google-site-verification=ILda1dC6H-W6AIvmbNGGfu4HX55pqigU6f5bwsHOTeM
top of page

ਲੁਧਿਆਣਾ ਫਰਨੀਚਰ ਕਾਰੋਬਾਰੀ ਦਾ ਬੇਰਹਿਮੀ ਨਾਲ ਕ+ਤ+ਲ

  • bhagattanya93
  • Mar 26
  • 2 min read

26/03/2025

ਥਾਣਾ ਫੋਕਲ ਪੁਆਇੰਟ ਅਧੀਨ ਢੰਡਾਰੀ ਖੁਰਦ ਦੀ ਦੁਰਗਾ ਕਾਲੋਨੀ ਵਿਚ ਫਰਨੀਚਰ ਦੀ ਦੁਕਾਨ ਚਲਾਉਣ ਵਾਲੇ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਬਦਮਾਸ਼ਾਂ ਨੇ ਦੁਕਾਨ ਅੰਦਰ ਵੜ ਕੇ ਕਾਰੋਬਾਰੀ ਨੂੰ ਬੰਧਕ ਬਣਾਇਆ ਅਤੇ ਇੱਟਾਂ ਮਾਰ ਕੇ ਸਿਰ ਬੁਰੀ ਤਰ੍ਹਾਂ ਕੁਚਲ ਦਿੱਤਾ। ਵਾਰਦਾਤ ਦਾ ਸ਼ਿਕਾਰ ਹੋਏ ਦੁਕਾਨਦਾਰ ਦੀ ਪਛਾਣ ਰਾਮ ਧਨੀ ਵਜੋਂ ਹੋਈ ਹੈ। ਵਾਰਦਾਤ ਦੀ ਜਾਣਕਾਰੀ ਮਿਲਣ ਪਿੱਛੋਂ ਥਾਣਾ ਫੋਕਲ ਪੁਆਇੰਟ ਪੁਲਿਸ ਅਤੇ ਹੋਰ ਜਾਂਚ ਟੀਮਾਂ ਨੇ ਮੌਕੇ ’ਤੇ ਪੁੱਜ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ ਰਾਮ ਧਨੀ ਦੁਰਗਾ ਕਾਲੋਨੀ ਵਿਚ ਫਰਨੀਚਰ ਦੀ ਦੁਕਾਨ ਚਲਾਉਂਦਾ ਸੀ ਅਤੇ ਕਈ ਵਾਰ ਰਾਤ ਨੂੰ ਦੁਕਾਨ ਅੰਦਰ ਹੀ ਸੌ ਜਾਂਦਾ ਸੀ। ਸੋਮਵਾਰ ਦੇਰ ਰਾਤ ਕਾਤਲ ਰਾਮ ਧਨੀ ਦੀ ਦੁਕਾਨ ਅੰਦਰ ਵੜੇ ਅਤੇ ਉਸ ਦੇ ਹੱਥ ਪੈਰ ਬੰਨ੍ਹ ਕੇ ਉਸ ਨੂੰ ਬੰਧਕ ਬਣਾ ਲਿਆ। ਇਸ ਤੋਂ ਬਾਅਦ ਕਾਤਲਾਂ ਨੇ ਇੱਟਾਂ ਨਾਲ ਉਸ ਦੇ ਸਿਰ ’ਤੇ ਵਾਰ ਕੀਤੇ ਅਤੇ ਦੁਕਾਨ ਦੇ ਪਿਛਲੇ ਦਰਵਾਜ਼ੇ ਤੋਂ ਫ਼ਰਾਰ ਹੋ ਗਏ। ਵਾਰਦਾਤ ਦਾ ਪਤਾ ਉਦੋਂ ਲੱਗਾ ਜਦੋਂ ਰਾਮ ਧਨੀ ਦੀ ਦੁਕਾਨ ਦੇ ਨਜ਼ਦੀਕ ਹੀ ਸਬਜ਼ੀ ਦੀ ਦੁਕਾਨ ਚਲਾਉਣ ਵਾਲੇ ਦੁਕਾਨਦਾਰ ਨੇ ਅੰਦਰ ਜਾ ਕੇ ਵੇਖਿਆ। ਉਸ ਨੇ ਤੁਰੰਤ ਇਸ ਦੀ ਜਾਣਕਾਰੀ ਪਰਿਵਾਰ ਨੂੰ ਦਿੱਤੀ ਅਤੇ ਮੌਕੇ ’ਤੇ ਪੁਲਿਸ ਨੂੰ ਸੱਦਿਆ ਗਿਆ।


