ਪੰਜਾਬ ’ਚ ਕੜਾਕੇ ਦੀ ਠੰਢ ਜਾਰੀ, 10 ਡਿਗਰੀ ਤੱਕ ਡਿੱਗਿਆ ਦਿਨ ਦਾ ਤਾਪਮਾਨ, ਜਾਣੋ ਮੌਸਮ ਦਾ ਤਾਜ਼ਾ ਹਾਲ
- bhagattanya93
- Jan 5, 2024
- 2 min read
05/01/2024
ਪੰਜਾਬ ’ਚ ਵੀਰਵਾਰ ਨੂੰ ਸੰਘਣੀ ਧੁੰਦ ਛਾਈ ਰਹੀ। ਤੇਜ਼ ਹਵਾ ਕਾਰਨ ਦਿਨ ਦੇ ਤਾਪਮਾਨ ’ਚ 10 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ। ਅੰਮ੍ਰਿਤਸਰ ਸਭ ਤੋਂ ਠੰਢਾ ਰਿਹਾ ਜਿੱਥੇ ਘੱਟੋ-ਘੱਟ ਤਾਪਮਾਨ 4.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਵੱਧ ਤੋਂ ਵੱਧ ਤਾਪਮਾਨ 11.4 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਅਨੁਸਾਰ ਸੂਬੇ ’ਚ ਸੱਤ ਜਨਵਰੀ ਤੱਕ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਅੱਠ ਜਨਵਰੀ ਤੋੋਂ ਗੜਬੜ ਵਾਲੀਆਂ ਪੱਛਮੀ ਪੌਣਾਂ ਦੇ ਸਰਗਰਮ ਹੋਣ ਕਾਰਨ ਕੁਝ ਜ਼ਿਲ੍ਹਿਆਂ ’ਚ ਹਲਕੀ ਬਾਰਿਸ਼ ਹੋ ਸਕਦੀ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਅਨੁਸਾਰ ਲੁਧਿਆਣੇ ’ਚ 53 ਸਾਲ ਬਾਅਦ ਜਨਵਰੀ ’ਚ ਚਾਰ ਦਿਨਾਂ ਦੌਰਾਨ ਦੂਜੀ ਵਾਰ ਦਿਨ ਦਾ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਘੱਟ ਦਰਜ ਕੀਤਾ ਗਿਆ। 1970 ਤੋਂ ਬਾਅਦ ਚਾਰ ਜਨਵਰੀ ਨੂੰ ਲੁਧਿਆਣੇ ’ਚ ਦਿਨ ਦਾ ਤਾਪਮਾਨ 9.6 ਡਿਗਰੀ ਸੈਲਸੀਅਸ ਰਿਹਾ। ਇਸ ਤੋਂ ਪਹਿਲਾਂ ਨਵੇਂ ਸਾਲ ਦੇ ਪਹਿਲੇ ਦਿਨ ਵੀ ਲੁਧਿਆਣੇ ਦਾ ਦਿਨ ਦਾ ਤਾਪਮਾਨ 9.5 ਡਿਗਰੀ ਸੈਲਸੀਅਸ ਰਿਹਾ ਸੀ। ਵੀਰਵਾਰ ਨੂੰ ਘੱਟ ਤੋਂ ਘੱਟ ਤਾਪਮਾਨ 5.6 ਡਿਗਰੀ ਸੈਲਸੀਅਸ ਰਿਹਾ। ਦਿਨ ਤੇ ਰਾਤ ਦੇ ਤਾਪਮਾਨ ’ਚ ਮਹਿਜ਼ ਚਾਰ ਡਿਗਰੀ ਸੈਲਸੀਅਸ ਦਾ ਫ਼ਰਕ ਰਿਹਾ। ਇਸੇ ਤਰ੍ਹਾਂ ਬਠਿੰਡੇ ਦਾ ਦਿਨ ਦਾ ਤਾਪਮਾਨ 13.4 ਡਿਗਰੀ ਤੇ ਰਾਤ ਦਾ 5.6 ਡਿਗਰੀ, ਫ਼ਰੀਦਕੋਟ ’ਚ ਦਿਨ ਦਾ ਤਾਪਮਾਨ 10 ਤੇ ਰਾਤ ਦਾ 6.8 ਡਿਗਰੀ, ਗੁਰਦਾਸਪੁਰ ਦਾ ਦਿਨ ਦਾ ਤਾਪਮਾਨ 10 ਡਿਗਰੀ ਤੇ ਰਾਤ ਦਾ 6 ਡਿਗਰੀ ਤੇ ਪਟਿਆਲੇ ਦਾ ਦਿਨ ਦਾ ਤਾਪਮਾਨ 10.5 ਤੇ ਰਾਤ ਦਾ ਤਾਪਮਾਨ 6.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਕਈ ਉਡਾਣਾਂ ਤੇ ਟਰੇਨਾਂ ਰੱਦ
ਉਧਰ ਧੁੰਦ ਕਾਰਨ ਸੜਕ, ਰੇਲ ਤੇ ਹਵਾਈ ਆਵਾਜਾਈ ਵੀ ਪ੍ਰਭਵਿਤ ਹੋਈ। ਵੀਰਵਾਰ ਸਵੇਰੇ ਦਿਸਣ ਹੱਦ ਸਿਫ਼ਰ ਹੋਣ ਕਾਰਨ ਅੰਮ੍ਰਿਤਸਰ ਹਵਾਈ ਅੱਡੇ ਤੋਂ ਸਿੰਗਾਪੁਰ, ਮਲੇਸ਼ੀਆ, ਦੁਬਈ, ਦਿੱਲੀ ਤੇ ਹੋਰਨਾਂ ਥਾਵਾਂ ਵੱਲ ਜਾਣ ਵਾਲੇ ਜਹਾਜ਼ਾਂ ਨੇ ਦੇਰ ਨਾਲ ਉਡਾਣ ਭਰੀ। ਮਲੇਸ਼ੀਆ ਦੀ ਫਲਾਈਟ ਢਾਈ ਘੱਟੇ ਪੱਛੜੀ। ਟਰੇਨਾਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ।
ਅੰਮ੍ਰਿਤਸਰ-ਜੈਨਗਰ ਐਕਸਪ੍ਰੈੱਸ ਰੱਦ ਕੀਤੀ ਗਈ। ਮਲੇਸ਼ੀਆ ਦੀ ਫਲਾਈਟ ਢਾਈ ਘੰਟੇ, ਦੁਬਈ ਦੀ ਦੋ ਘੰਟੇ, ਸ਼ਾਹਜਾਹ ਤੇ ਸਿੰਗਾਪੁਰ ਦੀ ਸਵਾ ਘੰਟਾ ਤੇ ਦਿੱਲੀ ਤੇ ਸ਼ਿਮਲੇ ਦੀਆਂ ਫਲਾਈਟਾਂ ਇਕ ਘੰਟਾ ਪੱਛੜੀਆਂ। ਦੂਜੇ ਪਾਸੇ ਧੁੰਦ ਕਾਰਨ ਸ਼ਾਨ-ਏ-ਪੰਜਾਬ ਗੱਡੀ ਆਪਣੇ ਨਿਰਧਾਰਤ ਸਮੇਂ ਤੋਂ 29 ਮਿੰਟ, ਆਮਰਪਾਲੀ ਐੱਕਸਪ੍ਰੈੱਸ ਕਰੀਬ ਦੋ ਘੰਟੇ ਦੇਰ ਨਾਲ ਰਵਾਨਾ ਹੋਈ। ਉਧਰ ਸ਼ੁੱਕਰਵਾਰ ਲਈ ਰਵਾਨਾ ਹੋਣ ਵਾਲੀ ਗੱਡੀ ਨੰਬਰ 04652 ਅੰਮ੍ਰਿਤਸਰ-ਜੈਨਗਰ ਰੱਦ ਕਰ ਦਿੱਤੀ ਗਈ ਹੈ। ਕਈ ਹੋਰ ਗੱਡੀਆਂ ਵੀ ਨਿਸ਼ਚਤ ਸਮੇਂ ਤੋਂ ਦੇਰ ਨਾਲ ਆ ਤੇ ਜਾ ਰਹੀਆਂ ਹਨ।






Comments