ਭਾਰਤੀ ਧੀਆਂ ਨੇ ਬੈਡਮਿੰਟਨ ’ਚ ਰਚਿਆ ਇਤਿਹਾਸ, ਏਸ਼ੀਆ ਟੀਮ ਚੈਂਪੀਅਨਸ਼ਿਪ ’ਚ ਮਹਿਲਾ ਟੀਮ ਨੇ ਪਹਿਲੀ ਵਾਰ ਜਿੱਤਿਆ ਗੋਲਡ
- bhagattanya93
- Feb 19, 2024
- 2 min read
19/02/2024
ਸਟਾਰ ਸ਼ਟਲਰ ਅਨਮੋਲ ਖਰਬ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ’ਤੇ ਭਾਰਤੀ ਮਹਿਲਾ ਬੈਡਮਿੰਟਨ ਟੀਮ ਨੇ ਐਤਵਾਰ ਨੂੰ ਏਸ਼ੀਆ ਟੀਮ ਚੈਂਪੀਅਨਸ਼ਿਪ ਦੇ ਫਾਈਨਲ ’ਚ ਥਾਈਲੈਂਡ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ। ਭਾਰਤੀ ਕੁੜੀਆਂ ਨੇ ਦਿਲਚਸਪ ਮੁਕਾਬਲੇ ’ਚ 3-2 ਨਾਲ ਜਿੱਤ ਦਰਜ ਕਰਦਿਆਂ ਟੂਰਨਾਮੈਂਟ ’ਚ ਆਪਣਾ ਪਹਿਲਾ ਗੋਲਡ ਮੈਡਲ ਜਿੱਤਿਆ। ਇਸ ਤੋਂ ਪਹਿਲਾਂ ਭਾਰਤ ਨੇ ਇਸ ਟੂਰਨਾਮੈਂਟ ’ਚ ਦੋ ਮੈਡਲ ਜਿੱਤੇ ਸਨ ਜਿਸ ’ਚ ਪੁਰਸ਼ ਟੀਮ ਨੇ 2016 ਤੇ 2020 ’ਚ ਕਾਂਸੇ ਦਾ ਮੈਡਲ ਜਿੱਤਿਆ ਸੀ।
ਮਲੇਸ਼ੀਆ ਦੇ ਸ਼ਾਹ ਆਲਮ ’ਚ ਖੇਡੇ ਗਏ ਟੂਰਨਾਮੈਂਟ ’ਚ ਦੋ ਵਾਰ ਓਲੰਪਿਕ ਮੈਡਲ ਜੇਤੂ ਪੀਵੀ ਸਿੰਧੂ ਨੇ ਪਹਿਲੇ ਸਿੰਗਲਜ਼ ਮੁਕਾਬਲੇ ’ਚ ਹਮਲਾਵਰ ਖੇਡ ਦਿਖਾਉਂਦਿਆਂ ਦੁਨੀਆ ਦੀ 17ਵੇਂ ਨੰਬਰ ਦੀ ਖਿਡਾਰੀ ਸੁਪਨਿਦਾ ਕਾਤੇਥੋਂਗ ਨੂੰ ਸਿੱਧੀ ਗੇਮ ’ਚ 21-12 ਨਾਲ ਹਰਾਇਆ। ਡਬਲਜ਼ ਮੁਕਾਬਲੇ ’ਚ ਤ੍ਰੀਸਾ ਜਾਲੀ ਤੇ ਗਾਇਤਰੀ ਗੋਪੀਚੰਦ ਨੇ ਸ਼ਾਨਦਾਰ ਲੈਅ ਜਾਰੀ ਰੱਖਦਿਆਂ ਆਪਣੇ ਤੋਂ ਉੱਚੀ ਰੈਂਕਿੰਗ ਵਾਲੀ ਜੋਂਗਕੋਲਫਾਨ ਕਿਤਿਥਾਰਾਕੁਲ ਤੇ ਰਾਵਿੰਡਾ ਪ੍ਰਾ ਜੋਂਗਜਈ ਦੀ ਜੋੜੀ ਨੂੰ 21-16, 18-21, 21-16 ਨਾਲ ਹਰਾ ਕੇ ਭਾਰਤ ਨੂੰ 2-0 ਨਾਲ ਅੱਗੇ ਕਰ ਦਿੱਤਾ। ਸੈਮੀਫਾਈਨਲ ’ਚ ਸਾਬਕਾ ਵਿਸ਼ਵ ਚੈਂਪੀਅਨ ਜਾਪਾਨੀ ਖਿਡਾਰੀ ਨੋਜ਼ੋਮੀ ਓਕੁਹਾਰਾ ਨੂੰ ਹਰਾਉਣ ਵਾਲੀ ਅਸ਼ਮਿਤਾ ਚਹਿਲਾ ਨੂੰ ਦੂਜੇ ਸਿੰਗਲਜ਼ ਮੈਚ ’ਚ ਬੁਸਾਨਨ ਓਂਗਬਾਮਰੁੰਗਫਾਨ ਨੇ 11-21, 14-21 ਨਾਲ ਹਰਾਇਆ। ਇਸ ਤੋਂ ਬਾਅਦ ਭਾਰਤ ਦੂਜਾ ਡਬਲਜ਼ ਮੁਕਾਬਲਾ ਵੀ ਹਾਰ ਗਿਆ। ਸ਼ਰੁਤੀ ਮਿਸ਼ਰਾ ਤੇ ਪਿ੍ਰਆ ਕੋਂਜੇਂਗੇਬਾਮ ਨੂੰ ਬੇਨਯਾਪਾ ਐਮਸਾਰਡ ਤੇ ਨੁਨਟਾਕਰਨ ਐਮਸਾਰਡ ਦੀ ਜੋੜੀ ਤੋਂ 11-21, 9-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮੈਚ ਹੁਣ 2-2 ਦੀ ਬਰਾਬਰੀ ’ਤੇ ਸੀ ਤੇ ਭਾਰਤ ਨੂੰ ਇਤਿਹਾਸਕ ਗੋਲਡ ਮੈਡਲ ਦਿਵਾਉਣ ਦਾ ਦਾਰੋਮਦਾਰ ਅਨਮੋਲ ’ਤੇ ਸੀ। ਅਨਮੋਲ ਨੇ ਪੋਰਨਪਿਚਾ ਚੋਇਕੀਵੋਂਗ ਨੂੰ 21-14, 21-9 ਨਾਲ ਹਰਾ ਕੇ ਭਾਰਤ ਨੂੰ ਗੋਲਡ ਮੈਡਲ ਦਿਵਾ ਦਿੱਤਾ। ਭਾਰਤ ਦੀ ਇਸ ਸ਼ਾਨਦਾਰ ਜਿੱਤ ਤੋਂ ਬਾਅਦ ਸਾਰੀਆਂ ਖਿਡਾਰਣਾਂ ਨੇ ਅਨਮੋਲ ਨੂੰ ਗਲ਼ੇ ਲਗਾ ਲਿਆ।
ਇਹ ਭਾਰਤੀ ਬੈਡਮਿੰਟਨ ਲਈ ਬਹੁਤ ਵੱਡਾ ਪਲ਼ ਹੈ ਕਿਉਂਕਿ ਇੱਥੇ ਇਤਿਹਾਸ ਰਚਿਆ ਗਿਆ ਹੈ। ਜਾਪਾਨ ਤੇ ਚੀਨ ਵਰਗੀਆਂ ਤਾਕਤਵਰ ਟੀਮਾਂ ਨੂੰ ਹਰਾ ਕੇ ਫਾਈਨਲ ’ਚ ਪੁੱਜਣਾ ਵੱਡੀ ਗੱਲ ਸੀ। ਅਸੀਂ ਬਹੁਤ ਖ਼ੁਸ਼ ਹਾਂ ਕਿ ਅਸੀਂ ਗੋਲਡ ਜਿੱਤਿਆ।’
ਭਾਰਤ ਨੇ ਟੈਸਟ ’ਚ ਦਰਜ ਕੀਤੀ ਸਭ ਤੋਂ ਵੱਡੀ ਜਿੱਤ
ਰਾਜਕੋਟ : ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ (214) ਦੇ ਦੋਹਰੇ ਸੈਂਕੜੇ ਤੇ ਆਲਰਾਊਂਡਰ ਰਵਿੰਦਰ ਜਡੇਜਾ ਦੀਆਂ ਪੰਜ ਵਿਕਟਾਂ ਦੀ ਮਦਦ ਨਾਲ ਭਾਰਤ ਨੇ ਇੰਗਲੈਂਡ ਨੂੰ ਤੀਜੇ ਟੈਸਟ ਮੈਚ ’ਚ ਚੌਥੇ ਦਿਨ ਹੀ 434 ਦੌੜਾਂ ਨਾਲ ਹਰਾ ਕੇ ਟੈਸਟ ’ਚ ਆਪਣੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ। ਭਾਰਤੀ ਟੀਮ ਨੇ ਪੰਜ ਮੈਚਾਂ ਦੀ ਸੀਰੀਜ਼ ’ਚ 2-1 ਦੀ ਲੀਡ ਲੈ ਲਈ ਹੈ। ਜਡੇਜਾ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਪਲੇਅਰ ਆਫ ਦਿ ਮੈਚ ਚੁਣਿਆ ਗਿਆ। ਮੈਚ ’ਚ ਸੱਤ ਵਿਕਟਾਂ ਲੈਣ ਤੋਂ ਇਲਾਵਾ ਜਡੇਜਾ ਨੇ ਪਹਿਲੀ ਪਾਰੀ ’ਚ ਸੈਂਕੜਾ ਵੀ ਮਾਰਿਆ ਸੀ।
ਭਾਰਤ ਨੇ ਐਤਵਾਰ ਨੂੰ ਆਪਣੀ ਦੂਜੀ ਪਾਰੀ ਚਾਰ ਵਿਕਟਾਂ ’ਤੇ 430 ਦੌੜਾਂ ’ਤੇ ਐਲਾਨ ਦਿੱਤੀ ਤੇ ਇੰਗਲੈਂਡ ਟੀਮ ਨੂੰ 557 ਦੌੜਾਂ ਦਾ ਵਿਸ਼ਾਲ ਟੀਚਾ ਮਿਲਿਆ। ਭਾਰਤੀ ਗੇਂਦਬਾਜ਼ੀ ਅੱਗੇ ਮਹਿਮਾਨ ਟੀਮ ਸਿਰਫ਼ 122 ਦੌੜਾਂ ’ਤੇ ਹੀ ਢੇਰ ਹੋ ਗਈ। ਇਸ ਤੋਂ ਪਹਿਲਾਂ ਭਾਰਤ ਦੀ ਦੌੜਾਂ ਦੇ ਫ਼ਰਕ ਨਾਲ ਸਭ ਤੋਂ ਵੱਡੀ ਜਿੱਤ 372 ਦੌੜਾਂ ਦੀ ਸੀ ਜਿਹੜੀ ਉਸ ਨੂੰ 2021 ’ਚ ਮੁੰਬਈ ’ਚ ਨਿਊਜ਼ੀਲੈਂਡ ਖ਼ਿਲਾਫ਼ ਮਿਲੀ ਸੀ। ਇੰਗਲੈਂਡ ਖ਼ਿਲਾਫ਼ ਇਹ ਕਿਸੇ ਵੀ ਟੀਮ ਦੀ ਦੂਜੀ ਸਭ ਤੋਂ ਵੱਡੀ ਜਿੱਤ ਹੈ। ਭਾਰਤੀ ਧਰਤੀ ’ਤੇ ਦੌੜਾਂ ਦੇ ਲਿਹਾਜ਼ ਨਾਲ ਇਹ ਸਭ ਤੋਂ ਵੱਡੀ ਜਿੱਤ ਦਾ ਰਿਕਾਰਡ ਵੀ ਹੈ।
ਦੌੜਾਂ ਦੇ ਫ਼ਰਕ ਨਾਲ ਭਾਰਤ ਦੀ ਸਭ ਤੋਂ ਵੱਡੀ ਟੈਸਟ ਜਿੱਤ
ਦੌੜਾਂ ਦਾ ਅੰਤਰ ਬਨਾਮ ਸਥਾਨ ਸਾਲ
434 ਇੰਗਲੈਂਡ ਰਾਜਕੋਟ 2024
372 ਨਿਊਜ਼ੀਲੈਂਡ ਮੁੰਬਈ 2021
337 ਦੱਖਣੀ ਅਫਰੀਕਾ ਦਿੱਲੀ 2015
321 ਨਿਊਜ਼ੀਲੈਂਡ ਇੰਦੌਰ 2016
320 ਆਸਟ੍ਰੇਲੀਆ ਮੁਹਾਲੀ 2008






Comments