ਮੁੱਖ ਮੰਤਰੀ ਦੀ ਕੋਠੀ ਅੱਗੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੇ ਦਿੱਤਾ ਧਰਨਾ,ਤਨਖ਼ਾਹਾਂ ਜਾਰੀ ਨਾ ਹੋਣ ਕਾਰਨ ਘਰ ਦਾ ਗੁਜ਼ਾਰਾ ਕਰਨਾ ਹੋਇਆ ਮੁਸ਼ਕਲ
- Ludhiana Plus
- Feb 28
- 2 min read
28/02/2025

ਪੰਜਾਬ ਦੇ ਸਰਕਾਰੀ ਕਾਲਜਾਂ ’ਚ ਲੰਮੇ ਸਮੇਂ ਤੋਂ ਸੇਵਾ ਨਿਭਾਅ ਰਹੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੀ ਨੌਕਰੀ ਦਾਅ ’ਤੇ ਲੱਗੀ ਹੋਈ ਹੈ। ਦੱਸ ਦਈਏ ਕਿ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਲੰਬੇ ਸਮੇਂ ਤੋਂ ਸਰਕਾਰੀ ਕਾਲਜਾਂ ਵਿੱਚ ਸੇਵਾਵਾਂ ਨਿਭਾਅ ਰਹੇ ਹਨ ਪਰ ਪੰਜਾਬ ਸਰਕਾਰ ਉਨ੍ਹਾਂ ਦੀ ਸਾਰ ਨਹੀਂ ਲੈ ਰਹੀ ਜਿਸ ਕਰਕੇ ਰੋਸ ਵਜੋਂ ਵੀਰਵਾਰ ਨੂੰ ਗੈਸਟ ਫੈਕਲਟੀ ਸੰਯੁਕਤ ਫਰੰਟ ਪੰਜਾਬ ਦੀ ਅਗਵਾਈ ਵਿਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸੰਗਰੂਰ ਕੋਠੀ ਅੱਗੇ ਧਰਨਾ ਦਿੱਤਾ ਗਿਆ।
ਫਰੰਟ ਆਗੂ ਡਾ. ਰਵਿੰਦਰ ਸਿੰਘ, ਪ੍ਰੋ. ਗੁਰਸੇਵਕ ਸਿੰਘ, ਪ੍ਰੋ. ਗੁਰਜੀਤ ਸਿੰਘ, ਡਾ. ਪਰਮਜੀਤ ਸਿੰਘ ਅਤੇ ਪ੍ਰੋ. ਮੁਹੰਮਦ ਤਨਵੀਰ ਨੇ ਦੱਸਿਆ ਕਿ 20 ਫਰਵਰੀ ਨੂੰ ਉਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਚੰਡੀਗੜ੍ਹ ਵਿਖੇ ਇਕੱਤਰਤਾ ਹੋਈ ਸੀ ਅਤੇ ਉਨ੍ਹਾਂ ਵੱਲੋਂ ਗੈਸਟ ਪ੍ਰੋਫੈਸਰਾਂ ਦਾ ਕਾਲਜਾਂ ਵਿੱਚ ਵਰਕਲੋਡ ਅਤੇ ਤਨਖਾਹ ਜਾਰੀ ਕਰਨ ਸਬੰਧੀ ਸਬੰਧਤ ਉਚੇਰੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਪੱਤਰ ਜਾਰੀ ਕਰਨ ਦੇ ਨਿਰਦੇਸ਼ ਕਰ ਦਿੱਤੇ ਗਏ ਸਨ ਜੋ ਹਾਲੇ ਤੱਕ ਅਮਲ ਵਿੱਚ ਨਹੀਂ ਲਿਆਂਦੇ ਗਏ। ਅਜਿਹਾ ਨਾ ਹੋਣ ਕਾਰਨ ਕਈ ਅਧਿਆਪਕ ਬੇਹੱਦ ਪਰੇਸ਼ਾਨ ਹਨ ਕਿਉਂਕਿ ਤਨਖਾਹਾਂ ਜਾਰੀ ਨਾ ਹੋਣ ਕਾਰਨ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋਇਆ ਪਿਆ ਹੈ।
