ਪਹਿਲਗਾਮ ਹਮਲੇ ਪਿੱਛੋਂ ਅਮਰਨਾਥ ਯਾਤਰਾ ਦੀ ਸੁਰੱਖਿਆ ਹੋਰ ਹੋਵੇਗੀ ਸਖ਼ਤ, ਖੁਫ਼ੀਆ ਤੇ ਸੁਰੱਖਿਆ ਏਜੰਸੀਆਂ ’ਤੇ ਜ਼ਿੰਮੇਵਾਰੀ ਹੋਰ ਵਧੇਗੀ
- bhagattanya93
- May 4
- 2 min read
04/05/2025

ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਅਮਰਨਾਥ ਯਾਤਰਾ ਦੀਆਂ ਸੁਰੱਖਿਆ ਚੁਣੌਤੀਆਂ ਵਧੇਰੀਆਂ ਹੋਣਗੀਆਂ ਕਿਉਂਕਿ ਪਹਿਲਗਾਮ ਦੇ ਅੱਤਵਾਦੀ ਹਮਲੇ ਨੂੰ ਧਿਆਨ ’ਚ ਰੱਖਦੇ ਹੋਏ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕੀਤੇ ਜਾਣਗੇ। ਮੌਜੂਦਾ ਸਮੇਂ ’ਚ ਸਹੂਲਤਾਂ ਨਾਲ ਜੁੜੀਆਂ ਤਿਆਰੀਆਂ ਤੇਜ਼ੀ ਨਾਲ ਚੱਲ ਰਹੀਆਂ ਹਨ। ਜੂਨ ’ਚ ਸੁਰੱਖਿਆ ਨੂੰ ਲੈ ਕੇ ਮੀਟਿੰਗਾਂ ਹੋਣਗੀਆਂ। ਇਸ ’ਚ ਸ਼੍ਰੀ ਅਮਰਨਾਥ ਜੀ ਸ਼੍ਰਾਈਨ ਬੋਰਡ, ਕੇਂਦਰ ਸਰਕਾਰ ਅਤੇ ਜੰਮੂ-ਕਸ਼ਮੀਰ ਸਰਕਾਰ ਪ੍ਰਭਾਵਸ਼ਾਲੀ ਕਦਮ ਚੁੱਕਣਗੀਆਂ। ਖੁਫ਼ੀਆ ਅਤੇ ਸੁਰੱਖਿਆ ਏਜੰਸੀਆਂ ਦੀ ਜ਼ਿੰਮੇਵਾਰੀ ਹੋਰ ਵਧੇਗੀ। ਹਾਲਾਂਕਿ ਯਾਤਰਾ ਵਿਚ ਸੁਰੱਖਿਆ ਨੂੰ ਸਭ ਤੋਂ ਉੱਚਾ ਮੰਨਦੇ ਹੋਏ ਸੁਰੱਖਿਆ ਬਲਾਂ ਦੀ ਪੂਰੀ ਤਾਇਨਾਤੀ ਕੀਤੀ ਜਾਂਦੀ ਹੈ ਪਰ ਇਸ ਵਾਰ ਹਾਲਾਤ ਦੇ ਮੱਦੇਨਜ਼ਰ ਰਾਸ਼ਟਰੀ ਰਾਜਮਾਰਗ, ਯਾਤਰਾ ਦੇ ਬੇਸ ਕੈਂਪਾਂ ਅਤੇ ਯਾਤਰਾ ਦੇ ਦੋਵੇਂ ਮਾਰਗਾਂ ’ਤੇ ਸੁਰੱਖਿਆ ਦੇ ਹੋਰ ਮਜ਼ਬੂਤ ਪ੍ਰਬੰਧ ਕੀਤੇ ਜਾਣਗੇ।

