ ਅਹਿਮ ਕਾਰਨ ਦੱਸਿਆ ਜਾ ਰਿਹਾ ਹੈ।
Comments