ਬਾਰਿਸ਼ ਨੇ ਦਿੱਤੀ ਰਾਹਤ ਤਾਂ ਗੜੇਮਾਰੀ ਨੇ ਫ਼ਸਲਾਂ ਨੂੰ ਪਹੁੰਚਾਇਆ ਨੁਕਸਾਨ, ਕੁਝ ਸੂਬਿਆਂ ’ਚ ਅੱਜ ਤੇ ਭਲਕੇ ਬਾਰਿਸ਼ ਦਾ ਅਨੁਮਾਨ, ਠੰਢ ਵਧੀ
- bhagattanya93
- Feb 2, 2024
- 2 min read
02/02/2024
ਰਾਸ਼ਟਰੀ ਰਾਜਧਾਨੀ ਦਿੱਲੀ, ਉੱਤਰ ਪ੍ਰਦੇਸ਼, ਪੰਜਾਬ ਤੇ ਹਰਿਆਣੇ ਸਣੇ ਉੱਤਰੀ ਭਾਰਤ ਦੇ ਕਈ ਸੂੁਬਿਆਂ ’ਚ ਲਗਾਤਾਰ ਦੂਜੇ ਦਿਨ ਵੀ ਬਾਰਿਸ਼ ਹੋਈ। ਇਸ ਨਾਲ ਠੰਢ ਤਾਂ ਵਧੀ ਪਰ ਕਣਕ ਦੀ ਫ਼ਸਲ ਲਈ ਬਾਰਿਸ਼ ਦੀ ਉਡੀਕ ਕਰ ਰਹੇ ਕਿਸਾਨਾਂ ਨੂੰ ਰਾਹਤ ਮਿਲੀ ਹੈ। ਲਿਹਾਜ਼ਾ ਪੰਜਾਬ ਤੇ ਹਰਿਆਣੇ ’ਚ ਬਾਰਿਸ਼ ਦੇ ਨਾਲ-ਨਾਲ ਗੜੇਮਾਰੀ ਹੋਣ ਨਾਲ ਫ਼ਸਲਾਂ ਨੂੰ ਨੁਕਸਾਨ ਪੁੱਜਾ ਹੈ। ਪਹਾੜੀ ਸੂਬਿਆਂ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ’ਚ ਬਾਰਿਸ਼ ਦੇ ਨਾਲ-ਨਾਲ ਬਰਫ਼ਬਾਰੀ ਵੀ ਹੋਈ। ਇਸ ਨਾਲ ਜਨਜੀਵਨ ਤਾਂ ਪ੍ਰਭਾਵਿਤ ਹੋਇਆ ਪਰ ਸੈਰ-ਸਪਾਟਾ ਵਧੇਗਾ। ਬਰਫ਼ਬਾਰੀ ਕਾਰਨ ਸੇਬ ਉਤਪਾਦਕ ਖ਼ੁਸ਼ ਹਨ। ਬਾਰਿਸ਼ ਨਾਲ ਹਵਾ ਦੀ ਗੁਣਵੱਤਾ ’ਚ ਵੀ ਸੁਧਾਰ ਹੋਇਆ ਹੈ। ਮੌਸਮ ਵਿਭਾਗ ਮੁਤਾਬਕ, ਉੱਤਰੀ ਭਾਰਤ ਦੇ ਕੁਝ ਸੂਬਿਆਂ ’ਚ ਸ਼ੁੱਕਰਵਾਰ ਤੇ ਸ਼ਨਿਚਰਵਾਰ ਨੂੰ ਵੀ ਬਾਰਿਸ਼ ਹੋ ਸਕਦੀ ਹੈ।
ਦਿੱਲੀ ’ਚ 24 ਘੰਟਿਆਂ ਦੀ ਬਾਰਿਸ਼ ਨਾਲ ਦੋ ਮਹੀਨਿਆਂ ਦੀ ਭਰਪਾਈ
ਦਿੱਲੀ ’ਚ ਸਿਰਫ਼ 24 ਘੰਟਿਆਂ ਦੀ ਬਾਰਿਸ਼ ਨੇ ਦਸੰਬਰ-ਜਨਵਰੀ ਮਹੀਨਿਆਂ ਦਾ ‘ਸੋਕਾ’ ਖ਼ਤਮ ਕਰ ਦਿੱਤਾ ਹੈ। ਬੁੱਧਵਾਰ ਤੋਂ ਲੈ ਕੇ ਵੀਰਵਾਰ ਸ਼ਾਮ ਸਾਢੇ ਪੰਜ ਵਜੇ ਤੱਕ 27.1 ਮਿਮੀ ਬਾਰਿਸ਼ ਹੋਈ ਹੈ। ਦਸੰਬਰ ਦੀ ਆਮ ਬਾਰਿਸ਼ 8.1 ਮਿਮੀ, ਜਦਕਿ ਜਨਵਰੀ ਦੀ 19.5 ਮਿਮੀ ਹੈ ਪਰ ਇਸ ਵਾਰ ਦੋਵੇਂ ਮਹੀਨੇ ਸੁੱਕੇ ਰਹੇ ਸਨ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਸ਼ੁੱਕਰਵਾਰ ਸਵੇਰੇ ਦਰਮਿਆਨੀ ਤੋੋਂ ਸੰਘਣੀ ਧੁੰਦ ਪਵੇਗੀ। ਦਿਨ ’ਚ ਅੰਸ਼ਕ ਤੌਰ ’ਤੇ ਬੱਦਲ ਛਾਏ ਰਹਿਣਗੇ।
ਉੱਤਰਾਖੰਡ ’ਚ ਸੈਲਾਨੀਆਂ, ਕਿਸਾਨਾਂ ਤੇ ਬਾਗ਼ਬਾਨਾਂ ਦੇ ਚਿਹਰੇ ਖਿੜੇ
ਉੱਤਰਾਖੰਡ ’ਚ ਲਗਾਤਾਰ ਦੂਜੇ ਦਿਨ ਬਰਫ਼ਬਾਰੀ ਤੇ ਬਾਰਿਸ਼ ਹੋਣ ਨਾਲ ਸੈਲਾਨੀਆਂ, ਕਿਸਾਨਾਂ ਤੇ ਬਾਗ਼ਬਾਨਾਂ ਦੇ ਚਿਹਰੇ ਖਿੜ ਗਏ ਹਨ। ਪੂਰੀਆਂ ਸਰਦੀਆਂ ’ਚ ਪਹਿਲੀ ਵਾਰ ਇਸ ਤਰ੍ਹਾਂ ਬਰਫ਼ਬਾਰੀ ਤੇ ਬਾਰਿਸ਼ ਹੋਈ ਹੈ। ਨੈਨੀਤਾਲ ਦੀ ਸਭ ਤੋਂ ਉੱਚੀ ਚੋਟੀ ਚਾਇਨਾ ਪੀਕ ’ਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਹੋਈ। ਮਸੂਰੀ ’ਚ ਸਵੇਰੇ ਗੜ੍ਹੇਮਾਰੀ ਤੇ ਦੁਪਹਿਰ ਬਾਅਦ ਹਲਕੀ ਬਰਫ਼ਬਾਰੀ ਹੋਈ। ਬਰਫ਼ਬਾਰੀ ਨਾਲ ਚਾਰ ਧਾਮ ਸਮੇਤ ਹਿਮਾਲਿਆ ਦੀਆਂ ਚੋਟੀਆਂ ਚਾਂਦੀ ਵਾਂਗ ਚਮਕ ਉੱਠੀਆਂ। ਕੇਦਾਰਨਾਥ ਧਾਮ ’ਚ ਦੋ ਫੁੱਟ ਤੋਂ ਜ਼ਿਆਦਾ ਬਰਫ਼ ਪਈ। ਬਰਫ਼ਬਾਰੀ ਨਾਲ ਬਦਰੀਨਾਥ ਰਾਜਮਾਰਗ ’ਤੇ ਹਨੂੰਮਾਨਚੱਟੀ ਨੇੜੇ ਅੜਿੱਕਾ ਪਿਆ ਜਦਕਿ ਉੱਤਰਕਾਸ਼ੀ ’ਚ ਗੰਗੋਤਰੀ ਰਾਜਮਾਰਗ ’ਤੇ ਗੰਗਨਾਨੀ ਤੋਂ ਅੱਗੇ ਰੁਕਾਵਟ ਪਈ। ਹਿਮਾਲਿਆ ਦੀ ਚੋਟੀਆਂ ’ਤੇ ਅਗਲੇ ਤਿੰਨ ਦਿਨਾਂ ਤੱਕ ਬਰਫ਼ਬਾਰੀ ਹੋ ਸਕਦੀ ਹੈ।
ਦੇਸ਼ ਦਾ ਕਸ਼ਮੀਰ ਨਾਲ ਸੜਕੀ ਸੰਪਰਕ ਟੁੱਟਿਆ
ਜੰਮੂ-ਕਸ਼ਮੀਰ ’ਚ ਪਹਾੜਾਂ ਦੇ ਨਾਲ ਸ੍ਰੀਨਗਰ, ਕਟੜਾ ’ਚ ਮਾਤਾ ਵੈਸ਼ਨੋ ਦੇਵੀ ਦੇ ਭਵਨ, ਭੈਰੋਂ ਘਾਟੀ ਤੇ ਪਤਨੀਟਾਪ ਸਣੇ ਕਈ ਹਿੱਸਿਆਂ ’ਚ ਇਸ ਮੌਸਮ ਦੀ ਪਹਿਲੀ ਬਰਫ਼ਬਾਰੀ ਹੋਈ। ਇਸ ਨਾਲ ਲੋਕਾਂ ਦੇ ਚਿਹਰੇ ਖਿੜ ਗਏ ਪਰ ਇਹ ਮੌਸਮ ਪਰੇਸ਼ਾਨੀ ਦਾ ਵੀ ਸਬੱਬ ਬਣਿਆ। ਰਾਮਬਨ ਜ਼ਿਲ੍ਹੇ ’ਚ ਜ਼ਮੀਨ ਖਿਸਕਣ ਤੇ ਬਨਿਹਾਲ ’ਚ ਬਰਫ਼ਬਾਰੀ ਨਾਲ ਜੰਮੂ-ਕਸ਼ਮੀਰ ਰਾਸ਼ਟਰੀ ਰਾਜਮਾਰਗ ਬੰਦ ਹੋ ਗਿਆ। ਇਸ ਨਾਲ ਦੇਸ਼ ਦਾ ਕਸ਼ਮੀਰ ਨਾਲੋਂ ਸੰਪਰਕ ਟੁੱਟ ਗਿਆ। ਜੰਮੂ ਤੋਂ ਸ੍ਰੀਨਗਰ ਤੱਕ ਹਾਈਵੇ ’ਤੇ ਥਾਂ-ਥਾਂ ਵਾਹਨ ਰੋਕੇ ਜਾਣ ਨਾਲ ਲੰਬੀਆਂ ਕਤਾਰਾਂ ਲੱਗ ਗਈਆਂ। ਜੰਮੂ-ਕਸ਼ਮੀਰ ਆਫਤ ਪ੍ਰਬੰਧਨ ਅਥਾਰਟੀ ਨੇ ਉੱਚ ਪਹਾੜੀ ਖੇਤਰਾਂ ’ਚ ਜ਼ਮੀਨ ਖਿਸਕਣ ਦੀ ਚਿਤਾਵਨੀ ਦਿੰਦਿਆਂ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।
ਸੜਕੀ ਮਾਰਗ ਬੰਦ, ਬਰਫ਼ ਨਾਲ ਢਕੀਆਂ ਵਾਦੀਆਂ ’ਚ ਰੇਲ ਆਵਾਜਾਈ ਜਾਰੀ
ਭਾਰੀ ਬਰਫ਼ਬਾਰੀ ਤੇ ਜ਼ਮੀਨੀ ਖਿਸਕਾਅ ਕਾਰਨ ਇਸ ਸਮੇਂ ਕਸ਼ਮੀਰ ਨੂੰ ਜੋੜਨ ਵਾਲੇ ਤਿੰਨ ਸੜਕੀ ਸੰਪਰਕ ਮਾਰਗ ਜੰਮੂ-ਕਸ਼ਮੀਰ ਹਾਈਵੇ, ਮੁਗ਼ਲ ਰੋਡ ਤੇ ਸਿੰਥਨਟਾਪ ਮਾਰਗ ਬੰਦ ਹਨ। ਬਾਵਜੂਦ ਇਸ ਦੇ ਕਸ਼ਮੀਰ ’ਚ ਰੇਲ ਆਵਾਜਾਈ ਜਾਰੀ ਹੈ। ਕਸ਼ਮੀਰ ਦੇ ਬਾਰਾਮੁਲਾ ਤੋਂ ਰੇਲ ਗੱਡੀਆਂ ਲਗਾਤਾਰ ਯਾਤਰੀਆਂ ਨੂੰ ਲੈ ਕੇ ਸ੍ਰੀਨਗਰ ਤੇ ਬਡਗਾਮ ਹੁੰਦੇ ਹੋਏ ਜੰਮੂ ਡਵੀਜ਼ਨ ਦੇ ਬਨਿਹਾਲ ਤੱਕ ਚੱਲ ਰਹੀਆਂ ਹਨ। ਇਸ ਦਰਮਿਆਨ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਵੀ ‘ਐਕਸ’ ’ਤੇ ਬਾਰਾਮੁਲਾ-ਬਨਿਹਾਲ ਦਰਮਿਆਨ ਜਾਰੀ ਰੇਲ ਸੇਵਾ ਦੀ ਵੀਡੀਓ ਪੋਸਟ ਕਰਦਿਆਂ ਕਿਹਾ ਕਿ ਭਾਰੀ ਬਰਫ਼ਬਾਰੀ ਦੇ ਬਾਵਜੂਦ ਰੇਲਵੇ ਨੇ ਆਪਣੀ ਆਵਾਜਾਈ ਜਾਰੀ ਰੱਖੀ ਹੈ ਜੋ ਰੇਲ ਮੰਤਰਾਲੇ ਦੇ ਸਮਰਪਣ ਨੂੰ ਦਰਸਾਉਂਦਾ ਹੈ। ਉਨ੍ਹਾਂ ਲਿਖਿਆ ‘ਕਸ਼ਮੀਰ ਦੀਆਂ ਵਾਦੀਆਂ ’ਚ ਸਨੋਫਾਲ’।
Komentāri