ਫ਼ਰਜ਼ੀ ਵਕੀਲ ਬਣ ਕੇ ਕੀਤਾ ਵਿਆਹ;ਫਿਰ ਮੰਗੇ 30 ਲੱਖ,ਲੁਟੇਰੀ ਲਾੜੀ ....
- Jun 8, 2025
- 2 min read
08/06/2025

ਖ਼ੁਦ ਨੂੰ ਨੈਨੀਤਾਲ ਹਾਈ ਕੋਰਟ ਦੀ ਵਕੀਲ ਦੱਸ ਕੇ ਇਕ ਨੌਜਵਾਨ ਨਾਲ ਵਿਆਹ ਕਰਨ ਤੇ ਫਿਰ 30 ਲੱਖ ਰੁਪਏ ਦੀ ਮੰਗ ਕਰਨ ਵਾਲੀ ਲੁਟੇਰੀ ਲਾੜੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਉਸ ’ਤੇ ਉਤਰਾਖੰਡ ਤੇ ਉੱਤਰ ਪ੍ਰਦੇਸ਼ ’ਚ ਇਸ ਤਰ੍ਹਾਂ ਦੇ 18 ਧੋਖਾਧੜੀ ਦੇ ਕੇਸ ਦਰਜ ਹਨ। ਨੌਜਵਾਨ ਤੋਂ ਪਹਿਲਾਂ ਉਸਨੇ ਜੋ 50 ਹਜ਼ਾਰ ਰੁਪਏ ਲਏ ਸਨ, ਉਨ੍ਹਾਂ ਨੂੰ ਵੀ ਪੁਲਿਸ ਨੇ ਬਰਾਮਦ ਕਰ ਲਿਆ ਹੈ। ਅਦਾਲਤ ’ਚ ਪੇਸ਼ੀ ਤੋਂ ਬਾਅਦ ਮਹਿਲਾ ਨੂੰ ਜੇਲ੍ਹ ਭੇਜ ਦਿੱਤਾ ਗਿਆ।
ਐੱਸਐੱਸਪੀ ਮਨੀਕਾਂਤ ਮਿਸ਼ਰਾ ਦੇ ਅਨੁਸਾਰ, ਵਸੁੰਧਰਾ ਭੂਰਾਰਾਨੀ ਰੋਡ ਰੂਦਰਪੁਰ ਨਿਵਾਸੀ ਦੀਪਕ ਕੱਕੜ ਨੇ ਪੰਜ ਜੂਨ ਨੂੰ ਸ਼ਿਕਾਇਤ ਪੱਤਰ ਦਿੱਤਾ ਸੀ। ਦੋ ਮਈ ਨੂੰ ਦੀਪਕ ਦੇ ਮੋਬਾਈਲ ’ਤੇ ਇਕ ਲੜਕੀ ਦੀ ਵ੍ਹਟਸਐਪ ਕਾਲ ਆਈ ਤੇ ਉਸਨੇ ਆਪਣਾ ਨਾਂ ਅੰਕਿਤਾ ਸ਼ਰਮਾ ਦੱਸਿਆ। ਕਿਹਾ ਕਿ ਉਹ ਨੈਨੀਤਾਲ ਹਾਈ ਕੋਰਟ ’ਚ ਵਕੀਲ ਹੈ। ਉਹ ਆਪਣੇ ਕਲਾਇੰਟ ਨੂੰ ਫੋਨ ਕਰ ਰਹੀ ਸੀ, ਗ਼ਲਤੀ ਨਾਲ ਉਨ੍ਹਾਂ ਨੂੰ ਫੋਨ ਲੱਗ ਗਿਆ। ਬਾਅਦ ’ਚ ਲੜਕੀ ਨੇ ਵ੍ਹਟਸਐਪ ’ਤੇ ਚੈਟਿੰਗ ਸ਼ੁਰੂ ਕਰ ਦਿੱਤੀ ਤੇ ਭਾਵਨਾਤਮਕ ਗੱਲਾਂ ਨਾਲ ਪਿਆਰ ਦੇ ਜਾਲ ’ਚ ਫਸਾ ਲਿਆ। ਲੜਕੀ ਨੇ ਉਸ ਨੂੰ ਸੜਕ ਕੰਢੇ ਸਟੀਲ ਦੀ ਗਰਿੱਲ ਲਗਾਉਣ ਦਾ ਠੇਕਾ ਦਿਵਾਉਣ ਦੇ ਨਾਂ ’ਤੇ ਪੰਜ ਲੱਖ ਰੁਪਏ ਹੜੱਪੇ। ਫਿਰ 27 ਮਈ ਨੂੰ ਪਿਪਲੀਆ ਮੰਦਰ ਸਕੈਨੀਆ ਗਦਰਪੁਰ ’ਚ ਦੋਵਾਂ ਨੇ ਵਿਆਹ ਕਰ ਲਿਆ ਤੇ ਦੀਪਕ ਨਾਲ ਰਹਿਣ ਲੱਗੀ।

