ਪੰਜਾਬ ’ਚ ਇਸ ਵਾਰ ਪੰਜ ਕੋਨਾ ਮੁਕਾਬਲੇ ਦੇ ਆਸਾਰ, ਬਹੁਜਨ ਸਮਾਜ ਪਾਰਟੀ ਵਿਗਾੜ ਸਕਦੀ ਹੈ ਸਿਆਸੀ ਗਣਿਤ
- bhagattanya93
- Apr 5, 2024
- 2 min read
05/04/2024
ਪੰਜਾਬ ਦੀ ਸਿਆਸੀ ਜ਼ਮੀਨ ’ਤੇ ਲੋਕ ਸਭਾ ਚੋਣਾਂ ’ਚ ਪਹਿਲੀ ਵਾਰ ਸਿਆਸੀ ਪਾਰਟੀਆਂ ਦਾ ਗਠਜੋੜ ਨਾ ਹੋਣ ਕਰਕੇ ਪੰਜ ਕੋਨਾ ਮੁਕਾਬਲੇ ਹੋਣ ਦੇ ਆਸਾਰ ਬਣ ਗਏ ਹਨ। ਆਖ਼ਰੀ ਗੇੜ ’ਚ ਇਕ ਜੂਨ ਨੂੰ ਹੋਣ ਵਾਲੀਆਂ ਚੋਣਾਂ ਲਈ ਸਿਆਸੀ ਪਾਰਟੀਆਂ ਸਾਰੇ ਸਮੀਕਰਨਾਂ ਨੂੰ ਭਾਂਪਦੇ ਹੋਏ ਵੱਡੇ ਕੱਦ ਦੇ ਚਿਹਰਿਆਂ ਦੀ ਤਲਾਸ਼ ਵਿਚ ਹਨ, ਕਿਉਂਕਿ ਨਵੇਂ ਬਣ ਰਹੇ ਸਮੀਕਰਨਾਂ ਅਨੁਸਾਰ ਉਮੀਦਵਾਰ ਦੀ ਨਿੱਜੀ ਪਛਾਣ ਅਹਿਮ ਭੂਮਿਕਾ ਅਦਾ ਕਰੇਗੀ। ਅਕਾਲੀ ਦਲ ਤੇ ਕਾਂਗਰਸ ਨੂੰ ਛੱਡ ਕੇ ਭਾਜਪਾ, ਆਮ ਆਦਮੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਨੇ ਕੁਝ ਹਲਕਿਆਂ ਤੋਂ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ।
ਆਮ ਤੌਰ ’ਤੇ ਲੋਕ ਸੂਬੇ ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ, ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦਰਮਿਆਨ ਚਾਰ ਕੋਨਾ ਮੁਕਾਬਲਾ ਹੋਣ ਦੀਆਂ ਕਿਆਸਰਾਈਆਂ ਲਾ ਰਹੇ ਹਨ, ਪਰ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਚੋਣਾਂ ’ਚ ਬਹੁਜਨ ਸਮਾਜ ਪਾਰਟੀ ਨੂੰ ਹਲਕੇ ’ਚ ਨਹੀਂ ਲਿਆ ਜਾ ਸਕਦਾ । ਬਸਪਾ ਕਈ ਹਲਕਿਆਂ ’ਚ ਸਿਆਸੀ ਪਾਰਟੀਆਂ ਦਾ ਗਣਿਤ ਵਿਗਾੜ ਸਕਦੀ ਹੈ। ਵਿਧਾਨ ਸਭਾ ਚੋਣਾਂ ’ਚ ਅਕਾਲੀ ਦਲ ਤੇ ਬਸਪਾ ਦਾ ਗਠਜੋੜ ਸੀ ਤਾਂ ਨਵਾਂਸ਼ਹਿਰ ਹਲਕੇ ਤੋਂ ਬਸਪਾ ਦੇ ਵਿਧਾਇਕ ਡਾ. ਨਛੱਤਰ ਪਾਲ ਕਈ ਸਾਲਾਂ ਬਾਅਦ ਵਿਧਾਨ ਸਭਾ ’ਚ ਪੁੱਜੇ ਹਨ। ਪੰਜਾਬ ਦੇਸ਼ ਦਾ ਪਹਿਲਾ ਸਭ ਤੋਂ ਵੱਧ ਅਨੁਸੂਚਿਤ ਜਾਤੀ ਵਰਗ ਦੀ ਆਬਾਦੀ ਵਾਲਾ ਸੂਬਾ ਹੈ। ਦੁਆਬਾ ਖਿੱਤੇ ’ਚ ਦਲਿਤ ਭਾਈਚਾਰੇ ਦੀ ਅਬਾਦੀ ਮਾਝਾ, ਮਾਲਵਾ ਤੇ ਪੁਆਧ ਨਾਲੋਂ ਵਧੇਰੇ ਹੈ।
