ਵੋਟਿੰਗ ਦੌਰਾਨ ਪਟਿਆਲਾ 'ਚ ਹੰਗਾਮਾ, ਬੂਥ ਦੀ ਛੱਤ 'ਤੇ ਚੜ੍ਹਿਆ BJP ਉਮੀਦਵਾਰ; ਆਪ 'ਤੇ ਧੱਕੇਸ਼ਾਹੀ ਦੇ ਲਾਏ ਦੋਸ਼
- bhagattanya93
- Dec 21, 2024
- 3 min read
21/12/2024

ਪੰਜਾਬ ਦੀਆਂ 5 ਨਗਰ ਨਿਗਮਾਂ ਵਿੱਚ ਅੱਜ ਵੋਟਾਂ ਪੈ ਰਹੀਆਂ ਹਨ। ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 4 ਵਜੇ ਤੱਕ ਚੱਲੇਗੀ। ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਟਿਆਲਾ ਅਤੇ ਫਗਵਾੜਾ ਨਗਰ ਨਿਗਮਾਂ ਦੀਆਂ ਅੱਜ ਚੋਣਾਂ ਹੋ ਰਹੀਆਂ ਹਨ। ਇਨ੍ਹਾਂ ਨਗਰ ਨਿਗਮਾਂ ਵਿੱਚ ਵੋਟਾਂ ਪੈਣ ਤੋਂ ਬਾਅਦ ਅੱਜ ਨਤੀਜੇ ਵੀ ਐਲਾਨੇ ਜਾਣਗੇ। ਪੰਜਾਬ ਦੀਆਂ 5 ਨਗਰ ਨਿਗਮਾਂ ਤੋਂ ਇਲਾਵਾ 44 ਨਗਰ ਕੌਂਸਲਾਂ ਵਿੱਚ ਵੀ ਚੋਣਾਂ ਹੋ ਰਹੀਆਂ ਹਨ।
ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਵਾਰਡ ਨੰਬਰ 34 ਤੋਂ ਉਮੀਦਵਾਰ ਤਜਿੰਦਰ ਮਹਿਤਾ ਨੇ ਕਿਹਾ ਕਿ ਭਾਜਪਾ ਦੇ ਉਮੀਦਵਾਰ ਵੱਲੋਂ ਬੂਥ ਦੇ ਅੰਦਰ ਹੰਗਾਮਾ ਕੀਤਾ ਗਿਆ ਹੈ। ਵੋਟਰਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਲਈ ਭਾਜਪਾ ਵੱਲੋਂ ਬਾਹਰੀ ਵਿਅਕਤੀਆਂ ਨੂੰ ਬੂਥ ਦੇ ਬਾਹਰ ਖੜ੍ਹਾ ਕੀਤਾ ਜਾ ਰਿਹਾ ਹੈ। ਮਹਿਤਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਿਸੇ ਵੀ ਵਰਕਰ ਵੱਲੋਂ ਕੋਈ ਹੁਲੜ ਬਾਜ਼ੀ ਨਹੀਂ ਕੀਤੀ ਜਾ ਰਹੀ ਹੈ ਪਰੰਤੂ ਆਪਣੀ ਹਾਰ ਹੁੰਦੀ ਦੇਖ ਭਾਜਪਾ ਵੱਲੋਂ ਜਾਣ ਬੁਝ ਕੇ ਵੋਟਰਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ।
ਪਟਿਆਲਾ ਨਗਰ ਨਿਗਮ ਵਾਰਡ ਨੰਬਰ 34 ਛੱਤ 'ਤੇ ਚੜ੍ਹਿਆ ਭਾਜਪਾ ਉਮੀਦਵਾਰ