ਯਾਤਰਾ ਦੇ ਬੇਸ ਕੈਂਪ ਪਹਿਲਗਾਮ ’ਚ ਹਮਲੇ ਦੇ ਬਾਵਜੂਦ ਸ਼੍ਰੀ ਅਮਰਨਾਥ ਯਾਤਰਾ ਲਈ ਤਿਆਰੀਆਂ ਤੇਜ਼ੀ ਨਾਲ ਜਾਰੀ ਹਨ। ਇਸੇ ਮਾਰਗ ਤੋਂ ਜ਼ਿਆਦਾਤਰ ਸ਼ਰਧਾਲੂ ਬਾਬਾ ਬਰਫ਼ਾਨੀ ਦੀ ਗੁਫ਼ਾ ਤੱਕ ਪਹੁੰਚਦੇ ਹਨ। ਬਾਲਟਾਲ ਤੋਂ ਵੀ ਵੱਡੀ ਗਿਣਤੀ ’ਚ ਸ਼ਰਧਾਲੂ ਯਾਤਰਾ ਕਰਦੇ ਹਨ। ਪਹਿਲਗਾਮ ਰਵਾਇਤੀ ਰੂਟ ਹੈ। ਛੜੀ ਮੁਬਾਰਕ ਇਥੋਂ ਜਾਂਦੀ ਹੈ, ਇਸ ਲਈ ਇਸ ਰੂਟ ਦੀ ਅਹਿਮੀਅਤ ਜ਼ਿਆਦਾ ਹੈ। ਸਿਸਟਮ ਨੂੰ ਫੁੱਲ ਪਰੂਫ ਬਣਾਇਆ ਜਾਵੇਗਾ ਤਾਂ ਜੋ ਕੋਈ ਖਾਮੀ ਨਾ ਰਹਿ ਜਾਵੇ। 3 ਜੁਲਾਈ ਤੋਂ ਸ਼ੁਰੂ ਹੋ ਰਹੀ ਯਾਤਰਾ 38 ਦਿਨਾਂ ਦੀ ਹੋਵੇਗੀ ਤੇ 9 ਅਗਸਤ ਨੂੰ ਰੱਖੜੀ ਦੇ ਦਿਨ ਖ਼ਤਮ ਹੋਵੇਗੀ। ਯਾਤਰਾ ਮਾਰਗ ’ਤੇ ਸਹੂਲਤਾਂ ਲਈ ਟੈਂਡਰ ਜਾਰੀ ਕੀਤੇ ਜਾ ਰਹੇ ਹਨ। ਮੈਡੀਕਲ ਸਹੂਲਤਾਂ ਨੂੰ ਲੈ ਕੇ ਬੇਸ ਕੈਂਪਾਂ ’ਚ ਪ੍ਰਬੰਧ ਕਰਨ ਲਈ ਮੀਟਿੰਗਾਂ ਸ਼ੁਰੂ ਹੋ ਗਈਆਂ ਹਨ। ਸੰਵੇਦਨਸ਼ੀਲ ਥਾਵਾਂ ਦੀ ਪਛਾਣ ਕੀਤੀ ਜਾਵੇਗੀ। ਮਾਊਂਟੇਨ ਰੈਸਕਿਊ ਟੀਮਾਂ ਤਾਇਨਾਤ ਕੀਤੀਆਂ ਜਾਣਗੀਆਂ। ਇਸ ਵਾਰ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ’ਤੇ ਵਾਧੂ ਚੌਕਸੀ ਹੋਵੇਗੀ।
120 ਸੰਚਾਲਕ ਲਗਾਉਣਗੇ ਲੰਗਰ
ਲੰਗਰ ਸੰਗਠਨ ਵੀ ਤਿਆਰੀਆਂ ’ਚ ਲੱਗੇ ਹੋਏ ਹਨ। ਹੁਣ ਤੱਕ 120 ਲੰਗਰ ਸੰਚਾਲਕਾਂ ਨੂੰ ਲੰਗਰ ਲਗਾਉਣ ਲਈ ਆਫਰ ਲੈਟਰ ਦਿੱਤੇ ਜਾ ਚੁੱਕੇ ਹਨ। ਬਾਬਾ ਬਰਫ਼ਾਨੀ ਲੰਗਰ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਰਾਜਨ ਗੁਪਤਾ ਦਾ ਕਹਿਣਾ ਹੈ ਕਿ ਲੰਗਰ ਸੰਗਠਨ ਸਮੱਗਰੀ ਇਕੱਠੀ ਕਰਨ ਸਮੇਤ ਹੋਰ ਪ੍ਰਬੰਧ ਕਰ ਰਹੇ ਹਨ। ਕੁਝ ਲੰਗਰ ਵਾਲਿਆਂ ਨੂੰ ਅਜੇ ਤੱਕ ਇਜਾਜ਼ਤ ਨਹੀਂ ਮਿਲੀ ਹੈ। ਸ਼੍ਰੀ ਅਮਰਨਾਥ ਜੀ ਸ਼੍ਰਾਈਨ ਬੋਰਡ ਨੂੰ ਇਸ ਸਬੰਧ ’ਚ ਪ੍ਰਭਾਵਸ਼ਾਲੀ ਕਦਮ ਚੁੱਕਣੇ ਚਾਹੀਦੇ ਹਨ।
