ਭਾਰਤ 'ਚ ਕਿਵੇਂ ਬਦਲਿਆ ਮੌਨਸੂਨ ਦਾ ਪੈਟਰਨ, ਆਮ ਜਨਜੀਵਨ 'ਤੇ ਕੀ ਪਵੇਗਾ ਅਸਰ ?
- bhagattanya93
- Jul 6
- 3 min read
06/07/2025

ਜਲਵਾਯੂ ਪਰਿਵਰਤਨ ਕਾਰਨ ਭਾਰਤ ਦੇ ਮੌਨਸੂਨ 'ਚ ਬਹੁਤ ਵੱਡੇ ਬਦਲਾਅ ਹੋ ਰਹੇ ਹਨ। ਹਿਮਾਚਲ ਪ੍ਰਦੇਸ਼ ਇਸ ਸਮੇਂ ਭਿਆਨਕ ਮੌਨਸੂਨ ਦੀ ਲਪੇਟ ਵਿਚ ਹੈ। ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੋ ਰਹੀ ਬਰਸਾਤ ਕਾਰਨ 260 ਤੋਂ ਵੱਧ ਸੜਕਾਂ ਬਲੌਕ ਹੋ ਚੁੱਕੀਆਂ ਹਨ, ਜਿਨ੍ਹਾਂ ਵਿਚ 176 ਸੜਕਾਂ ਸਿਰਫ ਮੰਡੀ ਜ਼ਿਲ੍ਹੇ 'ਚ ਹਨ। ਭਾਰਤੀ ਮੌਸਮ ਵਿਭਾਗ ਨੇ ਕਾਂਗੜਾ, ਸਿਰਮੌਰ ਤੇ ਮੰਡੀ ਜ਼ਿਲ੍ਹਿਆਂ ਲਈ ਭਾਰੀ ਬਰਸਾਤ ਦਾ ਅਲਰਟ ਜਾਰੀ ਕੀਤਾ ਹੈ।
ਇਸ ਹਫ਼ਤੇ ਬਦਲ ਫੱਟਣ ਜਾਂ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 69 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 37 ਲਾਪਤਾ ਹਨ। ਪਿਛਲੇ ਸਾਲ ਹਿਮਾਚਲ ਪ੍ਰਦੇਸ਼ ਵਿਚ ਮੌਨਸੂਨ ਦੇ ਮੌਸਮ ਦੌਰਾਨ 550 ਤੋਂ ਵੱਧ ਲੋਕ ਮਾਰੇ ਗਏ ਸਨ। ਇਸ ਸੰਦਰਭ 'ਚ ਸਵਾਲ ਉੱਠਦਾ ਹੈ ਕਿ ਆਖਿਰਕਾਰ ਮੌਨਸੂਨ ਇੰਨਾ ਖਤਰਨਾਕ ਤੇ ਅਣਕਿਆਸਾ ਕਿਵੇਂ ਹੁੰਦਾ ਜਾ ਰਿਹਾ ਹੈ?

