ਪੰਜਾਬ ’ਚ ਇਸ ਦਿਨ ਤੋਂ ਬਾਅਦ ਬਦਲੇਗਾ ਮੌਸਮ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ
- bhagattanya93
- Sep 29
- 1 min read
29/09/2025

ਐਤਵਾਰ ਨੂੰ ਪੰਜਾਬ ’ਚ ਮੌਸਮ ਸਾਫ਼ ਰਿਹਾ। ਜ਼ਿਆਦਾਤਰ ਜ਼ਿਲ੍ਹਿਆਂ ’ਚ ਤਿੱਥੀ ਧੁੱਪ ਰਹੀ। ਇਸ ਨਾਲ ਗਰਮੀ ਮਹਿਸੂਸ ਕੀਤੀ ਗਈ। ਲੁਧਿਆਣਾ ’ਚ ਸ਼ਾਮ 4 ਵਜੇ ਤੋਂ ਬਾਅਦ ਥੋੜ੍ਹੇ ਸਮੇਂ ਲਈ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ, ਜਿਸ ਨਾਲ ਕੁਝ ਘੰਟਿਆਂ ਲਈ ਗਰਮੀ ਤੋਂ ਰਾਹਤ ਮਿਲੀ। ਹੋਰ ਜ਼ਿਲ੍ਹਿਆਂ ’ਚ ਮੌਸਮ ਸਾਫ਼ ਰਹਿਣ ਕਾਰਨ ਦਿਨ ਦਾ ਤਾਪਮਾਨ ਆਮ ਨਾਲੋਂ ਵੱਧ ਗਿਆ। ਲੁਧਿਆਣਾ 38 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ, ਜੋ ਆਮ ਨਾਲੋਂ ਚਾਰ ਡਿਗਰੀ ਵੱਧ ਹੈ। ਬਠਿੰਡਾ ਤੇ ਅੰਮ੍ਰਿਤਸਰ ’ਚ 37 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਚੰਡੀਗੜ੍ਹ, ਪਠਾਨਕੋਟ, ਰੂਪਨਗਰ, ਮੋਹਾਲੀ, ਫਰੀਦਕੋਟ ਤੇ ਫਾਜ਼ਿਲਕਾ ’ਚ 36 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ, ਜੋ ਆਮ ਨਾਲੋਂ ਤਿੰਨ ਡਿਗਰੀ ਵੱਧ ਹੈ। ਪਟਿਆਲਾ ਤੇ ਫਿਰੋਜ਼ਪੁਰ ’ਚ ਇਹ 35 ਡਿਗਰੀ ਰਿਹਾ। ਮੌਸਮ ਵਿਭਾਗ ਮੁਤਾਬਕ ਪੰਜਾਬ ’ਚ 4 ਅਕਤੂਬਰ ਤੱਕ ਮੌਸਮ ਸਾਫ਼ ਰਹਿਣ ਦੀ ਉਮੀਦ ਹੈ, 5 ਅਕਤੂਬਰ ਤੋਂ ਬਾਅਦ ਤਬਦੀਲੀ ਸੰਭਵ ਹੈ। ਪੱਛਮੀ ਗੜਬੜੀ ਦੇ ਸਰਗਰਮ ਹੋਣ ਨਾਲ ਕੁਝ ਜ਼ਿਲ੍ਹਿਆਂ ’ਚ ਬੱਦਲਵਾਈ ਤੇ ਹਲਕੀ ਬਾਰਿਸ਼ ਹੋਣ ਦੀ ਉਮੀਦ ਹੈ।





Comments