ਖ਼ੁਰਾਕ ਸਪਲਾਈ ਮੰਤਰੀ ਸਤੀਸ਼ ਸ਼ਰਮਾ ਨਾਲ ਮੁਲਾਕਾਤ
ਅਮਰਨਾਥ ਯਾਤਰਾ ’ਚ ਸ਼ਰਧਾਲੂਆਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਪ੍ਰਬੰਧਾਂ ਦੇ ਮੱਦੇਨਜ਼ਰ ਸ਼੍ਰੀ ਅਮਰਨਾਥ ਜੀ ਯਾਤਰਾ ਵੈੱਲਫੇਅਰ ਸੁਸਾਇਟੀ ਦੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਰਾਜਕੁਮਾਰ ਗੋਇਲ ਨੇ ਖ਼ੁਰਾਕ ਸਪਲਾਈ ਮੰਤਰੀ ਸਤੀਸ਼ ਸ਼ਰਮਾ ਨਾਲ ਮੁਲਾਕਾਤ ਕੀਤੀ। ਰਾਜਕੁਮਾਰ ਨੇ ਕਿਹਾ ਕਿ ਪਹਿਲਗਾਮ ਹਮਲੇ ਤੋਂ ਬਾਅਦ ਜੰਮੂ ਕਸ਼ਮੀਰ ਦੇ ਹਾਲਾਤ ਕਾਫੀ ਹੱਦ ਤੱਕ ਖ਼ਰਾਬ ਹੋਏ ਹਨ। ਉਮੀਦ ਹੈ ਕਿ ਉਪ-ਰਾਜਪਾਲ ਪ੍ਰਸ਼ਾਸਨ ਅਤੇ ਜੰਮੂ ਕਸ਼ਮੀਰ ਸਰਕਾਰ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਬੰਧ ਪੂਰੇ ਕਰ ਲਵੇਗੀ।
ਹੈਲੀਕਾਪਟਰ ਸੇਵਾ ਲਈ ਆਨਲਾਈਨ ਬੁਕਿੰਗ ਨਹੀਂ ਹੋਈ ਸ਼ੁਰੂ
ਅਮਰਨਾਥ ਯਾਤਰਾ ਲਈ 14 ਅਪ੍ਰੈਲ ਤੋਂ ਐਡਵਾਂਸ ਰਜਿਸਟ੍ਰੇਸ਼•ਨ ਸ਼ੁਰੂ ਕੀਤੀ ਗਈ ਸੀ। ਰਜਿਸਟ੍ਰੇਸ਼ਨ ਆਨਲਾਈਨ ਅਤੇ ਆਫਲਾਈਨ ਦੋਵੇਂ ਤਰੀਕਿਆਂ ਨਾਲ ਚੱਲ ਰਿਹੀ ਹੈ। ਇਸੇ ਦੌਰਾਨ ਸ਼੍ਰੀ ਅਮਰਨਾਥ ਜੀ ਸ਼੍ਰਾਈਨ ਬੋਰਡ ਨੇ ਹੈਲੀਕਾਪਟਰ ਸੇਵਾ ਲਈ ਅਜੇ ਤੱਕ ਆਨਲਾਈਨ ਬੁਕਿੰਗ ਸ਼ੁਰੂ ਨਹੀਂ ਕੀਤੀ ਹੈ। ਇਸ ਲਈ ਅਜੇ ਹੋਰ ਉਡੀਕ ਕਰਨੀ ਹੋਵੇਗੀ।
Comments