google-site-verification=ILda1dC6H-W6AIvmbNGGfu4HX55pqigU6f5bwsHOTeM
top of page

ਫੀਸ ਨਾ ਭਰਨ ’ਤੇ ਨਿੱਜੀ ਸਕੂਲ ਦੀ ਅਧਿਆਪਕਾ ਨੇ ਮਾਰਿਆ ਥੱਪੜ, ਕੁੜੀ ਨੇ ਨਿਗਲੀ ਜ਼ਹਿਰ

  • Mar 11, 2024
  • 2 min read

11/03/2024

ਫਿਰੋਜ਼ਪੁਰ ਦੇ ਥਾਣਾ ਘੱਲ ਖੁਰਦ ਤਹਿਤ ਪੈਂਦੇ ਪਿੰਡ ਸ਼ਕੂਰ ਵਿਚ ਬੀਤੇ ਮੰਗਲਵਾਰ ਇਕ ਨਿੱਜੀ ਸਕੂਲ ਵਿਚ ਪੜ੍ਹਨ ਵਾਲੀ ਵਿਦਿਆਰਥਣ ਨੇ ਜ਼ਹਿਰ ਨਿਗਲ ਲਿਆ। ਦੋਸ਼ ਹੈ ਕਿ ਸਕੂਲ ’ਚ ਅਧਿਆਪਕਾ ਨੇ ਫੀਸ ਨਾ ਭਰਨ ’ਤੇ ਵਿਦਿਆਰਥਣ ਨੂੰ ਬੇਇੱਜ਼ਤ ਕੀਤਾ ਤੇ ਥੱਪੜ ਮਾਰੇ ਸਨ। ਵਿਦਿਆਰਥਣ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਥਾਣਾ ਘੱਲ ਖੁਰਦ ਦੀ ਪੁਲਿਸ ਨੇ ਵਿਦਿਆਰਥਣ ਦੇ ਬਿਆਨਾਂ ’ਤੇ ਅਧਿਆਪਕਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਐੱਸਆਈ ਸਰਬਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਵਿਦਿਆਰਥਣ ਕੋਮਲਜੀਤ ਕੌਰ ਵਾਸੀ ਪਿੰਡ ਤੂਤ ਨੇ ਦੱਸਿਆ ਕਿ ਉਹ 11ਵੀਂ ਦੀ ਵਿਦਿਆਰਥਣ ਹੈ। ਮੰਗਲਵਾਰ ਨੂੰ ਜਦੋਂ ਉਹ ਸਕੂਲ ਗਈ ਤਾਂ ਸਕੂਲ ਦੀ ਮਾਲਿਕ ਮੁਲਜ਼ਮ ਹਰਜੀਤ ਕੌਰ ਵਾਸੀ ਸ਼ਕੂਰ ਕਲਾਸ ਵਿਚ ਆਈ ਤੇ ਉਸ ਨੂੰ ਖੜ੍ਹੀ ਕਰ ਕੇ ਫੀਸ ਬਾਰੇ ਪੁੱਛਿਆ ਜਿਸ ’ਤੇ ਉਸ ਨੇ ਕਿਹਾ ਕਿ ਮੇਰੇ ਪਿਤਾ ਫੀਸ ਦੇ ਦੇਣਗੇ। ਇਸ ਦੇ ਬਾਅਦ ਅਧਿਆਪਕਾ ਨੇ ਉਸ ਦੇ ਪਿਤਾ ਨੂੰ ਫੋਨ ਕੀਤਾ ਪਰ ਜਦੋਂ ਪਿਤਾ ਨੇ ਫੋਨ ਨਹੀਂ ਚੁੱਕਿਆ ਤਾਂ ਅਧਿਆਪਕਾ ਨੇ ਉਸ ਨੂੰ ਬੁਰਾ-ਭਲਾ ਕਿਹਾ। ਇਸ ਦੇ ਨਾਲ ਹੀ ਸਾਰੀ ਕਲਾਸ ਦੇ ਬੱਚਿਆਂ ਦੇ ਸਾਹਮਣੇ ਉਸ ਨੂੰ ਥੱਪੜ ਵੀ ਮਾਰੇ ਤੇ ਕਲਾਸ ਵਿਚੋਂ ਬਾਹਰ ਕੱਢ ਦਿੱਤਾ। ਇਸ ਦੇ ਬਾਅਦ ਘਰ ਆ ਕੇ ਉਸ ਨੇ ਸਾਰੀ ਗੱਲ ਮਾਪਿਆਂ ਨੂੰ ਦੱਸੀ। ਅਗਲੇ ਦਿਨ ਬੁੱਧਵਾਰ ਨੂੰ ਉਸ ਦੀ ਮਾਂ ਤੇ ਭੂਆ ਸਕੂਲ ਗਈਆਂ ਤੇ ਅਧਿਆਪਕਾ ਹਰਜੀਤ ਕੌਰ ਤੇ ਉਸ ਦੇ ਪੁੱਤਰ ਗੁਰਸਿਮਰਨ ਨੇ ਉਸ ਦੀ ਮਾਂ ਤੇ ਭੂਆ ਦੀ ਬੇਇੱਜ਼ਤੀ ਕੀਤੀ, ਜਦੋਂ ਉਸ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਜ਼ਹਿਰ ਨਿਗਲ ਲਿਆ। ਵਿਦਿਆਰਥਣ ਦੇ ਪਿਤਾ ਜਸਵੀਰ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੀ ਸਕੂਲ ਵਿਚ ਉਨ੍ਹਾਂ 40 ਹਜ਼ਾਰ ਰੁਪਏ ਜਮ੍ਹਾਂ ਕਰਵਾਏ ਹਨ। ਇਸ ਦੇ ਬਾਅਦ ਸਕੂਲ ਵਾਲਿਆਂ ਨੇ ਕਿਹਾ ਕਿ ਉਸ ਦੀ ਬੇਟੀ ਦੀ ਨੌਵਾਂ ਕਲਾਸ ਦੀ ਫੀਸ 51 ਹਜ਼ਾਰ ਰੁਪਏ ਤੇ 11ਵੀਂ ਦੇ 24 ਹਜ਼ਾਰ ਰੁਪਏ ਬਕਾਇਆ ਹਨ।


ਸ਼ਿਕਾਇਤ ਆਈ ਤਾਂ ਕਰਾਵਾਂਗੇ ਜਾਂਚ : ਡੀਈਓ

ਜ਼ਿਲ੍ਹਾ ਸਿੱਖਿਆ ਅਧਿਕਾਰੀ ਨੀਲਮ ਰਾਣੀ ਨੇ ਕਿਹਾ ਕਿ ਹਾਲੇ ਅਜਿਹੀ ਕੋਈ ਸ਼ਿਕਾਇਤ ਨਹੀਂ ਆਈ ਹੈ। ਜੇਕਰ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਕਮੇਟੀ ਬਣਾਈ ਜਾਵੇਗੀ ਤੇ ਜਾਂਚ ਕੀਤੀ ਜਾਵੇਗੀ। ਕਮੇਟੀ ਦੀ ਰਿਪੋਰਟ ਦੇ ਆਧਾਰ ’ਤੇ ਸਕੂਲ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

Comments


Logo-LudhianaPlusColorChange_edited.png
bottom of page