ਲੁਧਿਆਣਾ 'ਚ ਵਿਦਿਆਰਥੀ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਮਾਮਲੇ 'ਚ ਦੋ ਅਧਿਆਪਕਾਵਾਂ ਨਾਮਜ਼ਦ
- bhagattanya93
- Jul 28
- 1 min read
28/07/2025

ਬੀਤੇ ਦਿਨ ਅਧਿਆਪਕਾਵਾਂ ਤੋਂ ਪਰੇਸ਼ਾਨ ਹੋਏ 13 ਸਾਲ ਦੇ ਵਿਦਿਆਰਥੀ ਨੇ ਆਪਣੇ ਘਰ ਦੀ ਛੱਤ ’ਤੇ ਟੀਨ ਨਾਲ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਸੀ। ਇਸ ਮਾਮਲੇ ’ਚ ਕਾਰਵਾਈ ਕਰਦਿਆਂ ਥਾਣਾ-ਛੇ ਦੀ ਪੁਲਿਸ ਨੇ ਦੋਵਾਂ ਅਧਿਆਪਕਾਵਾਂ ਦੇ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਨਾਮਜ਼ਦ ਕੀਤੀਆਂ ਗਈਆਂ ਔਰਤਾਂ ਦੀ ਪਛਾਣ ਹਿੰਦੀ ਤੇ ਪੰਜਾਬੀ ਦੇ ਟੀਚਰ ਸਵਿਤਾ ਤੇ ਰਮੇਸ਼ਵਰੀ ਵਜੋਂ ਹੋਈ ਹੈ। ਪੁਲਿਸ ਇਸ ਮਾਮਲੇ ’ਚ ਜਲਦੀ ਹੀ ਦੋਸ਼ਣਾਂ ਨੂੰ ਗ੍ਰਿਫਤਾਰ ਕਰੇਗੀ। ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਕਬੀਰ ਨਗਰ ਵਾਸੀ ਬਲਵਿੰਦਰ ਕੁਮਾਰ ਸੈਣੀ ਨੇ ਦੱਸਿਆ ਕਿ ਉਨ੍ਹਾਂ ਦਾ 13 ਸਾਲ ਦਾ ਪੁੱਤਰ ਨੇੜਲੇ ਇਕ ਸਕੂਲ ਦਾ ਵਿਦਿਆਰਥੀ ਹੈ। ਬੀਤੇ ਦਿਨ ਲੜਕਾ ਸਕੂਲ ਤੋਂ ਘਰ ਆਇਆ ਤੇ ਉਸਨੇ ਆਪਣੇ ਛੱਤ ਦੀ ਟੀਨ ਦੀ ਪਰਛੱਤੀ ਨਾਲ ਚੁੰਨੀ ਜ਼ਰੀਏ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ’ਚ ਸੋਗ ਦੀ ਲਹਿਰ ਫੈਲ ਗਈ। ਪਰਿਵਾਰ ਨੇ ਜਦ ਬੱਚੇ ਦੀ ਕਾਪੀ ਤੇ ਝਾਤੀ ਮਾਰੀ ਤਾਂ ਇਸ ਸਾਰੇ ਮਾਮਲੇ ਦਾ ਖੁਲਾਸਾ ਹੋ ਗਿਆ। ਲੜਕੇ ਨੇ ਮੌਤ ਨੂੰ ਗਲੇ ਲਗਾਉਣ ਤੋਂ ਪਹਿਲੋਂ ਕਾਪੀ ’ਚ ਇਕ ਸੁਸਾਈਡ ਨੋਟ ਲਿਖਿਆ ਸੀ, ਜਿਸ ’ਚ ਬੱਚੇ ਨੇ ਲਿਖਿਆ ਸੀ ਕਿ ਉਹ ਹਿੰਦੀ ਤੇ ਪੰਜਾਬੀ ਵਾਲੀ ਟੀਚਰ ਸਵਿਤਾ ਤੇ ਰਮੇਸ਼ਵਰੀ ਕੋਲੋਂ ਬੇਹੱਦ ਪਰੇਸ਼ਾਨ ਹੈ। ਲੜਕੇ ਨੇ ਸਾਫ ਕੀਤਾ ਕਿ ਉਹ ਦੋਵਾਂ ਕੋਲੋਂ ਮਾਨਸਿਕ ਤੌਰ ’ਤੇ ਇਸ ਕਦਰ ਪਰੇਸ਼ਾਨ ਹੋ ਗਿਆ ਹੈ ਕਿ ਉਸ ਨੇ ਆਪਣਾ ਜੀਵਨ ਖਤਮ ਕਰਨਾ ਚਾਹਿਆ ਹੈ। ਉਧਰੋਂ, ਇਸ ਮਾਮਲੇ ’ਚ ਜਾਂਚ ਅਧਿਕਾਰੀ ਬਲਜੀਤ ਸਿੰਘ ਨੇ ਦੱਸਿਆ ਕਿ ਥਾਣਾ-ਛੇ ਦੀ ਪੁਲਿਸ ਨੇ ਸਵਿਤਾ ਤੇ ਰਮੇਸ਼ਵਰੀ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਕੇਸ ਵਿੱਚ ਜਲਦੀ ਹੀ ਔਰਤਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।





Comments