google-site-verification=ILda1dC6H-W6AIvmbNGGfu4HX55pqigU6f5bwsHOTeM
top of page

‘ਮੈਂ 52 ਲੱਖ ਰੁਪਏ ਨਹੀਂ ਲਏ’ ਕਹਿ ਕੇ ਲੁਧਿਆਣਾ ਦੇ ਦੁਕਾਨਦਾਰ ਨੇ ਖ਼ੁਦ ਨੂੰ ਲਾ ਲਈ ਅੱਗ; ਵੀਡੀਓ ਵਾਇਰਲ

  • Jan 16, 2024
  • 1 min read

16/01/2024

ਪੈਸਿਆਂ ਦੇ ਲੈਣ-ਦੇਣ ਤੋਂ ਪਰੇਸ਼ਾਨ ਦੁਕਾਨਦਾਰ ਨੇ ਖ਼ੁਦ ’ਤੇ ਤੇਲ ਛਿੜਕ ਕੇ ਅੱਗ ਲਾ ਲਈ। ਝੁਲਸੀ ਹਾਲਤ ’ਚ ਦੁਕਾਨਦਾਰ ਨੂੰ ਸੀਐੱਮਸੀ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਥੇ ਉਹ ਜ਼ੇਰੇ ਇਲਾਜ ਹੈ। ਥਾਣਾ ਟਿੱਬਾ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਾਮਲਾ ਉਦੋਂ ਸਾਹਮਣੇ ਆਇਆ, ਜਦ ਕੱਪੜਾ ਕਾਰੋਬਾਰੀ ਕਾਲਾ ਨੇ ਆਪਣੀ ਦੁਕਾਨ ’ਚ ਬੈਠ ਕੇ ਪਹਿਲਾਂ ਵੀਡੀਓ ਬਣਾਈ ਤੇ ਫਿਰ ਉਸ ਨੂੰ ਵਾਇਰਲ ਕਰ ਦਿੱਤਾ। ਵਾਇਰਲ ਵੀਡੀਓ ’ਚ ਉਸ ਨੂੰ ਪਹਿਲਾਂ ਫਿਨਾਇਲ ਦੀਆਂ ਗੋਲ਼ੀਆਂ ਖਾਂਦੇ ਦੇਖਿਆ ਗਿਆ ਤੇ ਉਸ ਤੋਂ ਬਾਅਦ ਤੇਲ ਛਿੜਕ ਕੇ ਖ਼ੁਦ ਨੂੰ ਅੱਗ ਲਾ ਲਈ। ਅੱਗ ਲਗਾਉਣ ਤੋਂ ਪਹਿਲਾਂ ਉਸ ਨੇ ਕਿਹਾ ਕਿ ਉਧਾਰ ਦੀ ਰਕਮ ਲਈ ਪੰਜ ਲੋਕਾਂ ਵੱਲੋਂ ਉਸ ਨੂੰ ਲਗਾਤਾਰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਕਤ ਲੋਕਾਂ ਨੇ ਉਸ ’ਤੇ 52 ਲੱਖ ਰੁਪਏ ਦਾ ਕਰਜ਼ ਖੜ੍ਹਾ ਕਰ ਦਿੱਤਾ ਹੈ, ਜਦਕਿ ਉਸ ਨੇ ਇੰਨੇ ਪੈਸੇ ਨਹੀਂ ਲਏ ਹਨ।

ਵੀਡੀਓ ’ਚ ਕਾਲਾ ਨੇ ਕਿਹਾ ਕਿ ਉਸ ਦੀ ਮੌਤ ਤੋਂ ਬਾਅਦ ਪਰਿਵਾਰ ਨੂੰ ਪਰੇਸ਼ਾਨ ਨਾ ਕੀਤਾ ਜਾਵੇ। ਅੱਗ ਲੱਗਣ ਦਾ ਪਤਾ ਜਦ ਆਲੇ-ਦੁਆਲੇ ਦੇ ਲੋਕਾਂ ਨੂੰ ਲੱਗਾ ਤਾਂ ਉਨ੍ਹਾਂ ਪਰਿਵਾਰ ਨੂੰ ਸੂਚਿਤ ਕੀਤਾ। ਪਰਿਵਾਰ ਨੇ ਉਸ ਨੂੰ ਸੀਐੱਮਸੀ ਹਸਪਤਾਲ ਦਾਖ਼ਲ ਕਰਵਾਇਆ, ਜਿਥੇ ਉਸ ਦੀ ਹਾਲਤ ਗੰਭੀਰ ਹੈ। ਥਾਣਾ ਟਿੱਬਾ ਦੇ ਐੱਸਐੱਚਓ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ। ਝੁਲਸੇ ਵਿਅਕਤੀ ਦੇ ਬਿਆਨ ਲੈਣ ਦਾ ਯਤਨ ਕੀਤਾ ਜਾ ਰਿਹਾ ਹੈ। ਫਿਲਹਾਲ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

Comments


Logo-LudhianaPlusColorChange_edited.png
bottom of page