ਵਿਧਾਇਕ ਬੱਗਾ ਵੱਲੋਂ ਵਾਰਡ ਨੰਬਰ 87 'ਚ ਪਾਰਕਾਂ ਦੇ ਨਵੀਨੀਕਰਣ ਦੀ ਸ਼ੁਰੂਆਤ
- bhagattanya93
- Sep 14, 2023
- 1 min read
ਲੁਧਿਆਣਾ, 14 ਸਤੰਬਰ

ਸਾਫ ਸੁਥਰਾ ਅਤੇ ਹਰਿਆਵਲ ਭਰਿਆ ਵਾਤਾਵਰਣ ਮੁਹੱਈਆ ਕਰਾਉਣ ਦੇ ਮੰਤਵ ਨਾਲ, ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਮਦਨ ਲਾਲ ਬੱਗਾ ਵੱਲੋਂ ਵਾਰਡ ਨੰਬਰ 87 ਵਿਖੇ ਗ੍ਰੀਨ ਬੈਲਟ ਅਧੀਨ ਪਾਰਕਾਂ ਦੇ ਨਵੀਨੀਕਰਣ ਦੀ ਸ਼ੁਰੂਆਤ ਕੀਤੀ ਗਈ। ਇਸ ਪ੍ਰੋਜੈਕਟ 'ਤੇ ਕਰੀਬ 83 ਲੱਖ ਰੁਪਏ ਦੀ ਲਾਗਤ ਆਵੇਗੀ। ਇਸ ਚਿਰੌਕਣੀ ਮੰਗ ਨੂੰ ਬੂਰ ਪੈਣ ਤੋਂ ਬਾਅਦ ਸਥਾਨਕ ਵਸਨੀਕਾਂ ਵਲੋਂ ਆਪਣੇ ਹਰਮਨ ਪਿਆਰੇ ਵਿਧਾਇਕ ਦਾ ਤਹਿਦਿਲੋਂ ਧੰਨਵਾਦ ਵੀ ਕੀਤਾ ਗਿਆ। ਵਿਧਾਇਕ ਮਦਨ ਲਾਲ ਬੱਗਾ ਨੇ ਕਿਹਾ ਕਿ ਸ਼ਹਿਰ ਨਿਵਾਸੀਆਂ ਲਈ ਸਵੇਰੇ-ਸ਼ਾਮ ਦੀ ਸੈਰ ਕਰਨ ਅਤੇ ਬੱਚਿਆਂ ਦੇ ਮਨੋਰੰਜਨ ਲਈ ਜਿੱਥੇ ਨਵੇਂ ਪਾਰਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਉੱਥੇ ਸਾਰੇ ਪਾਰਕਾਂ ਦਾ ਸੁੰਦਰੀਕਰਨ ਵੀ ਕੀਤਾ ਜਾ ਰਿਹਾ ਹੈ। ਉਨ੍ਹਾ ਦੱਸਿਆ ਕਿ ਪਾਰਕਾਂ ਦੇ ਸੁੰਦਰੀਕਰਨ ਤਹਿਤ ਨਵੇਂ ਫੁੱਲਾਂ ਦੇ ਬੂਟੇ, ਬੱਚਿਆਂ ਲਈ ਝੂਲੇ, ਬੱਚਿਆਂ ਲਈ ਸਵਿੰਗਜ਼, ਨੌਜਵਾਨਾਂ ਨੂੰ ਕਸਰਤ ਕਰਨ ਲਈ ਓਪਨ ਜਿੰਮ, ਪਾਰਕਾਂ ਦੀ ਚਾਰ ਦਿਵਾਰੀ ਦੀ ਮੁਰੰਮਤ, ਗ੍ਰਿੱਲਾਂ ਲਗਾਉਣਾ, ਛਾਂਦਾਰ ਰੁੱਖਾਂ ਦੇ ਬੂਟੇ ਲਗਾਉਣ ਤੋਂ ਇਲਾਵਾ ਬਜ਼ੁਰਗਾਂ ਨੂੰ ਸਵੇਰ-ਸ਼ਾਮ ਦੀ ਸੈਰ ਲਈ ਸਮਰਪਿਤ ਫੁੱਟਪਾਥ ਵੀ ਬਣਾਏ ਜਾ ਰਹੇ ਹਨ। ਵਿਧਾਇਕ ਬੱਗਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਪਣੇ ਵਸਨੀਕਾਂ ਨੂੰ ਸਾਫ-ਸੁੱਥਰਾ ਤੇ ਹਰਿਆ ਭਰਿਆ ਵਾਤਾਵਰਨ ਪ੍ਰਦਾਨ ਕਰਨ ਲਈ ਵਚਨਬੱਧ ਹੈ।
Comments