ਵਿਦੇਸ਼ ਜਾਣ ’ਚ ਨਾਕਾਮ ਹੋਏ ਨੌਜਵਾਨ ਵੱਲੋਂ ਖ਼ੁਦ+ਕੁਸ਼ੀ, ਕਮਰੇ ’ਚ ਚੁੰਨੀ ਨਾਲ ਲਿਆ ਫਾ+ਹਾ
- Dec 13, 2024
- 2 min read
13/12/2024

ਵਿਦੇਸ਼ ਜਾਣ ਦੀ ਇੱਛਾ ’ਚ ਕਾਫੀ ਹੱਥ ਪੈਰ ਮਾਰਨ ਦੇ ਬਾਵਜੂਦ ਨੌਜਵਾਨ ਬਾਹਰ ਜਾਣ ’ਚ ਕਾਮਯਾਬ ਨਾ ਹੋਇਆ ਤਾਂ ਇਸ ਚਿੰਤਾ ਤੇ ਦੁੱਖ ’ਚ ਉਸ ਨੇ ਆਪਣੀ ਜੀਵਨ ਲੀਲ੍ਹਾ ਹੀ ਖਤਮ ਕਰ ਲਈ। ਪਰੇਸ਼ਾਨ ਹੋਏ ਇਸ ਨੌਜਵਾਨ ਨੇ ਆਪਣੇ ਕਮਰੇ ’ਚ ਚੁੰਨੀ ਦੀ ਮਦਦ ਨਾਲ ਪੱਖੇ ਦੀ ਹੁੱਕ ਨਾਲ ਫਾਹਾ ਲਗਾ ਕੇ ਜ਼ਿੰਦਗੀ ਨੂੰ ਅਲਵਿਦਾ ਆਖ ਦਿੱਤਾ। ਟਿੱਬਾ ਰੋਡ ਇਲਾਕੇ ’ਚ ਹੋਈ ਇਸ ਦਰਦਨਾਕ ਘਟਨਾ ’ਚ ਜਾਨ ਗਵਾਉਣ ਵਾਲੇ ਨੌਜਵਾਨ ਦੀ ਪਛਾਣ ਲਵਪ੍ਰੀਤ ਉਮਰ ਕਰੀਬ 23 ਸਾਲ ਦੇ ਰੂਪ ’ਚ ਹੋਈ ਹੈ। ਇਸ ਮਾਮਲੇ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਟਿੱਬਾ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲਿਆ ਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਲਵਪ੍ਰੀਤ ਦੇ ਮਾਮੇ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਉਸ ਦੀ ਭੈਣ ਕਿਸੇ ਕੰਮ ਲਈ ਬਾਜ਼ਾਰ ਗਈ ਹੋਈ ਸੀ, ਜਦ ਉਹ ਵਾਪਸ ਆਈ ਤਾਂ ਕਮਰੇ ਦਾ ਦਰਵਾਜ਼ਾ ਬੰਦ ਸੀ। ਵਾਰ-ਵਾਰ ਦਰਵਾਜ਼ਾ ਖੜਕਾਉਣ ਦੇ ਬਾਵਜੂਦ ਕਿਸੇ ਨੇ ਜਵਾਬ ਨਾ ਦਿੱਤਾ ਤਾਂ ਕਿਸੇ ਅਣਹੋਣੀ ਤੋਂ ਪਰੇਸ਼ਾਨ ਉਸ ਦੀ ਭੈਣ ਨੇ ਗੁਆਂਢੀਆਂ ਨੂੰ ਸੱਦਿਆ। ਕਿਸੇ ਤਰ੍ਹਾਂ ਕਮਰੇ ਅੰਦਰ ਝਾਕ ਕੇ ਵੇਖਿਆ ਤਾਂ ਸਾਰਿਆਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ, ਕਿਉਂਕਿ ਲਵਪ੍ਰੀਤ ਦਾ ਬੇਜਾਨ ਜਿਸਮ ਕਮਰੇ ਅੰਦਰ ਪੱਖੇ ਦੀ ਹੁੱਕ ਨਾਲ ਲਮਕ ਰਿਹਾ ਸੀ। ਪਰਿਵਾਰ ਦੇ ਮੈਂਬਰ ਦਰਵਾਜ਼ਾ ਤੋੜ ਕੇ ਅੰਦਰ ਗਏ ਤੇ ਇਹ ਖ਼ਤਰਨਾਕ ਮੰਜ਼ਰ ਆਪਣੇ ਅੱਖੀਂ ਵੇਖਿਆ। ਉਕਤ ਘਟਨਾ ਦੀ ਜਾਣਕਾਰੀ ਥਾਣਾ ਟਿੱਬਾ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਮ੍ਰਿਤਕ ਦੀ ਲਾਸ਼ ਨੂੰ ਹੇਠਾਂ ਉਤਾਰਿਆ। ਪਰਿਵਾਰਕ ਮੈਂਬਰਾਂ ਮੁਤਾਬਕ ਲਵਪ੍ਰੀਤ ਕੁਝ ਸਮਾਂ ਪਹਿਲਾਂ ਸਿੰਘਾਪੁਰ ਤੋਂ ਵਾਪਸ ਆਇਆ ਤੇ ਇੰਨੀ ਦਿਨੀ ਇੱਕ ਨਿੱਜੀ ਹਸਪਤਾਲ ’ਚ ਨੌਕਰੀ ਕਰ ਰਿਹਾ ਸੀ। ਹਸਪਤਾਲ ’ਚ ਨੌਕਰੀ ਕਰਨ ਦੇ ਨਾਲ ਨਾਲ ਉਹ ਦੁਬਾਰਾ ਵਿਦੇਸ਼ ਜਾਣ ਲਈ ਕਾਫੀ ਹੱਥ ਪੈਰ ਮਾਰ ਰਿਹਾ ਸੀ, ਕਿਉਂਕਿ ਉਸ ਦੇ ਕਈ ਦੋਸਤ ਵਿਦੇਸ਼ ਜਾ ਚੁੱਕੇ ਸਨ।
ਇਸ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਥਾਣਾ ਟਿੱਬਾ ਦੇ ਸਹਾਇਕ ਥਾਣੇਦਾਰ ਨਿਰਮਲ ਸਿੰਘ ਮੁਤਾਬਕ ਲਵਪ੍ਰੀਤ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਮ੍ਰਿਤਕ ਕੋਲੋਂ ਸ਼ੁਰੂਆਤੀ ਪੜਤਾਲ ਦੌਰਾਨ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ। ਫਿਲਹਾਲ ਪੁਲਿਸ ਨੇ ਲਾਸ਼ ਪੋਸਟਮਾਰਟਮ ਲਈ ਭੇਜ ਕੇ ਪਰਿਵਾਰ ਦੇ ਬਿਆਨ ਲਿਖਣ ਮਗਰੋਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ।





Comments