ਲੁਧਿਆਣਾ 'ਚ ਹੈਵਾਨੀਅਤ ! ਅੱਠਵੀਂ ਦੀ ਵਿਦਿਆਰਥਣ ਨੂੰ ਨਜ਼ਰਬੰਦ ਕਰ ਕੇ 2 ਮਹੀਨੇ ਤਕ ਬਣਾਉਂਦੇ ਰਹੇ ਹਵਸ ਦਾ ਸ਼ਿਕਾਰ
- bhagattanya93
- Jul 1
- 2 min read
01/07/2025

ਸ਼ਹਿਰ ਦੇ ਇਕ ਇਲਾਕੇ 'ਚ ਅੱਠਵੀਂ ਜਮਾਤ ਦੀ ਮਾਸੂਮ ਵਿਦਿਆਰਥਣ ਨਾਲ ਜਬਰ-ਜਨਾਹ ਹੋਣ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਹਵਸ 'ਚ ਅੰਨ੍ਹੇ ਹੋਏ ਅਣਪਛਾਤੇ ਵਿਅਕਤੀ ਬੱਚੀ ਨੂੰ ਦੋ ਮਹੀਨਿਆਂ ਤਕ ਹਵਸ ਦਾ ਸ਼ਿਕਾਰ ਬਣਾਉਂਦੇ ਰਹੇ। ਘਰ ਦੇ ਮਾਲਕ ਦੇ ਵਿਦੇਸ਼ ਚਲੇ ਜਾਣ ਤੋਂ ਬਾਅਦ ਹੈਵਾਨੀਅਤ ਦਾ ਸ਼ਿਕਾਰ ਹੋਈ 15 ਸਾਲ ਦੀ ਵਿਦਿਆਰਥਣ ਭੱਜ ਕੇ ਆਪਣੀ ਭੈਣ ਦੇ ਘਰ ਪਹੁੰਚੀ। ਲੜਕੀ ਨੇ ਆਪਣੀ ਭੈਣ ਨੂੰ ਆਪਣੇ ਤੇ ਹੋਏ ਜ਼ੁਲਮਾਂ ਦੀ ਕਹਾਣੀ ਦੱਸੀ। ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਥਾਣਾ ਸਦਰ ਦੀ ਪੁਲਿਸ ਨੇ ਲੁਧਿਆਣਾ ਦੇ ਇੱਕ ਇਲਾਕੇ ਦੀ ਰਹਿਣ ਵਾਲੀ ਲੜਕੀ ਦੀ ਸ਼ਿਕਾਇਤ ਤੇ ਰਾਜਨ ਇਨਕਲੇਵ ਨੇੜੇ ਲੇਸ਼ੀਅਨ ਟਾਵਰ ਦੇ ਵਾਸੀ ਸੁਸ਼ੀਲ ਅਤੇ ਉਸਦੀ ਪਤਨੀ ਨੈਣਾ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ।
ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਤਮੰਨਾ ਦੇਵੀ ਨੇ ਦੱਸਿਆ ਕਿ ਪਰਵਾਸੀ ਪਰਿਵਾਰ ਨਾਲ ਸੰਬੰਧ ਰੱਖਣ ਵਾਲੀ ਵਿਦਿਆਰਥਣ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਅਪ੍ਰੈਲ ਦੇ ਮਹੀਨੇ ਉਸਦੀ ਮਾਤਾ ਨੇ ਜ਼ਰੂਰੀ ਕੰਮ ਲਈ ਸ਼ਹਿਰ ਤੋਂ ਬਾਹਰ ਜਾਣਾ ਸੀ। ਔਰਤ ਆਪਣੀ ਸਹੇਲੀ ਨੈਣਾਂ ਕੋਲ ਉਸ ਨੂੰ ਛੱਡ ਗਈ। ਔਰਤ ਨੇ ਸਮਝਿਆ ਕਿ ਉਸ ਦੀ ਬੇਟੀ ਨੈਣਾ ਦੇ ਘਰ ਦਾ ਕੰਮ ਵੀ ਕਰ ਦੇਵੇਗੀ ਅਤੇ ਨੈਣਾ ਉਸਦਾ ਧਿਆਨ ਵੀ ਰੱਖ ਲਵੇਗੀ। ਲੜਕੀ ਨੇ ਪੁਲਿਸ ਨੂੰ ਦੱਸਿਆ ਕਿ ਅਪ੍ਰੈਲ ਦੀ ਸ਼ੁਰੂਆਤ 'ਚ ਹੀ ਇੱਕ ਅਣਪਛਾਤਾ ਵਿਅਕਤੀ ਨੈਣਾਂ ਦੇ ਘਰ ਆਇਆ।

