ਸਾਈਬਰ ਠੱਗਾਂ ਦੇ ਗਿਰੋਹ ਦਾ ਪਰਦਾਫਾਸ਼, ਦੇਸ਼ ਦੇ 70 ਜਿਲ੍ਹਿਆਂ ’ਚ ਠੱਗੀ ਮਾਰਨ ਵਾਲੇ ਕੀਤੇ ਕਾਬੂ; 10 ਮੈਂਬਰ ਗ੍ਰਿਫ਼ਤਾਰ
- bhagattanya93
- Jul 3
- 2 min read
03/07/2025

ਦੇਸ਼ ਦੇ 70 ਰਾਜਾਂ ਵਿਚ ਆਨਲਾਈਨ ਠੱਗੀ ਮਾਰਨ ਵਾਲਿਆਂ ਨੂੰ ਪਟਿਆਲਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਸਾਈਬਰ ਸੈੱਲ ਪੁਲਿਸ ਟੀਮ ਨੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕਰਦਿਆਂ 10 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਕਰੀਬ 20 ਕਰੋੜ ਦੀ ਆਨਲਾਈਨ ਠੱਗੀ ਮਾਰਨ ਵਾਲੇ 8 ਮੁਲਜ਼ਮਾਂ ਦੀ ਗ੍ਰਿਫਤਾਰੀ ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਸ਼ਹਿਰਾਂ ਤੋਂ ਹੋਈ ਹੈ। ਮੁਲਜ਼ਮਾਂ ਕੋਲੋਂ 20 ਮੋਬਾਈਲ, 23 ਚੈੱਕਬੁੱਕ ਸਮੇਤ ਹੋਰ ਸਮੱਗਰੀ ਬਰਾਮਦ ਕੀਤੀ ਗਈ ਹੈ।
ਐੱਸਐੱਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਸਾਈਬਰ ਥਾਣਾ ਪੁਲਿਸ ਨੇ 88 ਲੱਖ ਦੀ ਆਨਲਾਈਨ ਠੱਗੀ ਸਬੰਧੀ ਇਸੇ ਸਾਲ ਜੂਨ ਮਹੀਨੇ ਵਿਚ ਪਰਚਾ ਦਰਜ ਕੀਤਾ ਸੀ। ਇਸ ਮਾਮਲੇ ਵਿਚ ਸੱਤ ਵਿਅਕਤੀਆਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ, ਜਿਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਕੋਲੋਂ 13 ਮੋਬਾਈਲ ਫੋਨ, ਦਸ ਬੈਂਕ ਵਾਊਚਰ ਬੁੱਕ, 20 ਬੈਂਕ ਖਾਤਿਆਂ ਦੀ ਪਾਸ ਬੁੱਕ,16 ਚੈੱਕ ਬੁੱਕ ਅਤੇ 10500 ਰੁਪਏ ਨਕਦੀ ਬਰਾਮਦ ਕੀਤੀ ਹੈ। ਨਵੰਬਰ 2024 ਵਿਚ ਪੰਜ ਕਰੋੜ ਤੋਂ ਵੱਧ ਦੀ ਠੱਗੀ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਕੋਲੋਂ ਤਿੰਨ ਮੋਬਾਈਲ ਫੋਨ, ਸੱਤ ਬੈਂਕ ਚੈੱਕ ਬੁੱਕ, 9 ਕ੍ਰੈਡਿਟ ਕਾਰਡ, ਪੰਜ ਬੈਂਕ ਖਾਤੇ ਦੀਆਂ ਪਾਸ ਬੁੱਕਾਂ ਬਰਾਮਦ ਹੋਈਆਂ ਹਨ।

ਸਾਈਬਰ ਸੈੱਲ ਮੁਖੀ ਇੰਸਪੈਕਟਰ ਮਨਪ੍ਰੀਤ ਕੌਰ ਤੂਰ ਦੀ ਅਗਵਾਈ ਵਿਚ ਸਹਾਇਕ ਥਾਣੇਦਾਰ ਰਮੇਸ਼ਵਰ ਸਿੰਘ, ਬਲਜਿੰਦਰ ਸਿੰਘ, ਹੌਲਦਾਰ ਸ਼ਿਵ ਨਰਾਇਣ ਸ਼ਰਮਾ ਅਤੇ ਹੌਲਦਾਰ ਨਵਨੀਤ ਸਿੰਘ ਦੀ ਟੀਮ ਨੇ ਸਾਈਬਰ ਠੱਗੀ ਮਾਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਕੇ ਇਸ ਦੇ 10 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਐੱਸਐੱਸਪੀ ਨੇ ਦੱਸਿਆ ਕਿ ਥਾਣਾ ਸਦਰ ਕਰਾਈਮ ਟੀਮ ਨੇ ਤਕਨੀਕੀ ਸਹਾਇਤਾ ਨਾਲ ਟਰੈਕ ਕਰਕੇ ਮੁਲਜ਼ਮਾਂ ਦੇ ਬੈਂਕ ਖਾਤਿਆਂ ਵਿੱਚ ਹੋ ਰਹੀਆਂ ਟਰਾਂਜੈਕਸ਼ਨ ਬਾਰੇ ਪੜਤਾਲ ਕੀਤੀ। ਇਹਨਾਂ ਵੱਲੋਂ ਅਪਰਾਧ ਵਿੱਚ ਵਰਤੇ ਗਏ ਮੋਬਾਈਲ, ਬੈਂਕ ਖਾਤਿਆਂ ਬਾਰੇ ਪੜਤਾਲ ਕਰਕੇ ਇਹਨਾਂ ਦੇ ਟਿਕਾਣਿਆਂ ਦਾ ਪਤਾ ਲਗਾਇਆ ਗਿਆ।

ਐੱਸਐੱਸਪੀ ਸ਼ਰਮਾ ਨੇ ਦੱਸਿਆ ਕਿ ਇਸ ਗਿਰੋਹ ਵੱਲੋਂ 20 ਕਰੋੜ ਤੋਂ ਵੱਧ ਦੀ ਧੋਖਾਧੜੀ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ। ਇਹ ਗਿਰੋਹ ਭੋਲੇ ਭਾਲੇ ਲੋਕਾਂ ਤੋਂ ਠੱਗੇ ਹੋਏ ਪੈਸਿਆਂ ਨੂੰ ਅੱਗੇ ਆਪਣੇ ਹੋਰ ਸਾਥੀਆਂ ਦੇ ਬੈਂਕ ਖਾਤਿਆਂ ਵਿੱਚ ਜਮਾਂ ਕਰਵਾਉਂਦੇ ਸਨ ਜਾਂ ਫਿਰ ਠੱਗੀ ਹੋਈ ਰਾਸ਼ੀ ਕਿ੍ਪਟੋ ਕਰੰਸੀ ਰਾਹੀਂ ਵਿਦੇਸ਼ ਭੇਜਦੇ ਸਨ। ਗ੍ਰਿਫਤਾਰ ਮੁਲਜ਼ਮਾਂ ਖਿਲਾਫ ਪੂਰੇ ਭਾਰਤ ਵਿੱਚ ਕਰੀਬ 70 ਤੋਂ ਜਿਆਦਾ ਜ਼ਿਲ੍ਹਿਆਂ ਵਿੱਚ ਵੱਖ-ਵੱਖ ਮਾਮਲੇ ਦਰਜ ਹਨ ਅਤੇ ਕਈ ਰਾਜਿਆਂ ਨੂੰ ਇਹਨਾਂ ਦੀ ਪਹਿਲਾਂ ਤੋਂ ਹੀ ਭਾਲ ਕਰ ਰਹੀ ਹੈ।





Comments