ਪਿੰਡ ਬੇਰੀ ਦੇ 11ਵੀਂ ਜਮਾਤ 'ਚ ਪੜ੍ਹਦੇ ਵਿਦਿਆਰਥੀ ਦੀ ਦਸੂਹਾ ਤੋਂ ਦਰੱਖ਼ਤ ਨਾਲ ਲਟਕਦੀ ਹੋਈ ਮਿਲੀ ਲਾਸ਼
- Jun 20, 2025
- 1 min read
20/06/2025

ਪੁਲਿਸ ਚੌਂਕੀ ਤੁਗਲਵਾਲ ਅਧੀਨ ਪੈਂਦੇ ਪਿੰਡ ਬੇਰੀ ਦੇ ਇਕ ਨੌਜਵਾਨ ਦੀ ਹੁਸ਼ਿਆਰਪੁਰ ਦੇ ਕਸਬਾ ਦਸੂਹਾ ਤੋਂ ਦਰੱਖ਼ਤ ਨਾਲ ਲਟਕਦੀ ਹੋਈ ਸ਼ੱਕੀ ਹਾਲਾਤ 'ਚ ਲਾਸ਼ ਮਿਲੀ ਹੈ। ਪਿੰਡ ਬੇਰੀ ਵਾਸੀ ਨੌਜਵਾਨ ਜਸਕਰਨ ਸਿੰਘ ਜਿਸ ਦੀ ਉਮਰ 17 ਸਾਲ ਤੇ ਗਿਆਰਵੀਂ ਕਲਾਸ ਦਾ ਵਿਦਿਆਰਥੀ ਸੀ। ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਜਸਕਰਨ ਬੀਰ ਸਿੰਘ ਬੀਤੀ ਸ਼ਾਮ ਆਪਣੇ ਘਰੋਂ ਕਿਸੇ ਡਾਕੂਮੈਂਟ ਦੀ ਫੋਟੋ ਸਟੇਟ ਕਰਵਾਉਣ ਲਈ ਮੋਟਰਸਾਈਕਲ 'ਤੇ ਗਿਆ ਸੀ ਪਰ ਉਹ ਫੋਟੋਸਟੇਟ ਕਰਵਾਉਣ ਤੋਂ ਬਾਅਦ ਆਪਣੇ ਘਰ ਨਹੀਂ ਪਰਤਿਆ। ਦੇਰ ਰਾਤ ਤਕ ਜਦ ਜਸਕਰਨ ਬੀਰ ਸਿੰਘ ਆਪਣੇ ਘਰ ਵਾਪਸ ਨਾ ਮੁੜਿਆ ਤਾਂ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਫੋਨ ਵੀ ਬੰਦ ਆਇਆ । ਸਵੇਰੇ ਥਾਣਾ ਦਸੂਹਾ ਦੇ ਪਿੰਡ ਖੁਰਦ ਨੇੜੇ ਰਾਹਗੀਰਾਂ ਨੇ ਇਕ ਨੌਜਵਾਨ ਲੜਕੇ ਦੀ ਦਰੱਖ਼ਤ ਨਾਲ ਲਟਕਦੀ ਲਾਸ਼ ਨੂੰ ਦੇਖਿਆ ਤਾਂ ਇਸ ਮੌਕੇ ਵੱਡੀ ਗਿਣਤੀ 'ਚ ਲੋਕ ਇਕੱਠੇ ਹੋ ਗਏ।
ਇਸ ਬਾਰੇ ਦਸੂਹਾ ਪੁਲਿਸ ਨੂੰ ਤੁਰੰਤ ਸੂਚਿਤ ਕੀਤਾ ਗਿਆ। ਜਿਸ ਤੋਂ ਬਾਅਦ ਹੁਸ਼ਿਆਰਪੁਰ ਜ਼ਿਲ੍ਹੇ ਦੀ ਕ੍ਰਾਈਮ ਬ੍ਰਾਂਚ ਵੱਲੋਂ ਨੌਜਵਾਨ ਦੀ ਫੋਟੋ ਪਛਾਣ ਲਈ ਵੱਖ-ਵੱਖ ਵ੍ਹਟਸਐਪ ਗਰੁੱਪਾਂ 'ਚ ਭੇਜੀ ਗਈ। ਜਦੋਂ ਇਸ ਘਟਨਾ ਬਾਰੇ ਪਰਿਵਾਰਕ ਮੈਬਰਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਤਰੁੰਤ ਥਾਣਾ ਦਸੂਹਾ ਪਹੁੰਚ ਕੇ ਬੱਚੇ ਦੀ ਪਛਾਣ ਕੀਤੀ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਜਸਕਰਨਬੀਰ ਸਿੰਘ ਕਦੇ ਵੀ ਫਾਹਾ ਨਹੀਂ ਲੈ ਸਕਦਾ। ਉਸ ਦਾ ਕਤਲ ਕੀਤਾ ਗਿਆ ਹੈ। ਦਸੂਹਾ ਪੁਲਿਸ ਇਸ ਬਾਰੇ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਪੁਲਿਸ ਥਾਣਾ ਦਸੂਹਾ ਦੇ ਜਾਂਚ ਅਧਿਕਾਰੀ ਦਿਲਦਾਰ ਸਿੰਘ ਨੇ ਦੱਸਿਆ ਕਿ ਪੁਲਿਸ ਇਸ ਸਬੰਧੀ ਜਾਂਚ ਕਰ ਰਹੀ ਹੈ।






Comments