ਹਵਸ 'ਚ ਅੰਨ੍ਹੇ ਹੋਏ ਉਸ ਵਿਅਕਤੀ ਨੇ ਬੱਚੀ ਦੀ ਆਬਰੂ ਲੁੱਟ ਲਈ। ਜ਼ਬਰਦਸਤੀ ਸਰੀਰਕ ਸਬੰਧ ਬਣਾਉਣ ਤੋਂ ਬਾਅਦ ਮੁਲਜ਼ਮ ਨੇ ਲੜਕੀ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ। ਮੁਲਜ਼ਮ ਦੇ ਨਾਲ ਨੈਣਾ ਅਤੇ ਉਸਦੇ ਪਤੀ ਸੁਸ਼ੀਲ ਦੀ ਪੂਰੀ ਤਰ੍ਹਾਂ ਸਹਿਮਤੀ ਸੀ। ਲੜਕੀ ਨੇ ਦੱਸਿਆ ਕਿ ਪੰਜ ਦਿਨਾਂ ਬਾਅਦ ਇਕ ਹੋਰ ਅਣਪਛਾਤਾ ਵਿਅਕਤੀ ਘਰ ਅੰਦਰ ਦਾਖਲ ਹੋਇਆ ਅਤੇ ਉਸਨੇ ਵੀ ਬੱਚੀ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਵਿਦਿਆਰਥਣ ਦੇ ਮੁਤਾਬਕ ਉਸ ਦਿਨ ਤੋਂ ਬਾਅਦ ਇਹ ਸਿਲਸਿਲਾ ਲਗਾਤਾਰ ਚੱਲਦਾ ਰਿਹਾ। ਮੁਲਜ਼ਮਾਂ ਨੇ ਲੜਕੀ ਨੂੰ ਘਰ ਵਿੱਚ ਹੀ ਨਜ਼ਰਬੰਦ ਕੀਤਾ ਹੋਇਆ ਸੀ। 25 ਜੂਨ ਨੂੰ ਸੁਸ਼ੀਲ ਤੇ ਨੈਣਾ ਜਿਵੇਂ ਹੀ ਵਿਦੇਸ਼ ਗਏ ਤਾਂ ਵਿਦਿਆਰਥਣ ਨੂੰ ਭੱਜਣ ਦਾ ਮੌਕਾ ਮਿਲ ਗਿਆ। ਲੜਕੀ ਆਪਣੀ ਭੈਣ ਦੇ ਘਰ ਪਹੁੰਚੀ ਤੇ ਉਸਨੂੰ ਸਾਰਾ ਕੁਝ ਦੱਸਿਆ। ਉਧਰੋਂ ਇਸ ਮਾਮਲੇ 'ਚ ਥਾਣੇਦਾਰ ਤਮੰਨਾ ਦੇਵੀ ਨੇ ਦੱਸਿਆ ਕਿ ਪੁਲਿਸ ਨੇ ਲੜਕੀ ਦੀ ਸ਼ਿਕਾਇਤ 'ਤੇ ਸੁਸ਼ੀਲ ਅਤੇ ਨੈਣਾ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਪੜਤਾਲ ਕੀਤੀ ਜਾ ਰਹੀ ਹੈ। ਜਾਂਚ ਦੇ ਦੌਰਾਨ ਇਸ ਕੇਸ ਦੇ ਕਈ ਪਹਿਲੂ ਸਾਹਮਣੇ ਆ ਸਕਦੇ ਹਨ।






Comments