ਇਹੀ ਕਾਰਨ ਹੈ ਕਿ ਸਿਆਸੀ ਪਾਰਟੀਆਂ ਦੀ ਅੱਖ ਦਲਿਤ ਵਰਗ ’ਤੇ ਟਿਕੀ ਹੋਈ ਹੈ। ਕਾਂਗਰਸ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਦਲਿਤ ਪੱਤਾ ਖੇਡਿਆ ਸੀ ਤੇ ਆਪ ਨੇ ਸਰਕਾਰ ਬਣਨ ’ਤੇ ਉਪ ਮੁੱਖ ਮੰਤਰੀ ਦਾ ਅਹੁਦਾ ਦਲਿਤ ਵਰਗ ਨੂੰ ਦੇਣ ਦਾ ਵਾਅਦਾ ਕੀਤਾ ਸੀ ਤਾਂ ਅਕਾਲੀ ਦਲ ਨੇ ਦੋ ਉਪ ਮੁੱਖ ਮੰਤਰੀ (ਇਕ ਦਲਿਤ ਤੇ ਇਕ ਹਿੰਦੂ ਭਾਈਚਾਰੇ ’ਚੋਂ) ਬਣਾਉਣ ਦਾ ਐਲਾਨ ਕੀਤਾ ਸੀ। ਪਰ ਹੁਣ ਸਿਆਸੀ ਸਮੀਕਰਨ ਬਦਲ ਚੁੱਕੇ ਹਨ। ਅਕਾਲੀ ਦਲ ਦਾ ਪਹਿਲਾਂ ਭਾਜਪਾ ਨਾਲੋਂ ਫਿਰ ਬਸਪਾ ਨਾਲੋਂ ਸਿਆਸੀ ਸਾਂਝ ਟੁੱਟ ਚੁੱਕੀ ਹੈ। ਕੌਮੀ ਪੱਧਰ ’ਤੇ ਆਪ ਤੇ ਕਾਂਗਰਸ ਇੰਡੀਆ ਦਾ ਹਿੱਸਾ ਹਨ, ਪਰ ਪੰਜਾਬ ’ਚ ਦੋਵੇਂ ਪਾਰਟੀਆਂ ਇਕੱਲਿਆਂ ਚੋਣ ਲੜ ਰਹੀਆਂ ਹਨ।
ਸੂਤਰ ਦੱਸਦੇ ਹਨ ਕਿ ਬਹਜੁਨ ਸਮਾਜ ਪਾਰਟੀ ਸ੍ਰੀ ਅਨੰਦਪੁਰ ਸਾਹਿਬ,ਫ਼ਤਹਿਗੜ੍ਹ ਸਾਹਿਬ, ਜਲੰਧਰ, ਹੁਸ਼ਿਆਰਪੁਰ ਤੇ ਫਿਰੋਜਪੁਰ ਲੋਕ ਸਭਾ ਹਲਕੇ ’ਚ ਸਿਆਸੀ ਪਾਰਟੀਆਂ ਦਾ ਗਣਿਤ ਵਿਗਾੜ ਸਕਦੀ ਹੈ। ਬਸਪਾ ਇਨ੍ਹਾਂ ਹਲਕਿਆਂ ’ਚ ਪਾਰਟੀ ਦੇ ਵੱਡੇ ਕੱਦ ਦੇ ਆਗੂਆਂ ਨੂੰ ਉਤਾਰਨ ’ਤੇ ਵਿਚਾਰ ਕਰ ਰਹੀ ਹੈ। ਹੁਸ਼ਿਆਰਪੁਰ ਹਲਕੇ ਤੋਂ ਬਸਪਾ ਨੇ ਰਾਕੇਸ਼ ਸੁਮਨ ਨੂੰ ਉਮੀਦਵਾਰ ਐਲਾਨ ਦਿੱਤਾ ਹੈ।
ਆਮ ਆਦਮੀ ਪਾਰਟੀ ਨੇ ਪੰਜ ਮੰਤਰੀਆਂ ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੇਅਰ, ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਧਾਲੀਵਾਲ, ਖਡੂਰ ਸਾਹਿਬ ਤੋਂ ਲਾਲਜੀਤ ਸਿੰਘ ਭੁੱਲਰ, ਪਟਿਆਲੇ ਤੋਂ ਡਾ. ਬਲਵੀਰ ਸਿੰਘ, ਬਠਿੰਡਾ ਤੋਂ ਗੁਰਮੀਤ ਸਿੰਘ ਖੁਡੀਆਂ ਨੂੰ ਚੋਣ ਮੈਦਾਨ ’ਚ ਉਤਾਰ ਦਿੱਤਾ ਹੈ। ਜਦਕਿ ਫ਼ਰੀਦਕੋਟ ਹਲਕੇ ਤੋਂ ਅਦਾਕਾਰ ਤੇ ਗਾਇਕ ਕਰਮਜੀਤ ਅਨਮੋਲ ਨੂੰ ਟਿਕਟ ਦਿੱਤੀ ਹੈ। ਇਸੇ ਤਰ੍ਹਾਂ ਭਾਜਪਾ ਨੇ ਇਸ ਹਲਕੇ ਤੋਂ ਰਾਜ ਗਾਇਕ ਹੰਸ ਰਾਜ ਹੰਸ ਨੂੰ ਉਤਾਰਿਆ ਹੈ। ਆਪ ਨੇ ਹੁਸ਼ਿਆਰਪੁਰ ਤੋਂ ਸਾਬਕਾ ਕਾਂਗਰਸੀ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਨੂੰ ਟਿਕਟ ਦਿੱਤੀ ਹੈ ਤਾਂ ਜਲੰਧਰ ਤੋਂ ਭਾਜਪਾ ਨੇ ਸੁਸ਼ੀਲ ਰਿੰਕੂ ’ਤੇ ਦਾਅ ਖੇਡਿਆ ਹੈ। ਕਾਂਗਰਸ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੋਣ ਮੈਦਾਨ ’ਚ ਉਤਾਰਨ ਦੀਆਂ ਅਟਕਲਾਂ ਹਨ। ਸਿਆਸੀ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕੀਤੀਆਂ ਹੋਈਆਂ ਹਨ, ਪਰ ਅਸਲ ਤਸਵੀਰ ਉਮੀਦਵਾਰਾਂ ਦਾ ਐਲਾਨ ਹੋਣ ਤੋ ਬਾਅਦ ਹੀ ਸਪਸ਼ਟ ਹੋਵੇਗੀ।






Comments