ਪਹਾੜਾਂ 'ਤੇ ਬਰਫ਼ਬਾਰੀ ਨਾਲ ਹੁਣ ਹੋਰ ਵਧੇਗੀ ਠੰਢ, ਯੂਪੀ-ਬਿਹਾਰ, ਪੰਜਾਬ ਸਮੇਤ ਪੂਰੇ ਉੱਤਰੀ ਭਾਰਤ 'ਚ ਛਾਈ ਰਹੇਗੀ ਧੁੰਦ
- bhagattanya93
- Nov 24, 2024
- 2 min read
24/11/2024

ਦੇਸ਼ ਭਰ 'ਚ ਮੌਸਮ ਤੇਜ਼ੀ ਨਾਲ ਬਦਲ ਰਿਹਾ ਹੈ। ਪਹਾੜਾਂ 'ਤੇ ਬਰਫਬਾਰੀ ਕਾਰਨ ਠੰਢ ਵਧਣ ਲੱਗੀ ਹੈ ਤੇ ਬਰਫੀਲੀਆਂ ਹਵਾਵਾਂ ਸਰੀਰ ਨੂੰ ਪਰੇਸ਼ਾਨ ਕਰਨ ਲੱਗ ਪਈਆਂ ਹਨ। ਇਹੀ ਕਾਰਨ ਹੈ ਕਿ ਉੱਤਰੀ ਭਾਰਤ 'ਚ ਬਰਫੀਲੀ ਹਵਾ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਤੇ ਦਿੱਲੀ, ਪੰਜਾਬ, ਯੂਪੀ ਤੇ ਬਿਹਾਰ 'ਚ ਤਾਪਮਾਨ ਡਿੱਗ ਰਿਹਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਐਤਵਾਰ ਨੂੰ ਦਿੱਲੀ, ਪੰਜਾਬ, ਹਰਿਆਣਾ, ਹਿਮਾਚਲ, ਯੂਪੀ ਤੇ ਉਤਰਾਖੰਡ ਦੇ ਕਈ ਜ਼ਿਲ੍ਹਿਆਂ 'ਚ ਧੁੰਦ ਪੈਣ ਦੀ ਸੰਭਾਵਨਾ ਜਤਾਈ ਹੈ। ਮੌਸਮ ਵਿਭਾਗ ਨੇ ਤਾਮਿਲਨਾਡੂ ਤੇ ਕੇਰਲ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ।
ਉੱਤਰਾਖੰਡ ਦੇ ਜ਼ਿਆਦਾਤਰ ਇਲਾਕਿਆਂ 'ਚ ਸਵੇਰ-ਸ਼ਾਮ ਦੀ ਠੰਢ ਵਧੀ
ਉੱਤਰਾਖੰਡ ਦੇ ਜ਼ਿਆਦਾਤਰ ਇਲਾਕਿਆਂ 'ਚ ਸਵੇਰ-ਸ਼ਾਮ ਦੀ ਠੰਢ ਵਧ ਗਈ ਹੈ। ਹਾਲਾਂਕਿ ਅਗਲੇ ਹਫਤੇ ਤੋਂ ਰਾਤ ਨੂੰ ਕੜਾਕੇ ਦੀ ਠੰਢ ਪੈਣ ਦੇ ਆਸਾਰ ਹਨ। ਮੌਸਮ ਵਿਭਾਗ ਮੁਤਾਬਕ ਅਗਲੇ ਕੁਝ ਦਿਨਾਂ 'ਚ ਪਹਾੜਾਂ 'ਚ ਠੰਢ ਤੇ ਮੈਦਾਨੀ ਇਲਾਕਿਆਂ 'ਚ ਧੁੰਦ ਪੈ ਸਕਦੀ ਹੈ। ਅਗਲੇ ਤਿੰਨ ਦਿਨਾਂ ਬਾਅਦ ਦੂਨ ਸਮੇਤ ਜ਼ਿਆਦਾਤਰ ਇਲਾਕਿਆਂ 'ਚ ਘੱਟੋ-ਘੱਟ ਤਾਪਮਾਨ ਇਕ ਤੋਂ ਦੋ ਡਿਗਰੀ ਸੈਲਸੀਅਸ ਹੇਠਾਂ ਆ ਸਕਦਾ ਹੈ। ਸ਼ਨਿਚਰਵਾਰ ਨੂੰ ਸੂਬੇ ਭਰ 'ਚ ਮੌਸਮ ਖੁਸ਼ਕ ਰਿਹਾ।

