ਭਾਰਤ-ਪਾਕਿ ਨੇ ਇਕ-ਦੂਜੇ ਦੇ ਜਹਾਜ਼ਾਂ ਲਈ ਵਧਾਈ ਹਵਾਈ ਖੇਤਰ ਬੰਦ ਰੱਖਣ ਦੀ ਮਿਆਦ, ਜਾਰੀ ਕੀਤਾ ਨੋਟਿਸ
- bhagattanya93
- May 24
- 2 min read
24/05/2025

ਪਾਕਿਸਤਾਨ ਅਤੇ ਭਾਰਤ ਨੇ ਇਕ ਦੂਜੇ ਦੇ ਜਹਾਜ਼ਾਂ ਲਈ ਆਪਣੇ ਹਵਾਈ ਖੇਤਰ ਦੀ ਵਰਤੋਂ ’ਤੇ ਪਾਬੰਦੀ ਨੂੰ ਵਧਾ ਦਿੱਤਾ ਹੈ। ਦੋਵਾਂ ਦੇਸ਼ਾਂ ਨੇ ਇਸ ਸਬੰਧ ਵਿਚ ਨੋਟਮ (ਨੋਟਿਸ ਟੂ ਏਅਰਮੈਨ) ਜਾਰੀ ਕੀਤਾ ਹੈ। ਨੋਟਮ ਇਕ ਅਜਿਹਾ ਨੋਟਿਸ ਹੁੰਦਾ ਹੈ, ਜਿਸ ਵਿਚ ਉਡਾਣ ਸੰਚਾਲਨ ਨਾਲ ਸਬੰਧਤ ਮੁਲਾਜ਼ਮਾਂ ਲਈ ਜ਼ਰੂਰੀ ਜਾਣਕਾਰੀ ਹੁੰਦੀ ਹੈ।

ਇਹ ਗੌਰ ਕਰਨ ਵਾਲੀ ਗੱਲ ਹੈ ਕਿ 22 ਅਪ੍ਰੈਲ ਨੂੰ ਹੋਏ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਆਪ੍ਰੇਸ਼ਨ ਸਿੰਧੂਰ ਦੇ ਤਹਿਤ 6-7 ਮਈ ਨੂੰ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿਚ 9 ਅੱਤਵਾਦੀ ਟਿਕਾਣਿਆਂ ਨੂੰ ਨਸ਼ਟ ਕਰ ਦਿੱਤਾ ਸੀ। ਇਸ ਤੋਂ ਬਾਅਦ 8, 9 ਅਤੇ 10 ਮਈ ਨੂੰ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਫ਼ੌਜੀ ਸੰਘਰਸ਼ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਜੰਗਬੰਦੀ 'ਤੇ ਸਹਿਮਤੀ ਪ੍ਰਗਟਾਈ ਸੀ। ਜੰਗਬੰਦੀ ਤੋਂ ਬਾਅਦ ਵੀ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ’ਚ ਤਣਾਅ ਜਾਰੀ ਹੈ। ਭਾਰਤ ਦੇ ਸਿਵਲ ਹਵਾਬਾਜ਼ੀ ਮੰਤਰਾਲੇ ਨੇ ਇਸ ਸਬੰਧ ’ਚ ਜਾਰੀ ਕੀਤੇ ਨੋਟਮ ’ਚ ਕਿਹਾ ਹੈ ਕਿ ਪਾਕਿਸਤਾਨ ਵੱਲੋਂ ਰਜਿਸਟਰਡ, ਸੰਚਾਲਿਤ, ਮਾਲਕੀ ਵਾਲੇ ਜਾਂ ਲੀਜ਼ 'ਤੇ ਲਏ ਗਏ ਜਹਾਜ਼ਾਂ, ਜਿਨ੍ਹਾਂ ਵਿਚ ਫ਼ੌਜੀ ਉਡਾਣਾਂ ਵੀ ਸ਼ਾਮਲ ਹਨ, ਨੂੰ 23 ਜੂਨ ਤੱਕ ਭਾਰਤੀ ਹਵਾਈ ਖੇਤਰ ਵਿਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ।
ਪਾਕਿਸਤਾਨ ਹਵਾਈ ਅੱਡਾ ਅਥਾਰਟੀ ਨੇ ਵੀ ਨੋਟਮ ਜਾਰੀ ਕਰ ਕੇ ਭਾਰਤੀ ਜਹਾਜ਼ਾਂ ਦੇ ਪਾਕਿਸਤਾਨੀ ਹਵਾਈ ਖੇਤਰ ਦੀ ਵਰਤੋਂ ’ਤੇ ਪਾਬੰਦੀ ਦੀ ਮਿਆਦ ਵਧਾ ਦਿੱਤੀ ਹੈ। ਇਹ ਪਾਬੰਦੀ 24 ਜੂਨ ਨੂੰ ਸਵੇਰੇ 4:59 ਵਜੇ ਤੱਕ ਲਾਗੂ ਰਹੇਗੀ। ਫ਼ੌਜੀ ਜਹਾਜ਼ਾਂ ਸਮੇਤ ਭਾਰਤ ਵੱਲੋਂ ਰਜਿਸਟਰਡ, ਸੰਚਾਲਿਤ, ਮਾਲਕੀ ਵਾਲੇ ਜਾਂ ਲੀਜ਼ 'ਤੇ ਦਿੱਤੇ ਗਏ ਸਾਰੇ ਜਹਾਜ਼ਾਂ 'ਤੇ ਪਾਬੰਦੀ ਲਾਗੂ ਰਹੇਗੀ। ਦੋਵਾਂ ਦੇਸ਼ਾਂ ਨੇ ਪਿਛਲੇ ਮਹੀਨੇ ਇਕ ਦੂਜੇ 'ਤੇ ਪਾਬੰਦੀ ਲਗਾਈ ਸੀ। ਇਹ ਪਾਬੰਦੀ 23 ਮਈ ਤੱਕ ਇਕ ਮਹੀਨੇ ਲਈ ਲਾਈ ਗਈ ਹੈ ਕਿਉਂਕਿ ਅੰਤਰਰਾਸ਼ਟਰੀ ਨਾਗਰਿਕ ਉਡਾਣ ਸੰਸਥਾ (ਆਈਸੀਏਓ) ਦੇ ਨਿਯਮਾਂ ਮੁਤਾਬਕ ਹਵਾਈ ਖੇਤਰ 'ਤੇ ਪਾਬੰਦੀ ਇਕ ਵਾਰ ਵਿਚ ਇਕ ਮਹੀਨੇ ਤੋਂ ਵੱਧ ਲਈ ਨਹੀਂ ਲਗਾਈ ਜਾ ਸਕਦੀ।





Comments