ਪੰਜਾਬ ਨੂੰ ਹਿਲਾ ਦੇਣ ਦੇ ਇਰਾਦੇ ਨਾਲ ਆਏ ਸਨ ਚਾਰ ਗ੍ਰਨੇਡ, ਅੱਤਵਾਦੀਆਂ ਦੀ ਭਾਲ ’ਚ ਪੁਲਿਸ, ਬੀਐੱਸਐੱਫ ਤੇ ਖ਼ੁਫੀਆਂ ਏਜੰਸੀਆਂ
- bhagattanya93
- Oct 4
- 2 min read
04/10/2025

ਅੱਤਵਾਦੀਆਂ ਨੇ ਇਸ ਦੀਵਾਲੀ ’ਤੇ ਪਾਕਿਸਤਾਨ ਦੀ ਖੂਫੀਆ ਏਜੰਸੀ ਆਈਐਸਆਈ ਵੱਲੋਂ ਭੇਜੇ ਗਏ ਚਾਰ ਗ੍ਰਨੇਡਾਂ ਨਾਲ ਪੰਜਾਬ ਨੂੰ ਹਿਲਾ ਦੇਣ ਦਾ ਇਰਾਦਾ ਬਣਾਇਆ ਸੀ। ਇਹ ਖਦਸ਼ਾ ਹੈ ਕਿ ਜ਼ਬਤ ਕੀਤੇ ਗਏ ਚਾਰ ਗ੍ਰਨੇਡਾਂ ਤੋਂ ਇਲਾਵਾ ਸਰਹੱਦੀ ਖੇਤਰ ’ਚ ਹੋਰ ਵਿਸਫੋਟਕ ਵੀ ਆਏ ਹਨ। ਪੁਲਿਸ, ਬੀਐੱਸਐੱਫ ਤੇ ਖੁਫੀਆ ਏਜੰਸੀਆਂ ਇਨ੍ਹਾਂ ਨੂੰ ਲੱਭਣ ਲਈ ਇਕ ਤਾਲਮੇਲ ਕਰ ਕੇ ਖੋਜ ਮੁਹਿੰਮ ਚਲਾ ਰਹੀਆਂ ਹਨ। ਐੱਸਐੱਸਪੀ ਮਨਿੰਦਰ ਸਿੰਘ ਨੇ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਤਰਨਤਾਰਨ ਜ਼ਿਲ੍ਹੇ ਦੇ ਪੱਟੀ ਸਦਰ ਥਾਣੇ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਪਿੰਡ ਤਲਵੰਡੀ ਮੇਹਰ ਸਿੰਘ ਵਾਸੀ ਰਵਿੰਦਰ ਸਿੰਘ ਉਰਫ਼ ਰਵੀ ਉਰਫ਼ ਬੱਤੀ, ਬਟਾਲਾ ਜ਼ਿਲ੍ਹੇ ਦੇ ਘੁਮਾਣ ਥਾਣੇ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਪਿੰਡ ਹਰਪੁਰਾ ਵਾਸੀ ਧਰਮਿੰਦਰ ਸਿੰਘ ਉਰਫ਼ ਧਰਮ ਤੇ ਉਸ ਦੇ ਸਾਥੀ ਮਹਿਕਪ੍ਰੀਤ ਸਿੰਘ ਵਜੋਂ ਕੀਤੀ ਹੈ। ਰਵਿੰਦਰ ਦੇ ਕਬਜ਼ੇ ’ਚੋਂ ਦੋ ਗ੍ਰਨੇਡ ਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਧਰਮਿੰਦਰ ਤੇ ਮਹਿਕਪ੍ਰੀਤ ਸਿੰਘ ਦੋਵੇਂ ਫੌਜ ’ਚ ਸੇਵਾ ਨਿਭਾਅ ਰਹੇ ਹਨ, ਜਿਨ੍ਹਾਂ ਤੋਂ ਦੋ ਗ੍ਰਨੇਡ, ਇਕ ਗਲੌਕ ਪਿਸਤੌਲ, ਇਕ ਮੈਗਜ਼ੀਨ ਤੇ 15 ਕਾਰਤੂਸ ਬਰਾਮਦ ਕੀਤੇ ਗਏ ਹਨ। ਰਵਿੰਦਰ ਤੋਂ ਪੁੱਛਗਿੱਛ ਜਾਰੀ ਹੈ, ਜਦਕਿ ਬਾਕੀ ਦੋ ਨੂੰ ਅਦਾਲਤ ’ਚ ਪੇਸ਼ ਕਰ ਕੇ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਦਾ ਇਰਾਦਾ ਇਨ੍ਹਾਂ ਚਾਰ ਗ੍ਰਨੇਡਾਂ ਦੀ ਵਰਤੋਂ ਕਰ ਕੇ ਇਸ ਦੀਵਾਲੀ 'ਤੇ ਵੱਡੇ ਹਮਲੇ ਕਰਨ ਦਾ ਸੀ। ਧਰਮਿੰਦਰ, ਜਿਸ ਨੂੰ ਫੌਜ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ, ਅਤੇ ਰਵਿੰਦਰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਨਾਲ ਸਿੱਧੇ ਸੰਪਰਕ ਵਿਚ ਸਨ। ਪੁਲਿਸ ਨੂੰ ਸ਼ੱਕ ਹੈ ਕਿ ਦੋਵਾਂ ਨੇ ਪਹਿਲਾਂ ਵੀ ਇਸੇ ਤਰ੍ਹਾਂ ਦੇ ਹਥਿਆਰਾਂ ਦੀ ਖੇਪ ਖਰੀਦੀ ਤੇ ਸਪਲਾਈ ਕੀਤੀ ਹੈ।
ਇਹ ਖੁਲਾਸਾ ਹੋਇਆ ਹੈ ਕਿ ਧਰਮਿੰਦਰ ਜਿਸ ਨੇ ਪਹਿਲਾਂ ਸਜ਼ਾ ਭੁਗਤ ਲਈ ਸੀ, ਖਾਲਿਸਤਾਨ ਕਮਾਂਡੋ ਫੋਰਸ (ਕੇਸੀਐਫ) ਦੇ ਅੱਤਵਾਦੀ ਕੁਲਵੰਤ ਸਿੰਘ ਉਰਫ ਕਾਂਤਾ ਦੇ ਸੰਪਰਕ ਵਿਚ ਸੀ। ਕਾਂਤਾ ਇਸ ਸਮੇਂ ਯੂਕੇ ਤੋਂ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਹੈ। ਇਸ ਦੌਰਾਨ ਰਵਿੰਦਰ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਮੁਖੀ ਹਰਵਿੰਦਰ ਸਿੰਘ ਉਰਫ਼ ਰਿੰਦਾ ਦੇ ਇਸ਼ਾਰੇ 'ਤੇ ਹਥਿਆਰਾਂ ਦਾ ਨਿਪਟਾਰਾ ਕਰ ਰਿਹਾ ਸੀ।
ਦੀਵਾਲੀ 'ਤੇ ਅੱਤਵਾਦੀ ਹਮਲੇ ਲਈ ਪ੍ਰਾਪਤ ਜਾਣਕਾਰੀ
ਅੱਤਵਾਦੀਆਂ ਤੋਂ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਆਈਐੱਸਆਈ ਦੀਵਾਲੀ 'ਤੇ ਵੱਡੇ ਹਮਲੇ ਦੀ ਯੋਜਨਾ ਬਣਾ ਰਹੀ ਹੈ। ਖੁਫੀਆ ਏਜੰਸੀ ਨੇ ਇਸ ਸਬੰਧੀ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਜਾਣਕਾਰੀ ਭੇਜੀ ਹੈ। ਅਜਿਹੇ ਹਮਲੇ ਨੂੰ ਰੋਕਣ ਲਈ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਰਵਿੰਦਰ ਵਿਰੁੱਧ ਤਰਨਤਾਰਨ ਵਿਚ ਕਤਲ ਦੀ ਕੋਸ਼ਿਸ਼ ਦੇ ਦੋਸ਼ ਵਿਚ ਕੇਸ ਦਰਜ ਕੀਤਾ ਗਿਆ ਹੈ।
ਕਮਾਂਡੋ ਭੇਸ ਬਦਲਣ ’ਚ ਮਾਹਿਰ
ਜਾਂਚ ਅਧਿਕਾਰੀ ਨੇ ਦੱਸਿਆ ਕਿ ਗ੍ਰਿਫ਼ਤਾਰ ਕਮਾਂਡੋ ਧਰਮਿੰਦਰ ਨੇ ਲਗਭਗ ਪੰਜ ਸਾਲ ਫੌਜ ’ਚ ਸੇਵਾ ਨਿਭਾਈ। ਉਹ ਇੰਟਰਨੈੱਟ ਮੀਡੀਆ ਰਾਹੀਂ ਆਈਐਸਆਈ ਨਾਲ ਜੁੜਿਆ ਹੋਇਆ ਸੀ। ਪਿਛਲੇ ਛੇ ਸਾਲਾਂ ਵਿਚ ਉਸ ਨੇ ਕਈ ਵਾਰ ਆਪਣਾ ਭੇਸ ਬਦਲਿਆ ਹੈ। ਪਤਾ ਲੱਗਾ ਹੈ ਕਿ ਮੁਜਲਮ ਨੂੰ ਕਈ ਵਾਰ ਮੁਸਲਿਮ ਪਹਿਰਾਵੇ ਵਿਚ ਵੀ ਦੇਖਿਆ ਗਿਆ ਹੈ।





Comments