ਕੀ ਹੈ ਮਾਹਿਰਾਂ ਦੀ ਰਾਏ
ਅਜਿਹੀਆਂ ਘਟਨਾਵਾਂ ਦੀ ਵਧਦੀ ਗਿਣਤੀ ਤੇ ਗੰਭੀਰਤਾ ਲਈ ਵਿਦਵਾਨ ਪੌਣ-ਪਾਣੀ ਪਰਿਵਰਤਨ ਨੂੰ ਜ਼ਿੰਮੇਵਾਰ ਮੰਨਦੇ ਹਨ। ਇਹੀ ਕਾਰਨ ਹੈ ਕਿ ਭਾਰਤ 'ਚ ਮੌਨਸੂਨ ਦਾ ਵਿਹਾਰ ਬਦਲ ਰਿਹਾ ਹੈ। ਇਹ ਬਦਲਾਅ ਦੇਸ਼ ਭਰ 'ਚ ਕਿਸਾਨੀ, ਪਾਣੀ ਦੀ ਪ੍ਰਣਾਲੀ ਤੇ ਆਫ਼ਤ ਤਿਆਰੀਆਂ ਨੂੰ ਖਤਰੇ 'ਚ ਪਾ ਰਿਹਾ ਹੈ, ਜਿਸ ਨਾਲ ਮੌਨਸੂਨ ਪਹਿਲਾਂ ਤੋਂ ਕਿਤੇ ਵੱਧ ਖਤਰਨਾਕ ਤੇ ਅਣਕਿਆਸਾ ਹੋ ਜਾਂਦਾ ਹੈ।
ਪਿਛਲੇ 100 ਸਾਲਾਂ 'ਚ ਹੋਇਆ ਵੱਡਾ ਬਦਲਾਅ
ਸਰਕਾਰੀ ਰਿਪੋਰਟਾਂ ਅਨੁਸਾਰ, 1901 ਤੋਂ 2018 ਦੀ ਮਿਆਦ ਵਿਚ ਭਾਰਤੀ ਸਤ੍ਹਾ ਦੇ ਤਾਪਮਾਨ 'ਚ 0.7 ਡਿਗਰੀ ਸੈਲਸੀਅਸ ਦੀ ਵਾਧਾ ਹੋਇਆ। ਜਦੋਂਕਿ ਟ੍ਰੌਪਿਕਲ ਹਿੰਦ ਮਹਾਸਾਗਰ ਦੇ ਸਮੁੰਦਰ ਦੀ ਸਤ੍ਹਾ ਦੇ ਤਾਪਮਾਨ 'ਚ 1951 ਤੋਂ 2015 ਦਰਮਿਆਨ ਲਗਪਗ 1 ਡਿਗਰੀ ਸੈਲਸੀਅਸ ਤਕ ਵਾਧਾ ਦੇਖਿਆ ਗਿਆ। ਕਿਉਂਕਿ ਗਰਮ ਹਵਾ ਵੱਧ ਨਮੀ ਧਾਰਨ ਕਰ ਸਕਦੀ ਹੈ, ਜਿਸ ਕਾਰਨ ਵਧ ਤੇਜ਼ ਬਰਸਾਤ ਹੁੰਦੀ ਹੈ। ਲਗਪਗ 7 ਫੀਸਦ ਪ੍ਰਤੀ ਡਿਗਰੀ ਸੈਲਸੀਅਸ ਤਕ। ਮਈ ਵਿਚ ਹੋਣ ਵਾਲੀ ਬਰਸਾਤ 'ਚ 1950 ਤੋਂ ਬਾਅਦ ਲਗਪਗ 50 ਪ੍ਰਤੀਸ਼ਤ ਦੀ ਵਾਧਾ ਹੋਇਆ। ਮੌਨਸੂਨ ਸੀਜ਼ਨ (ਜੂਨ-ਸਿਤੰਬਰ) ਕਮਜ਼ੋਰ ਪੈ ਰਿਹਾ ਹੈ, ਜਿਸ ਨਾਲ ਉੱਚ ਤਾਪਮਾਨ ਦੇ ਨਾਲ ਕੁੱਲ ਬਰਸਾਤ ਘੱਟ ਹੋ ਰਹੀ ਹੈ।

ਮੌਸਮੀ ਬਰਸਾਤ 'ਚ ਆਈ ਗਿਰਾਵਟ