ਉਨ੍ਹਾਂ ਦੋਸ਼ ਲਾਇਆ ਕਿ ਉਚੇਰੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਲੰਬੇ ਸਮੇਂ ਤੋਂ ਮਨਜ਼ੂਰਸ਼ੁਦਾ ਅਸਾਮੀਆਂ ’ਤੇ ਕੰਮ ਕਰਦੇ ਗੈਸਟ ਪ੍ਰੋਫੈਸਰਾਂ ਦੀਆਂ ਅਸਾਮੀਆਂ ਨੂੰ ਖਾਲੀ ਦਿਖਾ ਦਿੱਤਾ ਹੈ ਜਦਕਿ ਉਨ੍ਹਾਂ ਦੀ ਤਰ੍ਹਾਂ ਪਾਰਟ-ਟਾਇਮ ਅਤੇ ਠੇਕਾ ਅਧਾਰਤ ਸਹਾਇਕ ਪ੍ਰੋਫੈਸਰ ਵੀ ਕਾਲਜਾਂ ਵਿੱਚ ਕੰਮ ਕਰ ਰਹੇ ਹਨ ਪਰ ਉਨ੍ਹਾਂ ਦੀਆਂ ਅਸਾਮੀਆਂ ਨੂੰ ਭਰਿਆ ਮੰਨਿਆ ਜਾ ਰਿਹਾ ਹੈ ਜਿਸ ਤੋਂ ਸਾਫ ਸਪੱਸ਼ਟ ਹੁੰਦਾ ਹੈ ਕਿ ਕਿਤੇ ਨਾ ਕਿਤੇ ਵੱਡੇ ਪੱਧਰ ’ਤੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਵੇਂ ਸਹਾਇਕ ਪ੍ਰੋਫੈਸਰਾਂ ਦੀਆਂ 160 ਅਸਾਮੀਆਂ ਨਵੇਂ ਕਾਲਜਾਂ ਵਾਸਤੇ ਹੀ ਕੱਢੀਆਂ ਗਈਆਂ ਸਨ ਅਤੇ ਜਦ ਹੁਣ ਉਨ੍ਹਾਂ ਨੂੰ ਸਟੇਸ਼ਨ ਅਲਾਟ ਕੀਤੇ ਜਾ ਰਹੇ ਹਨ ਕਿਸੇ ਵੀ ਨਵੇਂ ਪ੍ਰੋਫੈਸਰਾਂ ਨੂੰ ਨਵੇਂ ਕਾਲਜਾਂ ਵਿੱਚ ਨਹੀਂ ਭੇਜਿਆ ਜਾ ਰਿਹਾ। ਪੰਜਾਬ ਦੇ ਵੱਖ-ਵੱਖ ਕਾਲਜਾਂ ਤੋਂ ਆਏ ਗੈਸਟ ਫੈਕਟਰੀ ਸਹਾਇਕ ਪ੍ਰੋਫੈਸਰਾਂ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਸਰਕਾਰ ਉਨ੍ਹਾਂ ਦੀਆਂ ਨੌਕਰੀਆਂ ਨਿਯਮਤ ਕਰਨ ਦੀ ਨੀਤੀ ਬਣਾਉਣ ਲਈ ਪਿਛਲੇ ਕਰੀਬ ਪੰਜ ਮਹੀਨਿਆਂ ਤੋਂ ਲਾਰੇ ਲਾ ਕੇ ਡੰਗ ਟਪਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਸਾਡੀ ਨੌਕਰੀ ਨਿਯਮਤ ਸਬੰਧੀ ਨੀਤੀ ਨਹੀ ਲਿਆਂਦੀ ਜਾਂਦੀ, ਉਦੋਂ ਤੱਕ ਧਰਨਾ ਜਾਰੀ ਰੱਖਾਂਗੇ।





Comments