ਪਟਿਆਲਾ ਨਗਰ ਨਿਗਮ ਵਾਰਡ ਨੰਬਰ 34 ਵਿੱਚ ਭਾਰੀ ਹੰਗਾਮਾ ਹੋ ਗਿਆ। ਇਸ ਦੌਰਾਨ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਸੁਸੀਲ ਨਜਰ ਸੱਤਾ ਧਿਰ 'ਤੇ ਦੋਸ਼ ਲਗਾਉਂਦਾ ਹੋਇਆ ਆਸ਼ਰਮ ਵਿੱਚ ਬਣੇ ਬੂਥ ਦੀ ਛੱਤ 'ਤੇ ਚੜ ਗਿਆ। ਭਾਜਪਾ ਉਮੀਦਵਾਰ ਦਾ ਦੋਸ਼ ਹੈ ਕਿ ਸੱਤਾ ਧਿਰ ਵੱਲੋਂ ਜਾਲੀ ਵੋਟਾਂ ਪਵਾਈਆਂ ਜਾ ਰਹੀਆਂ ਹਨ ਅਤੇ ਪੁਲਿਸ ਵੱਲੋਂ ਧੱਕਾ ਕਰਨ ਵਾਲਿਆਂ ਦਾ ਸਾਥ ਦਿੱਤਾ ਜਾ ਰਿਹਾ ਹੈ। ਇਸ ਹੰਗਾਮੇ ਦੌਰਾਨ ਸੁਰੱਖਿਆ ਬਲਾਂ ਵੱਲੋਂ ਬੂਥ ਦਾ ਗੇਟ ਬੰਦ ਕਰਕੇ ਵੋਟਿੰਗ ਕੁਝ ਦੇਰ ਲਈ ਰੋਕ ਦਿੱਤੀ ਗਈ ਹੈ।
ਪਟਿਆਲਾ ਦੇ ਵਾਰਡ 34 'ਚ ਹੰਗਾਮਾ ਹੋਇਆ। ਸਿਆਸੀ ਪਾਰਟੀਆਂ ਨੇ ਇਕ-ਦੂਜੇ 'ਤੇ ਧੱਕੇਸ਼ਾਹੀ ਦੇ ਦੋਸ਼ ਲਾਏ ਹਨ।

'ਆਪ' ਉਮੀਦਵਾਰ 'ਤੇ ਚਾਕੂ ਨਾਲ ਹਮਲਾ
ਮਾਨਸਾ ਦੇ ਸਰਦੂਲਗੜ੍ਹ 'ਚ ਵਾਰਡ 8 ਤੋਂ 'ਆਪ' ਉਮੀਦਵਾਰ ਚਰਨ ਦਾਸ ਚਰਨੀ 'ਤੇ ਅਣਪਛਾਤੇ ਵਿਅਕਤੀਆਂ ਨੇ ਚਾਕੂ ਨਾਲ ਹਮਲਾ ਕਰ ਦਿੱਤਾ।

ਮਾਨਸਾ: ਨਗਰ ਪੰਚਾਇਤ ਭੀਖੀ ਤੇ ਸਰਦੂਲਗੜ੍ਹ ‘ਚ ਵੋਟਾਂ ਸ਼ੁਰੂ
ਨਗਰ ਪੰਚਾਇਤ ਭੀਖੀ ਤੇ ਸਰਦੂਲਗੜ੍ਹ ਵਿੱਚ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਲੋਕਾਂ ਵੱਲੋਂ ਉਤਸ਼ਾਹਿਤ ਹੋ ਕੇ ਵੋਟਾਂ ਪਾਈਆਂ ਜਾ ਰਹੀਆਂ ਹਨ। ਚੋਣਾਂ ਨੂੰ ਲੈ ਕੇ ਦੋਵਾਂ ਨਗਰ ਪੰਚਾਇਤਾਂ ’ਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ। ਦੇਰ ਸ਼ਾਮ ਤੱਕ ਵੋਟਾਂ ਦੀ ਗਿਣਤੀ ਬਾਅਦ ਚੋਣ ਨਤੀਜੇ ਐਲਾਨੇ ਜਾਣਗੇ। ਅਲੱਗ-ਅਲੱਗ ਪਾਰਟੀਆਂ ਆਪ, ਅਕਾਲੀ, ਕਾਂਗਰਸ, ਬੀਜੇਪੀ ਤੇ ਅਜ਼ਾਦ ਉਮੀਦਵਾਰਾਂ ’ਚ ਦਿਲਚਸਪ ਮੁਕਾਬਲੇ ਹੋਣ ਦੇ ਅਸਾਰ ਦਿਖ ਰਹੇ ਹਨ। ਸਰਦੂਲਗੜ੍ਹ ‘ਚ ਪੌਣੇ 9 ਵਜੇ ਤੱਕ ਵਾਰਡ ਨੰਬਰ. 9 ‘ਚ 100 ਵੋਟ, 10 ‘ਚ 110 ਵੋਟ ਅਤੇ 13 ‘ਚ 100 ਵੋਟ ਪੋਲ ਹੋ ਚੁੱਕੀ ਹੈ।
