ਪੰਜਾਬ ’ਚ ਕਈ ਜ਼ਿਲ੍ਹਿਆਂ ’ਚ ਪਈ ਤੇਜ਼ ਬਾਰਿਸ਼, ਅਗਲੇ ਦੋ ਦਿਨ ਜ਼ੋਰਦਾਰ ਬਾਰਿਸ਼ ਦਾ ਅਲਰਟ ਜਾਰੀ
- bhagattanya93
- Jun 30
- 1 min read
30/06/2025

ਐਤਵਾਰ ਨੂੰ ਪੰਜਾਬ ’ਚ ਜ਼ੋਰਦਾਰ ਬਾਰਿਸ਼ ਹੋਈ ਤੇ ਚੰਡੀਗੜ੍ਹ ਵਿਚ ਇਕ ਦਿਨ ’ਚ ਰਿਕਾਰਡ 120 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਸ਼ਨਿਚਰਵਾਰ ਦੇਰ ਰਾਤ ਸ਼ੁਰੂ ਹੋਈ ਬਾਰਿਸ਼ ਐਤਵਾਰ ਸਵੇਰੇ ਅੱਠ ਵਜੇ ਤੱਕ ਰੁਕ-ਰੁਕ ਕੇ ਜਾਰੀ ਰਹੀ। ਇਸ ਤੋਂ ਇਲਾਵਾ ਸ਼ਾਮ ਵੇਲੇ ਵੀ ਕਈ ਜ਼ਿਲ੍ਹਿਆਂ ’ਚ ਬਾਰਿਸ਼ ਹੋਈ। ਮੌਸਮ ਵਿਭਾਗ ਮੁਤਾਬਕ, ਪਿਛਲੇ 50 ਸਾਲਾਂ ਦੌਰਾਨ ਚੰਡੀਗੜ੍ਹ ਵਿਚ ਜੂਨ ਮਹੀਨੇ ’ਚ ਇਕ ਦਿਨ ਵਿਚ ਇੰਨੀ ਜ਼ਿਆਦਾ ਬਾਰਿਸ਼ ਨਹੀਂ ਹੋਈ। ਇਸ ਤੋਂ ਪਹਿਲਾਂ ਚੰਡੀਗੜ੍ਹ ’ਚ ਸਾਲ 2013 ਵਿਚ 14 ਜੂਨ ਨੂੰ 92.4, 2017 ’ਚ 7 ਜੂਨ ਨੂੰ 61.5, 2018 ’ਚ 17 ਜੂਨ ਨੂੰ 66, 2020 ’ਚ ਇਕ ਜੂਨ ਨੂੰ 50.4, 2021 ’ਚ 12 ਜੂਨ ਨੂੰ 47.2 ਅਤੇ 2023 ’ਚ 23 ਜੂਨ ਨੂੰ 43.2 ਮਿਲੀਮੀਟਰ ਬਾਰਿਸ਼ ਹੋਈ ਸੀ।

ਮੌਸਮ ਵਿਭਾਗ ਦੀ ਪੇਸ਼ੀਨਗੋਈ ਮੁਤਾਬਕ, ਪੰਜਾਬ ਤੇ ਚੰਡੀਗੜ੍ਹ ’ਚ ਇਕ ਜੁਲਾਈ ਤੱਕ ਹਲਕੀ ਤੋਂ ਦਰਮਿਆਨੀ ਬਾਰਿਸ਼ ਦੇ ਨਾਲ ਕੁਝ ਥਾਵਾਂ ’ਤੇ ਜ਼ੋਰਦਾਰ ਬਾਰਿਸ਼ ਦਾ ਅਲਰਟ ਹੈ। ਐਤਵਾਰ ਨੂੰ ਫਿਰੋਜ਼ਪੁਰ ’ਚ 67.5 ਮਿਲੀਮੀਟਰ, ਰੂਪਨਗਰ ’ਚ 13, ਪਟਿਆਲਾ ’ਚ 25.4, ਪਠਾਨਕੋਟ ’ਚ 19.0, ਨਵਾਂਸ਼ਹਿਰ ’ਚ 18.2, ਅੰਮ੍ਰਿਤਸਰ ’ਚ 5 ਅਤੇ ਲੁਧਿਆਣਾ ’ਚ 3 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ।

ਸੂਬੇ ਦੇ ਕਈ ਜ਼ਿਲ੍ਹਿਆਂ ’ਚ ਵੱਧ ਤੋਂ ਵੱਧ ਤਾਪਮਾਨ ਵਿਚ ਛੇ ਤੋਂ ਅੱਠ ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ ਵਿਚ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ। ਵੱਧ ਤੋਂ ਵੱਧ ਤਾਪਮਾਨ 28 ਤੋਂ 33 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 22 ਤੋਂ 24 ਡਿਗਰੀ ਸੈਲਸੀਅਸ ਦਰਮਿਆਨ ਰਿਹਾ। ਚੰਡੀਗੜ੍ਹ ਵਿਚ ਵੱਧ ਤੋਂ ਵੱਧ ਤਾਪਮਾਨ 28 ਡਿਗਰੀ, ਪਟਿਆਲਾ ’ਚ 30.2, ਨਵਾਂਸ਼ਹਿਰ ’ਚ 28.6, ਰੂਪਨਗਰ ’ਚ 28, ਲੁਧਿਆਣਾ ’ਚ 32 ਅਤੇ ਅੰਮ੍ਰਿਤਸਰ ’ਚ 33.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਲੰਧਰ ਵਿਚ ਵੱਧ ਤੋਂ ਵੱਧ ਤਾਪਮਾਨ 32.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।





Comments