ਮਲੇਸ਼ੀਆ ’ਚ ਜਗਰਾਓਂ ਦੇ ਪਿੰਡ ਗਾਲਿਬ ਖੁਰਦ ਦੇ ਨੌਜਵਾਨ ਦਾ ਕਤਲ, ਨੌਂ ਪੰਜਾਬੀ ਗ੍ਰਿਫ਼ਤਾਰ
- bhagattanya93
- Dec 10, 2023
- 1 min read
10/12/2023
ਜਗਰਾਓਂ ਦੇ ਪਿੰਡ ਗਾਲਿਬ ਖੁਰਦ ਦੇ 23 ਸਾਲਾਂ ਨੌਜਵਾਨ ਨੂੰ ਮਲੇਸ਼ੀਆ ’ਚ ਉਸ ਨੂੰ ਸੱਦਣ ਵਾਲੇ ਚਾਚੇ ਨੇ ਹੀ ਇੱਕ ਮਲੇਸ਼ੀਅਨ ਸਮੇਤ 10 ਵਿਅਕਤੀਆਂ ਨਾਲ ਮਿਲ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਹਾਲਾਂਕਿ ਮਾਰਨ ਵਾਲਾ ਉਸ ਦਾ ਸਕਾ ਚਾਚਾ ਨਹੀਂ ਪਰ ਇੱਕੋ ਪਿੰਡ ਦੇ ਹੋਣ ਕਾਰਨ ਉਸ ਨੂੰ ਮ੍ਰਿਤਕ ਸਮੇਤ ਸਾਰੇ ਭੈਣ ਭਰਾ ਚਾਚਾ ਆਖਦੇ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ, ਜਗਰਾਓਂ ਨੇੜਲੇ ਪਿੰਡ ਗਾਲਿਬ ਖੁਰਦ ਵਾਸੀ ਜਗਦੇਵ ਸਿੰਘ ਦੇ ਘਰ ਪਿੰਡ ਦੇ ਹੀ ਦਰਸ਼ਨ ਸਿੰਘ ਦਾ ਪਰਿਵਾਰ ਕੰਮ ਕਰਦਾ ਸੀ। ਜਗਦੇਵ ਸਿੰਘ ਦਹਾਕੇ ਪਹਿਲਾਂ ਆਪਣੇ ਭਰਾ ਨਾਲ ਮਲੇਸ਼ੀਆ ਚਲਿਆ ਗਿਆ। ਉਸ ਦੇ ਮਲੇਸ਼ੀਆ ਚਲੇ ਜਾਣ ’ਤੇ ਪਿੰਡ ਉਨ੍ਹਾਂ ਦੇ ਘਰ ਦੀ ਰਾਖੀ ਦਰਸ਼ਨ ਸਿੰਘ ਦਾ ਪਰਿਵਾਰ ਕਰਦਾ ਆ ਰਿਹਾ ਹੈ। ਡੇਢ ਸਾਲ ਪਹਿਲਾਂ ਜਗਦੇਵ ਸਿੰਘ ਨੇ ਦਰਸ਼ਨ ਸਿੰਘ ਦੇ ਸਭ ਨਾਲੋਂ ਛੋਟੇ 23 ਸਾਲਾ ਪੁੱਤਰ ਜਸਪ੍ਰੀਤ ਸਿੰਘ ਨੂੰ ਮਲੇਸ਼ੀਆ ਸੱਦ ਲਿਆ ਜਿਥੇ ਉਹ ਜਗਦੇਵ ਸਿੰਘ ਵੱਲੋਂ ਲਗਵਾਏ ਕੰਮ ’ਤੇ ਨੌਕਰੀ ਕਰਦਾ ਰਿਹਾ।
ਡੇਢ ਸਾਲ ਤੋਂ ਜਸਪ੍ਰੀਤ ਸਿੰਘ ਦੀ ਸਾਰੀ ਮਿਹਨਤ, ਮਜ਼ਦੂਰੀ ਦੀ ਕਮਾਈ ਜਗਦੇਵ ਸਿੰਘ ਕੋਲ ਹੀ ਸੀ। ਬੀਤੀ 1 ਦਸੰਬਰ ਦੀ ਰਾਤ ਨੂੰ ਜਗਦੇਵ ਸਿੰਘ ਨੇ ਇੱਕ ਮਲੇਸ਼ੀਅਨ ਅਤੇ 8 ਹੋਰ ਉਸ ਦੇ ਨਾਲ ਰਹਿੰਦੇ ਪੰਜਾਬੀ ਨੌਜਵਾਨਾਂ ਨਾਲ ਮਿਲ ਕੇ ਜਸਪ੍ਰੀਤ ਸਿੰਘ ਦਾ ਕਤਲ ਕਰ ਦਿੱਤਾ। ਇਸ ਕਤਲ ਦਾ ਅਗਲੀ ਸਵੇਰ ਖੁਲਾਸਾ ਹੋਣ ’ਤੇ ਮਲੇਸ਼ੀਆ ਪੁਲਿਸ ਨੇ ਤੁਰੰਤ ਹਰਕਤ ਵਿਚ ਆਉਂਦਿਆਂ ਜਸਪ੍ਰੀਤ ਦੇ ਕਤਲ ਨੂੰ ਹਾਦਸਾ ਦਿਖਾਉਣ ਵਿਚ ਚਲਾਕੀ ਵਰਤ ਰਹੇ ਜਗਦੇਵ ਸਿੰਘ ਅਤੇ ਉਸ ਦੇ 8 ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਜਦ ਕਿ ਕਤਲ ਵਿਚ ਸ਼ਾਮਲ ਇੱਕ ਮਲੇਸ਼ੀਅਨ ਅਜੇ ਵੀ ਫ਼ਰਾਰ ਦੱਸਿਆ ਜਾ ਰਿਹਾ ਹੈ। ਇਸ ਘਟਨਾ ਦਾ ਪਰਿਵਾਰ ਨੂੰ ਸਿਰਫ 2 ਮਹੀਨੇ ਪਹਿਲਾਂ ਹੀ ਮਲੇਸ਼ੀਆ ਗਏ ਜਸਪ੍ਰੀਤ ਦੇ ਭਰਾ ਲਵਪ੍ਰੀਤ ਸਿੰਘ ਨੇ ਭਾਰਤ ਫੋਨ ਕਰ ਕੇ ਦੱਸਿਆ ਜਿਸ ਤੋਂ ਬਾਅਦ ਪਰਿਵਾਰ ਦਾ ਵਿਰਲਾਪ ਦੇਖਿਆ ਨਹੀਂ ਜਾ ਰਿਹਾ।






Comments