ਨਹਿਰ 'ਚ ਨਹਾਉਣ ਗਿਆ 15 ਸਾਲਾ ਨੌਜਵਾਨ ਡੁੱਬਿਆ, ਗੋਤਾਖੋਰ ਕਰ ਰਹੇ ਭਾਲ; ਪਾਣੀ ਰੋਕਣ ਦੇ ਬਾਵਜੂਦ ਅਜੇ ਤਕ ਨਹੀਂ ਲੱਗਿਆ ਕੋਈ ਸੁਰਾਗ
- bhagattanya93
- 8 hours ago
- 1 min read
23/05/2025

ਕਸਬਾ ਧਾਰੀਵਾਲ ਸ਼ਹਿਰ 'ਚ ਨਹਿਰ 'ਚ ਨਹਾਉਣ ਗਿਆ 15 ਸਾਲਾ ਲੜਕਾ ਲੋਹੇ ਦੇ ਪੁਲ਼ ਨੇੜੇ ਡੁੱਬ ਗਿਆ। ਉਹ ਆਪਣੇ ਦੋਸਤਾਂ ਨਾਲ ਨਹਾਉਣ ਆਇਆ ਸੀ। ਜਦੋਂ ਪਰਿਵਾਰਕ ਮੈਂਬਰਾਂ ਨੂੰ ਘਟਨਾ ਬਾਰੇ ਪਤਾ ਲੱਗਿਆ ਤਾਂ ਉਹ ਤੁਰੰਤ ਨਹਿਰ 'ਤੇ ਪਹੁੰਚੇ। ਨੌਜਵਾਨ ਦੀ ਪਛਾਣ ਸਾਗਰ ਨਿਵਾਸੀ ਪਿੰਡ ਕੰਗ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਪਿੰਡ ਦੀ ਪੰਚਾਇਤ ਨੇ ਪੁਲਿਸ ਨਾਲ ਸੰਪਰਕ ਕੀਤਾ ਤੇ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਪੁਲਿਸ ਪ੍ਰਸ਼ਾਸਨ ਨੇ ਨਹਿਰ 'ਚ ਪਾਣੀ ਘਟਾ ਦਿੱਤਾ ਹੈ। ਰਾਜੀਵ ਗਾਂਧੀ ਕਾਲੋਨੀ 'ਚ ਰਹਿਣ ਵਾਲੇ ਕੁਝ ਪੇਸ਼ੇਵਰ ਗੋਤਾਖੋਰ ਨੌਜਵਾਨ ਦੀ ਭਾਲ ਕਰ ਰਹੇ ਹਨ, ਪਰ ਅਜੇ ਤਕ ਕੁਝ ਨਹੀਂ ਮਿਲਿਆ।
ਸਾਗਰ ਦੀ ਭੈਣ ਸ਼ਿਖਾ ਨੇ ਦੱਸਿਆ ਕਿ ਉਸ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਪਿਤਾ ਜੀ ਤਾਂ ਗੱਲ ਵੀ ਨਹੀਂ ਕਰ ਪਾ ਰਹੇ। ਨੌਜਵਾਨ ਦੇ ਚਾਚਾ ਮਦਨ ਲਾਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਨਹਿਰਾਂ 'ਚ ਨਹਾਉਣ ਲਈ ਨਾ ਭੇਜਣ। ਹਾਦਸਾ ਕਿਸੇ ਵੀ ਸਮੇਂ ਵਾਪਰ ਸਕਦਾ ਹੈ। ਗੋਤਾਖੋਰ ਮਨੀਸ਼ ਨੇ ਦੱਸਿਆ ਕਿ ਉਨ੍ਹਾਂ ਨੌਜਵਾਨ ਦੀ ਬਹੁਤ ਤਲਾਸ਼ ਕੀਤੀ, ਪਰ ਕੁਝ ਨਹੀਂ ਮਿਲਿਆ। ਲੱਗਦਾ ਹੈ ਕਿ ਸਾਗਰ ਤੇਜ਼ ਵਹਾਅ ਨਾਲ ਵਹਿ ਗਿਆ ਹੈ। ਉਨ੍ਹਾਂ ਕਿਹਾ ਕਿ ਜਿਸ ਨੂੰ ਤੈਰਨਾ ਨਹੀਂ ਆਉਂਦਾ, ਉਸਨੂੰ ਪਾਣੀ 'ਚ ਉਤਰਨ ਦੀ ਗਲਤੀ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਨਹਿਰ ਬਹੁਤ ਡੂੰਘੀ ਹੈ। ਇਸ ਦੇ ਨਾਲ ਹੀ ਰਿਸ਼ਤੇਦਾਰਾਂ ਨੇ ਸਾਗਰ ਦੀ ਭਾਲ ਲਈ ਸਮਾਜਿਕ ਸੰਗਠਨਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਦਦ ਦੀ ਅਪੀਲ ਕੀਤੀ ਹੈ।
Comments