ਦੋਵਾਂ ਨਗਰ ਪੰਚਾਇਤਾਂ ਦੇ ਕੁੱਲ 30322 ਵੋਟਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਭੀਖੀ ਨਗਰ ਪੰਚਾਇਤ ਦੇ 13 ਵਾਰਡਾਂ ਦੇ ਕੁੱਲ੍ਹ 14369 ਵੋਟਰ ਹਨ, ਜਿਨ੍ਹਾਂ ਵਿੱਚ 7457 ਪੁਰਸ਼ ਅਤੇ 6911 ਔਰਤ ਵੋਟਰ ਹਨ। ਇਸ ਤੋਂ ਇਲਾਵਾ 1 ਵੋਟ ਥਰਡ ਜੈਂਡਰ ਹੈ। ਭੀਖੀ ਦੇ 13 ਵਾਰਡਾਂ ਲਈ 14 ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ।
ਸਰਦੂਲਗੜ੍ਹ ਨਗਰ ਪੰਚਾਇਤ ਦੇ 15 ਵਾਰਡਾਂ ਦੇ ਕੁੱਲ 15953 ਵੋਟਰ ਹਨ, ਜਿਨ੍ਹਾਂ ਵਿੱਚ 8369 ਪੁਰਸ਼ ਅਤੇ 7584 ਔਰਤ ਵੋਟਰ ਸ਼ਾਮਿਲ ਹਨ। ਸਰਦੂਲਗੜ੍ਹ ਵਿਖੇ 17 ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ। ਦੋਵਾਂ ਨਗਰ ਪੰਚਾਇਤਾਂ ਲਈ ਕੁੱਲ 93 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚੋਂ ਸਰਦੂਲਗੜ੍ਹ ਵਿਖੇ 55 ਅਤੇ ਭੀਖੀ ਵਿਖੇ 38 ਉਮੀਦਵਾਰ ਚੋਣ ਲੜ ਰਹੇ ਹਨ।

ਭਾਰਤੀ ਜਨਤਾ ਪਾਰਟੀ ਮਹਿਲਾ ਵਿੰਗ ਸੂਬਾ ਪ੍ਰਧਾਨ ਜੈ ਇੰਦਰ ਕੌਰ ਨਗਰ ਨਿਗਮ ਚੋਣਾਂ ਦੌਰਾਨ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦਾ ਦੌਰਾ ਕਰਨ ਪੁੱਜੇ ਹਨ। ਇਸ ਦੌਰਾਨ ਜੈ ਇੰਦਰ ਕੌਰ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਵੱਲੋਂ ਨਾਮਜ਼ਦਗੀਆਂ ਤੋਂ ਸ਼ੁਰੂ ਕੀਤੀ ਧੱਕੇਸ਼ਾਹੀ ਅੱਜ ਤੱਕ ਜਾਰੀ ਹੈ। ਉਹਨਾਂ ਕਿਹਾ ਕਿ ਹਾਈ ਕੋਰਟ ਵੱਲੋਂ ਸਖਤ ਹੁਕਮਾਂ ਦੇ ਨਿਰਦੇਸ਼ਾਂ ਦੇ ਬਾਵਜੂਦ ਵੀ ਪਟਿਆਲਾ ਵਿੱਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਜੈਇੰਦਰ ਕੌਰ ਨੇ ਦੋਸ਼ ਲਾਇਆ ਕਿ ਸੂਰਜ ਚੜਨ ਤੋਂ ਪਹਿਲਾਂ ਹੀ ਬਦਮਾਸ਼ਾਂ ਦੀਆਂ ਟੋਲੀਆਂ ਸ਼ਹਿਰ ਵਿੱਚ ਘੁੰਮਣ ਲੱਗੀਆਂ ਹਨ ਅਤੇ ਭਾਜਪਾ ਦੇ ਉਮੀਦਵਾਰਾਂ ਨੂੰ ਡਰਾਉਣ ਧਮਕਾਉਣ ਦੇ ਨਾਲ ਵੋਟਰਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਇੱਕ ਸਵਾਲ ਦੇ ਜਵਾਬ ਵਿੱਚ ਜੈਇੰਦਰ ਕੌਰ ਨੇ ਕਿਹਾ ਕਿ ਜਿੱਥੇ ਉਹਨਾਂ ਦੀ ਵੋਟ ਹੈ ਉਸ ਵਾਰਡ ਤੋਂ ਭਾਜਪਾ ਦੇ ਉਮੀਦਵਾਰ ਦੇ ਕਾਗਜ਼ ਵੀ ਫਾੜ ਦਿੱਤੇ ਗਏ ਜਿਸ ਕਰਕੇ ਉਹਨਾਂ ਦੇ ਵਾਰਡ ਵਿੱਚ ਭਾਜਪਾ ਦਾ ਕੋਈ ਉਮੀਦਵਾਰ ਨਹੀਂ ਹੈ। ਵੋਟ ਕਿਸ ਨੂੰ ਪਾਉਣਗੇ ਦੇ ਸਵਾਲ ਤੇ ਜੈ ਇੰਦਰ ਕੌਰ ਨੇ ਕਿਹਾ ਕਿ ਉਹ ਇਸ ਬਾਰੇ ਕੁਝ ਨਹੀਂ ਦੱਸ ਸਕਦੇ।

ਪਟਿਆਲਾ 'ਚ ਤੜਕੇ ਹੀ ਹੋਈ ਪੱਥਰਬਾਜ਼ੀ
ਪਟਿਆਲਾ ਨਗਰ ਨਿਗਮ ਲਈ ਅੱਜ ਪੈ ਰਹੀਆਂ ਵੋਟਾਂ ਦੌਰਾਨ ਤੜਕੇ ਹੀ ਸ਼ਹਿਰ ਦੇ ਵਾਰਡ ਨੰਬਰ 40 ਵਿੱਚ ਪੱਥਰਬਾਜ਼ੀ ਹੋਣ ਦੀ ਸੂਚਨਾ ਮਿਲੀ ਹੈ। ਵਾਰਡ 40 ਤੋਂ ਭਾਜਪਾ ਉਮੀਦਵਾਰ ਅਨੂਜ ਖੋਸਲਾ ਨੇ ਦੋਸ਼ ਲਗਾਇਆ ਕਿ ਉਹ ਤੜਕਸਾਰ ਸਵੇਰੇ ਆਪਣੇ ਬੂਥ 'ਤੇ ਫਾਰਮ ਦੇਣ ਲਈ ਪਰਿਵਾਰ ਸਮੇਤ ਜਾ ਰਹੇ ਸਨ ਤਾਂ ਇਸੇ ਦੌਰਾਨ ਹੀ ਸਰਕਾਰੀ ਸਕੂਲ ਵਿੱਚ ਬਣੇ ਬੂਥ ਦੇ ਸਾਹਮਣੇ ਤੋਂ ਕੁਝ ਬਦਮਾਸ਼ਾਂ ਦਾ ਗਰੁੱਪ ਆਇਆ ਅਤੇ ਉਹਨਾਂ ਤੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਬੀਐਸਐਫ ਪਾਰਟੀ ਵੱਲੋਂ ਵੀ ਪੱਥਰਮਾਰਾਂ ਨੂੰ ਮੌਕੇ ਤੋਂ ਭਜਾਇਆ ਗਿਆ ਅਤੇ ਪੁਲਿਸ ਵੀ ਮੌਕੇ 'ਤੇ ਪੁੱਜੀ।





Comments