ਮੌਸਮ ਵਿਭਾਗ ਅਨੁਸਾਰ, ਪਿਛਲੇ 50 ਸਾਲਾਂ 'ਚ ਮੌਸਮੀ ਬਰਸਾਤ 'ਚ ਲਗਪਗ 6 ਪ੍ਰਤੀਸ਼ਤ ਤਕ ਦੀ ਕਮੀ ਆਈ ਹੈ। ਮੱਧ ਭਾਰਤ 'ਚ ਮੱਧਮ ਬਰਸਾਤ ਦੇ ਦਿਨ ਘੱਟ ਗਏ ਹਨ ਤੇ ਬਹੁਤ ਜ਼ਿਆਦਾ ਬਰਸਾਤ ਦੇ ਦਿਨ ਵਧ ਗਏ ਹਨ। ਭਾਰੀ ਬਰਸਾਤ ਵਾਲੇ ਦਿਨ 75 ਪ੍ਰਤੀਸ਼ਤ ਤਕ ਵਧ ਗਏ (150 ਮਿਮੀ ਪ੍ਰਤੀਦਿਨ)।
ਭਾਰਤ ਦੀਆਂ 55 ਪ੍ਰਤੀਸ਼ਤ ਤਹਿਸੀਲਾਂ 'ਚ ਪਿਛਲੇ ਦਹਾਕੇ 'ਚ ਮੌਨਸੂਨ ਦੀ ਬਰਸਾਤ 'ਚ ਵਾਧਾ ਦੇਖਿਆ ਗਿਆ, ਜੋ ਮੁੱਖ ਤੌਰ 'ਤੇ ਘੱਟ ਮਿਆਦੀ ਭਾਰੀ ਬਾਰਿਸ਼ ਹੋਇਆ। ਇਸ ਦੇ ਨਾਲ ਹੀ 11 ਪ੍ਰਤੀਸ਼ਤ ਤਹਿਸੀਲਾਂ 'ਚ ਬਰਸਾਤ ਵਿਚ ਗਿਰਾਵਟ ਦੇਖੀ ਗਈ, ਖਾਸ ਕਰਕੇ ਮੈਦਾਨੀ ਇਲਾਕਿਆਂ 'ਚ ਜੋ ਕਿਸਾਨੀ 'ਤੇ ਨਿਰਭਰ ਹਨ। ਇਸ ਤੋਂ ਇਲਾਵਾ, ਊਰਜਾ, ਵਾਤਾਵਰਨ ਤੇ ਪਾਣੀ ਕੌਂਸਲ (ਸੀਈਈਡਬਲਯੂ) ਦੀ ਰਿਪੋਰਟ ਅਨੁਸਾਰ, ਲਗਪਗ 48 ਪ੍ਰਤੀਸ਼ਤ ਤਹਿਸੀਲਾਂ 'ਚ ਅਕਤੂਬਰ 'ਚ ਵੱਧ ਬਰਸਾਤ ਦਰਜ ਕੀਤੀ ਗਈ ਤੇ ਇਹ ਮੌਨਸੂਨ ਦੀ ਵਾਪਸੀ ਵਿਚ ਦੇਰੀ ਦਾ ਸੰਕੇਤ ਦਿੰਦੀ ਹੈ।
ਕਿਸ ਤਰ੍ਹਾਂ ਬਦਲਿਆ ਮੌਨਸੂਨ ਦਾ ਸਰੂਪ
ਭਾਰਤ ਦੇ ਮੌਨਸੂਨ ਦਾ ਕੁਦਰਤੀ ਬਦਲਾਅ ਜਲਵਾਯੂ ਬਦਲਾਅ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੁੰਦਾ ਹੈ। ਪੂਰਬੀ-ਉੱਤਰੀ ਭਾਰਤ, ਸਿੰਧੂ-ਗੰਗਾ ਦੇ ਮੈਦਾਨ ਅਤੇ ਹਿਮਾਲਾਈ ਇਲਾਕਿਆਂ 'ਚ ਪਿਛਲੇ ਦਹਾਕੇ 'ਚ ਬਰਸਾਤ 