ਫੋਨ ’ਤੇ ਸੰਪਰਕ ਨਾ ਹੋਣ ਕਾਰਨ ਪਿਆ ਸ਼ੱਕ

ਰਾਮ ਧਨੀ ਰਾਤ ਨੂੰ ਲੇਟ ਹੋਣ ਕਾਰਨ ਕਈ ਵਾਰ ਦੁਕਾਨ ਅੰਦਰ ਹੀ ਸੌ ਜਾਇਆ ਕਰਦਾ ਸੀ। ਸੋਮਵਾਰ ਦੀ ਰਾਤ ਵੀ ਉਹ ਆਪਣੀ ਦੁਕਾਨ ਅੰਦਰ ਹੀ ਸੁੱਤਾ ਪਿਆ ਸੀ। ਅਗਲੇ ਦਿਨ ਸਵੇਰ ਤੱਕ ਜਦ ਉਹ ਘਰ ਵਾਪਸ ਨਾ ਆਇਆ ਤਾਂ ਉਸ ਦੀ ਪਤਨੀ ਨੇ ਉਸ ਨੂੰ ਫੋਨ ਕੀਤਾ। ਵਾਰ-ਵਾਰ ਫੋਨ ਮਿਲਾਉਣ ਦੇ ਬਾਵਜੂਦ ਜਦ ਉਸ ਨੇ ਫੋਨ ਨਾ ਚੁੱਕਿਆ ਤਾਂ ਪਰਿਵਾਰ ਨੂੰ ਸ਼ੱਕ ਹੋਇਆ। ਮ੍ਰਿਤਕ ਦੇ ਪੁੱਤਰ ਪੰਕਜ ਤਿਵਾੜੀ ਨੇ ਨਜ਼ਦੀਕ ਦੁਕਾਨ ਵਾਲੇ ਨੂੰ ਜਾ ਕੇ ਵੇਖਣ ਲਈ ਕਿਹਾ ਤਾਂ ਵਾਰਦਾਤ ਦਾ ਖ਼ੁਲਾਸਾ ਹੋਇਆ। ਸਬਜ਼ੀ ਵੇਚਣ ਵਾਲੇ ਨੇ ਜਾ ਕੇ ਵੇਖਿਆ ਤਾਂ ਲਾਸ਼ ਖੂਨ ਨਾਲ ਲਥਪਥ ਪਈ ਸੀ ਅਤੇ ਹੱਥ ਪੈਰ ਬੰਨ੍ਹੇ ਹੋਏ ਸਨ।


ਪੁਲਿਸ ਨੇ ਖੰਘਾਲੇ ਸੀਸੀਟੀਵੀ ਕੈਮਰੇ

ਦੁਕਾਨਦਾਰ ਦੇ ਸਨਸਨੀਖੇਜ਼ ਕਤਲ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਫੋਕਲ ਪੁਆਇੰਟ ਤੇ ਮੁੱਖ ਅਫ਼ਸਰ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਸਮੇਤ ਚੌਕੀ ਢੰਡਾਰੀ ਦੇ ਇੰਚਾਰਜ ਸਹਾਇਕ ਥਾਣੇਦਾਰ ਕ੍ਰਿਸ਼ਨ ਲਾਲ ਅਤੇ ਏਡੀਸੀਪੀ ਪਰਮਜੀਤ ਸਿੰਘ ਸਮੇਤ ਵੱਖ-ਵੱਖ ਜਾਂਚ ਏਜੰਸੀਆਂ ਦੇ ਮੁਲਾਜ਼ਮ ਮੌਕੇ ’ਤੇ ਪੁੱਜੇ ਅਤੇ ਪੜਤਾਲ ਸ਼ੁਰੂ ਕਰ ਦਿੱਤੀ। ਪੁਲਿਸ ਦੀਆਂ ਟੀਮਾਂ ਨੇ ਦੁਕਾਨ ਦੇ ਆਸਪਾਸ ਬਾਜ਼ਾਰ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿਚ ਲੈ ਕੇ ਸੋਮਵਾਰ ਸ਼ਾਮ ਨੂੰ ਇਲਾਕੇ ’ਚੋਂ ਲੰਘਣ ਵਾਲੇ ਸ਼ੱਕੀ ਵਿਅਕਤੀਆਂ ਸਬੰਧੀ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਕਤਲ ਦੀ ਇਹ ਵਾਰਦਾਤ ਸੋਮਵਾਰ ਅੱਧੀ ਰਾਤ ਤੋਂ ਬਾਅਦ ਹੋਈ ਹੋਵੇਗੀ, ਕਿਉਂਕਿ ਰਾਤ ਕਰੀਬ 12:30 ਵਜੇ ਮ੍ਰਿਤਕ ਦਾ ਲੜਕਾ ਪੰਕਜ ਤਿਵਾੜੀ ਦਾ ਆਪਣੇ ਪਿਤਾ ਨਾਲ ਫੋਨ ’ਤੇ ਸੰਪਰਕ ਹੋਇਆ ਸੀ। ਉਸ ਵੇਲੇ ਤੱਕ ਰਾਮ ਧਨੀ ਸਹੀ ਸਲਾਮਤ ਸੀ।

Comments


Logo-LudhianaPlusColorChange_edited.png
bottom of page