ਹੁਣ ਦੂਨ 'ਚ ਵੀ ਸਵੇਰੇ-ਸ਼ਾਮ ਠੰਢ ਵਧਣ ਲੱਗੀ
ਦੂਨ 'ਚ ਵੀ ਧੁੱਪ ਖਿੜੀ ਰਹੀ ਜਿਸ ਕਾਰਨ ਦਿਨ ਗਰਮ ਰਿਹਾ। ਹਾਲਾਂਕਿ ਹੁਣ ਦੂਨ 'ਚ ਸਵੇਰੇ-ਸ਼ਾਮ ਠੰਢ ਵਧਣ ਲੱਗੀ ਹੈ। ਦੂਨ ਦਾ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਇਸ ਸਮੇਂ ਆਮ ਨਾਲੋਂ ਇੱਕ ਡਿਗਰੀ ਸੈਲਸੀਅਸ ਵੱਧ ਹੈ। ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਬਿਕਰਮ ਸਿੰਘ ਅਨੁਸਾਰ ਸੂਬੇ 'ਚ ਫਿਲਹਾਲ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਮੀਂਹ ਨਾ ਪੈਣ ਕਾਰਨ ਤਾਪਮਾਨ ਆਮ ਨਾਲੋਂ ਉਪਰ ਬਣਿਆ ਹੋਇਆ ਹੈ। ਅਗਲੇ ਦੋ ਦਿਨਾਂ 'ਚ ਊਧਮ ਸਿੰਘ ਨਗਰ ਸਮੇਤ ਹਰਿਦੁਆਰ ਅਤੇ ਆਸ-ਪਾਸ ਦੇ ਮੈਦਾਨੀ ਇਲਾਕਿਆਂ ਵਿੱਚ ਸੰਘਣੀ ਧੁੰਦ ਪੈ ਸਕਦੀ ਹੈ। ਦੇਹਰਾਦੂਨ 'ਚ ਵੀ ਸਵੇਰੇ ਧੁੰਦ ਛਾ ਸਕਦੀ ਹੈ। ਮੰਗਲਵਾਰ ਤੋਂ ਜ਼ਿਆਦਾਤਰ ਖੇਤਰਾਂ 'ਚ ਤਾਪਮਾਨ ਡਿੱਗਣ ਦੀ ਸੰਭਾਵਨਾ ਹੈ। ਖਾਸ ਕਰਕੇ ਪਹਾੜੀ ਖੇਤਰਾਂ ਵਿੱਚ ਇਹ ਬਹੁਤ ਜ਼ਿਆਦਾ ਠੰਢ ਪੈ ਸਕਦੀ ਹੈ।
ਰਾਜਧਾਨੀ 'ਚ ਫਿਰ ਵਧਿਆ ਸਾਹਾਂ ਦਾ ਸੰਕਟ
ਧੂੰਏਂ, ਮੱਧਮ ਪੱਧਰ ਦੀ ਧੁੰਦ ਤੇ ਹਵਾ ਦੀ ਬਹੁਤ ਘੱਟ ਰਫ਼ਤਾਰ ਕਾਰਨ ਸ਼ਨੀਵਾਰ ਸਵੇਰੇ ਰਾਜਧਾਨੀ 'ਚ ਪ੍ਰਦੂਸ਼ਣ ਦਾ ਪੱਧਰ ਉੱਚਾ ਰਿਹਾ। ਇਸ ਕਾਰਨ ਹਵਾ ਦੀ ਗੁਣਵੱਤਾ ਗੰਭੀਰ ਸ਼੍ਰੇਣੀ 'ਚ ਰਹੀ। ਸਾਹਾਂ 'ਤੇ ਤਕਲੀਫ਼ ਵਰਗੀ ਸਥਿਤੀ ਮਹਿਸੂਸ ਹੋਈ। ਸ਼ਨੀਵਾਰ ਨੂੰ ਲਗਾਤਾਰ ਦੂਜੇ ਦਿਨ ਦਿੱਲੀ ਦੇਸ਼ 'ਚ ਸਭ ਤੋਂ ਵੱਧ ਪ੍ਰਦੂਸ਼ਿਤ ਰਹੀ। ਇਸ ਦਾ ਔਸਤ ਏਅਰ ਇੰਡੈਕਸ 412 ਸੀ। ਇਸ ਤੋਂ ਬਾਅਦ ਬਿਹਾਰ ਦਾ ਕਟਿਹਾਰ 355 ਦੇ ਏਅਰ ਇੰਡੈਕਸ ਨਾਲ ਦੂਜੇ ਸਥਾਨ 'ਤੇ ਰਿਹਾ।

Comments