ਐੱਸਐੱਸਪੀ ਅਨੁਸਾਰ, ਇਸ ਤੋਂ ਬਾਅਦ ਉਹ ਲਗਾਤਾਰ 30 ਲੱਖ ਰੁਪਏ ਦੇਣ ਲਈ ਦਬਾਅ ਪਾਉਣ ਲੱਗੀ। ਜਦੋਂ ਦੀਪਕ ਨੇ ਅਸਮਰੱਥਾ ਪ੍ਰਗਟਾਈ ਤਾਂ ਅੰਕਿਤਾ ਨੇ ਪੰਜ ਜੂਨ ਦੀ ਸ਼ਾਮ ਰੁਪਏ ਨਾ ਦੇਣ ’ਤੇ ਹੱਤਿਆ ਕਰਵਾਉਣ ਦੀ ਧਮਕੀ ਦਿੱਤੀ। ਸ਼ਿਕਾਇਤ ਦਾ ਨੋਟਿਸ ਲੈਣ ਤੋਂ ਬਾਅਦ ਪੁਲਿਸ ਨੇ ਮਹਿਲਾ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ’ਚ ਪਤਾ ਲੱਗਾ ਕਿ ਉਸਦਾ ਨਾਂ ਅੰਕਿਤਾ ਨਹੀਂ ਹੈ। ਉਹ ਭੀਮਨਗਰ ਖਰਮਾਸਾ ਕੁੰਡੇਸ਼ਵਰੀ, ਥਾਣਾ ਕਾਸ਼ੀਪੁਰ (ਊਧਮ ਸਿੰਘ ਨਗਰ) ਦੀ ਬਲੈਕਮੇਲਰ ਹਿਨਾ ਰਾਵਤ ਹੈ। ਹਿਨਾ ਤੋਂ ਇਲਾਵਾ ਉਸਨੇ ਨਿਕੀਤਾ ਸਿੰਘ ਪੁੱਤਰੀ ਭੁਪੇਂਦਰ ਸਿੰਘ ਵਾਸੀ 64 ਮੈਟ੍ਰੋਪੋਲਿਸ ਰੂਦਰਪੁਰ ਦੇ ਨਾਂ ਨਾਲ ਵੀ ਇਕ ਹੋਰ ਆਧਾਰ ਕਾਰਡ ਬਣਵਾਇਆ ਹੈ। ਮੋਬਾਈਲ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਹ ਪਹਿਲਾਂ ਤੋਂ ਵਿਆਹੀ ਹੈ ਤੇ ਆਪਣੇ ਗਿਰੋਹ ਦੇ ਲੋਕਾਂ ਨਾਲ ਮਿਲ ਕੇ ਨੌਜਵਾਨਾਂ ਨੂੰ ਪਿਆਰ ਦੇ ਜਾਲ ’ਚ ਫਸਾ ਦੇ ਜਬਰ ਜਨਾਹ ਦੀ ਝੂਠੀ ਐੱਫਆਈਆਰ ਰਜਿਸਟਰਡ ਕਰ ਕੇ ਬਲੈਕਮੇਲ ਕਰਦੀ ਹੈ।





Comments