'ਚ ਕਮੀ ਦੇਖੀ ਗਈ। ਇਹ ਇਲਾਕੇ ਰਵਾਇਤੀ ਤੌਰ 'ਤੇ ਮੌਨਸੂਨ ਖੁਸ਼ਹਾਲ ਇਲਾਕੇ ਮੰਨੇ ਜਾਂਦੇ ਹਨ। ਇਸ ਦੇ ਉਲਟ ਰਾਜਸਥਾਨ, ਗੁਜਰਾਤ, ਮੱਧ ਮਹਾਰਾਸ਼ਟਰ ਤੇ ਤਾਮਿਲਨਾਡੂ ਵਰਗੇ ਇਲਾਕਿਆਂ 'ਚ ਦੱਖਣ-ਪੱਛਮੀ ਮੌਨਸੂਨ ਦੀ ਬਰਸਾਤ 'ਚ ਵਾਧਾ ਦੇਖਿਆ ਗਿਆ, ਜਦਕਿ ਇਹ ਇਲਾਕੇ ਰਵਾਇਤੀ ਤੌਰ 'ਤੇ ਸੁੱਕੇ ਮੰਨੇ ਜਾਂਦੇ ਹਨ। ਤਮਿਲਨਾਡੂ ਵਿਚ ਪੂਰਵੋੱਤਰ ਮਾਨਸੂਨ ਤੇਜ਼ ਹੋਇਆ ਤਾਂ ਪੂਰਬੀ ਤਟ 'ਤੇ ਓਡੀਸ਼ਾ ਤੇ ਪੱਛਮੀ ਬੰਗਾਲ ਵਰਗੇ ਸੂਬਿਆਂ ਦੇ ਨਾਲ-ਨਾਲ ਪੱਛਮੀ ਤਟ 'ਤੇ ਮਹਾਰਾਸ਼ਟਰ ਅਤੇ ਗੋਆ 'ਚ ਅਕਤੂਬਰ ਤੋਂ ਦਸੰਬਰ ਤਕ ਬਰਸਾਤ ਵਿਚ ਵਾਧਾ ਦੇਖਿਆ ਗਿਆ।
ਭਾਰਤ 'ਚ ਮੌਨਸੂਨ ਦੇ ਪੈਟਰਨ 'ਚ ਬਦਲਾਅ ਦੇ ਕਾਰਨ
ਭਾਰਤ ਦੇ ਮੌਨਸੂਨ ਦੇ ਪੈਟਰਨ 'ਚ ਬਦਲਾਅ ਦੇ ਪਿੱਛੇ ਕਈ ਕਾਰਨ ਹਨ। ਬਰਸਾਤ ਹੁਣ ਜ਼ਿਆਦਾਤਰ ਅਨਿਯਮਤ ਹੋ ਗਈ ਹੈ। ਮੌਨਸੂਨ ਦੀ ਸ਼ੁਰੂਆਤ 'ਚ ਦੇਰੀ ਹੋਣ ਲੱਗੀ ਹੈ, ਜਿਸ ਨਾਲ ਖੇਤੀ-ਕਿਸਾਨੀ ਪ੍ਰਭਾਵਿਤ ਹੁੰਦੀ ਹੈ ਅਤੇ ਕਈ ਇਲਾਕਿਆਂ 'ਚ ਸੋਕਾ ਪੈ ਜਾਂਦਾ ਹੈ। ਕਈ ਜਗ੍ਹਾ ਸੋਕਾ ਪੈਂਦਾ ਹੈ ਤਾਂ ਕਈ ਜਗ੍ਹਾ ਭਾਰੀ ਬਰਸਾਤ ਹੁੰਦੀ ਹੈ। ਇਸ ਵਿਚ ਪੌਣ-ਪਾਣੀ ਬਦਲਾਅ ਦੀ ਮੁੱਖ ਭੂਮਿਕਾ ਹੈ। ਹਿੰਦ ਮਹਾਸਾਗਰ ਦਾ ਗਰਮ ਹੋਣਾ, ਵਿਸ਼ਵ ਵਾਯੂ ਮੰਡਲ ਸਬੰਧੀ ਬਦਲਾਅ ਅਤੇ ਸ਼ਹਿਰਕਰਨ ਮੌਨਸੂਨ ਦੇ ਪੈਟਰਨ ਨੂੰ ਬਦਲ ਰਹੇ ਹਨ।
Comments