ਲੁਧਿਆਣਾ 'ਚ ਨਾਬਾਲਗ ਵਿਦਿਆਰਥਣ ਨਾਲ ਹੈਵਾਨੀਅਤ ! ਅੰਮ੍ਰਿਤਸਰ ਲਿਜਾ ਕੇ ਦੋ ਦੋਸਤਾਂ ਨੇ ਬਣਾਇਆ ਹਵਸ ਦਾ ਸ਼ਿਕਾਰ
- bhagattanya93
- Jul 16
- 1 min read
16/07/2025

ਨਾਬਾਲਗ ਨਾਲ ਉਸਦੇ ਦੋ ਵਾਕਫ ਵਿਅਕਤੀਆਂ ਨੇ ਪਹਿਲਾਂ ਲੁਧਿਆਣਾ 'ਚ ਜਬਰਜਨਾਹ ਕੀਤਾ ਤੇ ਬਾਅਦ 'ਚ ਅੰਮ੍ਰਿਤਸਰ ਦੇ ਇਕ ਹੋਟਲ 'ਚ ਹਵਸ ਦਾ ਸ਼ਿਕਾਰ ਬਣਾਇਆ। ਥਾਣਾ ਸਾਹਨੇਵਾਲ ਦੀ ਪੁਲਿਸ ਨੇ ਲੜਕੀ ਦੀ ਮਾਂ ਦੀ ਸ਼ਿਕਾਇਤ 'ਤੇ ਮਨੋਜ ਅਤੇ ਸ਼ੁਭਮ ਨਾਂ ਦੇ ਨੌਜਵਾਨਾਂ ਖਿਲਾਫ ਪੋਸਕੋ ਐਕਟ, ਜਬਰ ਜਨਾਹ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।

ਥਾਣਾ ਸਾਹਨੇਵਾਲ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਸਾਹਨੇਵਾਲ ਦੇ ਇਕ ਮੁਹੱਲੇ ਦੀ ਰਹਿਣ ਵਾਲੀ ਔਰਤ ਨੇ ਦੱਸਿਆ ਕਿ ਉਸਦੀ 16 ਸਾਲ ਦੀ ਬੇਟੀ ਘਰ ਦੇ ਲਾਗੇ ਹੀ ਪੈਂਦੇ ਇਕ ਸਕੂਲ 'ਚ ਪੜ੍ਹਦੀ। ਮਨੋਜ ਅਤੇ ਸ਼ੁਭਮ ਉਸਦੇ ਵਾਕਫ ਹਨ। ਕੁਝ ਦਿਨ ਪਹਿਲੋਂ ਲੜਕੀ ਦੁਪਹਿਰ ਵੇਲੇ ਸਕੂਲ ਤੋਂ ਘਰ ਵਾਪਸ ਆ ਰਹੀ ਸੀ। ਇਸੇ ਦੌਰਾਨ ਦੋਵੇਂ ਉਸਨੂੰ ਰਸਤੇ 'ਚ ਮਿਲੇ। ਮੁਲਜ਼ਮ ਲੜਕੀ ਨੂੰ ਜ਼ਬਰਦਸਤੀ ਮੋਟਰਸਾਈਕਲ 'ਤੇ ਬਿਠਾ ਕੇ ਮਨੋਜ ਦੇ ਘਰ ਲੈ ਗਏ। ਲੜਕੀ ਦੀ ਮਾਂ ਨੇ ਦੱਸਿਆ ਕਿ ਮਨੋਜ ਅਤੇ ਸ਼ੁਭਮ ਨੇ ਉਸਦੀ ਸਕੂਲ ਦੀ ਵਰਦੀ ਉਤਾਰ ਕੇ ਉਸਨੂੰ ਪੈਂਟ ਕਮੀਜ਼ ਪਵਾ ਦਿੱਤੀ ਤੇ ਉਸ ਨੂੰ ਜ਼ਬਰਦਸਤੀ ਆਪਣੇ ਇਕ ਦੋਸਤ ਦੇ ਘਰ ਲੈ ਗਏ ਜਿੱਥੇ ਲੜਕੀ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਕੇ ਉਸਦੀ ਆਬਰੂ ਲੁੱਟੀ ਗਈ। ਸ਼ਿਕਾਇਤਕਰਤਾ ਮੁਤਾਬਕ ਮੁਲਜ਼ਮ ਰੋਂਦੀ ਕੁਰਲਾਉਂਦੀ ਲੜਕੀ ਨੂੰ ਲੁਧਿਆਣਾ ਤੋਂ ਅੰਮ੍ਰਿਤਸਰ ਲੈ ਗਏ ਜਿੱਥੇ ਇਕ ਹੋਟਲ ਵਿੱਚ ਬੰਧਕ ਬਣਾ ਕੇ ਲੜਕੀ ਨਾਲ ਜਬਰ ਜਨਾਹ ਕੀਤਾ ਗਿਆ। ਮੌਕਾ ਦੇਖਦੇ ਹੀ ਲੜਕੀ ਮੁਲਜ਼ਮਾਂ ਦੇ ਚੁੰਗਲ 'ਚੋਂ ਨਿਕਲ ਕੇ ਲੁਧਿਆਣਾ ਪਰਤ ਆਈ। ਉਧਰੋਂ, ਇਸ ਮਾਮਲੇ 'ਚ ਥਾਣਾ ਸਾਹਨੇਵਾਲ ਦੇ ਇੰਚਾਰਜ ਜਗਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ੁਭਮ ਅਤੇ ਮਨੋਜ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।






Comments