ਪਿਓ ਖਾਤਰ ਮਗਰਮੱਛ ਨਾਲ ਭਿੜਿਆ 10 ਸਾਲਾ ਪੁੱਤਰ, ਮਗਰਮੱਛ ਦੇ ਮੂੰਹ ’ਤੇ ਡੰਡੇ ਨਾਲ ਕਰਦਾ ਰਿਹਾ ਹਮਲੇ
- Ludhiana Plus
- Jul 27
- 1 min read
27/07/2025

ਚੰਬਲ ਨਦੀ ਦੇ ਕੰਢੇ ’ਤੇ 10 ਸਾਲਾ ਬੱਚਾ ਆਪਣੇ ਪਿਤਾ ਨੂੰ ਬਚਾਉਣ ਲਈ ਮਗਰਮੱਛ ਨਾਲ ਭਿੜ ਗਿਆ। ਮਗਰਮੱਛ ਨੇ ਪਿਤਾ ਦਾ ਪੈਰ ਆਪਣੇ ਜਬਾੜੇ ’ਚ ਦੱਬ ਲਿਆ ਤੇ ਖਿੱਚਣ ਲੱਗਾ। ਇਹ ਦੇਖ ਕੇ ਬੱਚੇ ਨਾਲ ਡੰਡਾ ਚੁੱਕਿਆ ਤੇ ਮਗਰਮੱਛ ਨਾਲ ਮੁਕਾਬਲਾ ਸ਼ੁਰੂ ਕਰ ਦਿੱਤਾ। ਉਸਦੇ ਮੂੰਹ ’ਤੇ ਡੰਡੇ ਨਾਲ ਉਦੋਂ ਤੱਕ ਹਮਲਾ ਕਰਦਾ ਰਿਹਾ, ਜਦੋਂ ਤੱਕ ਮਗਰਮੱਛ ਉਸਦੇ ਪਿਤਾ ਨੂੰ ਛੱਡ ਕੇ ਮੁੜ ਨਦੀ ’ਚ ਨਹੀਂ ਚਲਾ ਗਿਆ।
ਜਾਣਕਾਰੀ ਅਨੁਸਾਰ, 35 ਸਾਲਾ ਵੀਰਭਾਨ ਉਰਫ ਬੰਟੂ ਬੱਕਰੀ ਪਾਲਣ ਤੇ ਖੇਤੀਬਾੜੀ ਕਰਦਾ ਹੈ। ਸ਼ੁੱਕਰਵਾਰ ਦੀ ਦੁਪਹਿਰ ਨੂੰ ਉਹ ਆਪਣੇ ਬੱਚਿਆਂ ਅਵਨੀਸ਼, ਕਿਰਨ ਤੇ ਸੂਰਜ ਨਾਲ ਬੱਕਰੀਆਂ ਚਰਾਉਣ ਗਿਆ ਸੀ। ਅਚਾਨਕ ਇਕ ਮਗਰਮੱਛ ਨੇ ਵੀਰਭਾਨ ਦਾ ਪੈਰ ਆਪਣੇ ਜਬਾੜੇ ’ਚ ਦੱਬ ਲਿਆ ਤੇ ਨਦੀ ਵੱਲ ਖਿੱਚਣਾ ਸ਼ੁਰੂ ਕਰ ਦਿੱਤਾ। ਇਹ ਦੇਖ ਕੇ ਅਵਨੀਸ਼ ਨੇ ਤੁਰੰਤ ਡੰਡਾ ਚੁੱਕਿਆ ਤੇ ਮਗਰਮੱਛ ਦੇ ਮੂੰਹ ’ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਉਸਦੇ 15-20 ਵਾਰ ਡੰਡਾ ਮਾਰਨ ਨਾਲ ਮਗਰਮੱਛ ਨੇ ਵੀਰਭਾਨ ਨੂੰ ਛੱਡ ਦਿੱਤਾ ਤੇ ਨਦੀ ’ਚ ਵਾਪਸ ਚਲਾ ਗਿਆ। ਇਸ ਵਿਚਾਲੇ, ਕਿਰਨ ਤੇ ਸੂਰਜ ਰੋਂਦੇ ਹੋਏ ਪਿੰਡ ਵੱਲ ਭੱਜੇ। ਪਿੰਡਾ ਵਾਸੀਆਂ ਨੇ ਟ੍ਰੈਕਟਰ ’ਤੇ ਸਵਾਰ ਹੋ ਕੇ ਮੌਕੇ ’ਤੇ ਪਹੁੰਚ ਕੇ ਵੀਰਭਾਨ ਨੂੰ ਕਮਿਊਨਿਟੀ ਸਿਹਤ ਕੇਂਦਰ ’ਚ ਦਾਖ਼ਲ ਕਰਵਾਇਆ। ਸੀਐੱਚਸੀ ਸੁਪਰਡੈਂਟ ਡਾ. ਜਿਤੇਂਦਰ ਸ਼ਰਮਾ ਨੇ ਦੱਸਿਆ ਕਿ ਵੀਰਭਾਨ ਦਾ ਸੱਜਾ ਪੈਰ ਗੰਭੀਰ ਜ਼ਖ਼ਮੀ ਹੋ ਗਿਆ ਸੀ ਤੇ ਉਸ ਨੂੰ ਆਗਰਾ ਰੈਫਰ ਕਰ ਦਿੱਤਾ ਗਿਆ ਹੈ।
ਪ੍ਰਾਇਮਰੀ ਸਕੂਲ ’ਚ ਚੌਥੀ ਦੇ ਵਿਦਿਆਰਥੀ ਅਵਨੀਸ਼ ਨੇ ਕਿਹਾ ਕਿ ਜੇ ਉਹ ਪਿਤਾ ਦਾ ਸਾਥ ਨਾ ਦਿੰਦਾ ਤਾਂ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਸਨ। ਉਸਨੇ ਦੱਸਿਆ ਕਿ ਸ਼ੁਰੂ ’ਚ ਉਸ ਨੂੰ ਡਰ ਲੱਗਾ ਪਰ ਪਿਤਾ ਦੀ ਜਾਨ ਖ਼ਤਰੇ ’ਚ ਦੇਖ ਕੇ ਉਹ ਸਭ ਕੁਝ ਭੁੱਲ ਗਿਆ ਤੇ ਮਗਰਮੱਛ ਨਾਲ ਭਿੜ ਗਿਆ।





Comments