ਲੁਧਿਆਣਾ 'ਚ ਸੱਪ ਦੇ ਡੰਗ ਨਾਲ 10 ਸਾਲਾ ਧੀ ਦੀ ਮੌਤ ਦੇ ਸਦਮੇ ’ਚ ਪਿਤਾ ਨੇ ਵੀ ਦਮ ਤੋੜਿਆ
- bhagattanya93
- Jun 25, 2024
- 1 min read
25/06/2024
ਲੁਧਿਆਣਾ ਹੰਬੜਾਂ ਨੇੜਲੇ ਪਿੰਡ ਸਲੇਮਪੁਰ ਵਿਖੇ 10 ਸਾਲਾ ਧੀ ਦੀ ਸੱਪ ਦੇ ਡੰਗ ਨਾਲ ਮੌਤ ਹੋ ਜਾਣ ਦੇ ਸਦਮੇ ’ਚ ਪਿਤਾ ਨੇ ਵੀ ਦਮ ਤੋੜ ਦਿੱਤਾ। ਇਸ ਦਰਦਨਾਕ ਹਾਦਸੇ ’ਚ ਇੱਕੋ ਘਰ ’ਚੋਂ ਧੀ ਤੇ ਪਿਉ ਦੀਆਂ ਅਰਥੀਆਂ ਉੁੱਠੀਆਂ ਤਾਂ ਹਰ ਅੱਖ ਨਮ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸਲੇਮਪੁਰ ਵਿਖੇ ਤੇਜ ਬਹਾਦਰ ਆਪਣੇ ਪਰਿਵਾਰ ਨਾਲ ਕਿਰਾਏ ਦੇ ਮਕਾਨ ਵਿਚ ਰਹਿੰਦਾ ਸੀ।
ਮਿਹਨਤ, ਮਜ਼ਦੂਰੀ ਕਰ ਕੇ ਤੇਜ ਬਹਾਦਰ ਪਰਿਵਾਰ ਦਾ ਢਿੱਡ ਪਾਲਦਾ ਸੀ। ਬੀਤੀ ਕੱਲ੍ਹ ਜਦੋਂ 10 ਸਾਲਾ ਮੋਨਾ ਕਿਰਾਏ ਦੇ ਕਮਰੇ ਵਿਚ ਸੀ ਤਾਂ ਕਮਰੇ ਵਿਚ ਵੜੇ ਇਕ ਸੱਪ ਨੇ ਉਸ ਨੂੰ ਡੰਗ ਲਿਆ। ਉੁਸ ਦੀ ਚੀਕ ਸੁਣ ਕੇ ਮਾਂ ਜੈਯੰਤੀ ਦੇਵੀ ਨੇ ਰੌਲਾ ਪਾਇਆ। ਜਿਸ ’ਤੇ ਉਸ ਦਾ ਪਤੀ ਤੇਜ ਬਹਾਦਰ ਮੋਨਾ ਨੂੰ ਹੰਬੜਾਂ ਦੇ ਇਕ ਪ੍ਰਾਈਵੇਟ ਹਸਪਤਾਲ ਲੈ ਕੇ ਪੁੱਜਿਆ ਜਿਥੇ ਉਸ ਦੀ ਹਾਲਤ ਨਾਜੁਕ ਦੇਖਦਿਆਂ ਲੁਧਿਆਣਾ ਰੈਫਰ ਕਰ ਦਿੱਤਾ ਗਿਆ।
ਪਰਿਵਾਰ ਮੋਨਾ ਨੂੰ ਲੁਧਿਆਣਾ ਲੈ ਕੇ ਪੁੱਜਾ ਤਾਂ ਉਥੋਂ ਮੋਨਾ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਪੀੜਤ ਪਰਿਵਾਰ ਮੋਨਾ ਨੂੰ ਚੰਡੀਗੜ੍ਹ ਪੀਜੀਆਈ ਲੈ ਕੇ ਜਾ ਰਿਹਾ ਸੀ ਪਰ ਉਸ ਨੇ ਰਸਤੇ ਵਿਚ ਹੀ ਦਮ ਤੋੜ ਦਿੱਤਾ। ਸੋਮਵਾਰ ਸਵੇਰੇ ਮੋਨਾ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਕਿ ਅਚਾਨਕ ਵਿਰਲਾਪ ਕਰ ਰਹੇ ਉਸ ਦੇ ਪਿਤਾ ਦੀ ਵੀ ਮੌਤ ਹੋ ਗਈ। ਮੰਨਿਆ ਜਾ ਰਿਹਾ ਹੈ ਕਿ ਮੋਨਾ ਦੇ ਸਦਮੇ ਕਾਰਨ ਉਸ ਦੇ ਪਿਤਾ ਨੂੰ ਵੀ ਦਿਲ ਦਾ ਦੌਰਾ ਪੈ ਗਿਆ।






Comments