ਸਿੱਖਿਆ ਵਿਭਾਗ ਨੇ 10ਵੀਂ ਦੀਆਂ ਬੋਰਡ ਪ੍ਰੀਖਿਆਵਾਂ 'ਚ ਨਕਲ ਮਰਵਾਉਣ ਵਾਲੇ ਦੋ ਅਧਿਆਪਕ ਕੀਤੇ ਮੁਅੱਤਲ
- Ludhiana Plus
- Mar 20
- 1 min read
20/03/2025

ਸਿੱਖਿਆ ਵਿਭਾਗ ਨੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਗੁਰਦਾਸਪੁਰ (ਪ੍ਰੀਖਿਆ ਕੇਂਦਰ-241251) ਵਿਖੇ ਸੁਪਰਡੈਂਟ ਅਤੇ ਇਨਵਿਜੀਲੇਟਰ (ਨਿਗਰਾਨ) ਵਜੋਂ ਤਾਇਨਾਤ ਦੋ ਅਧਿਆਪਕਾਂ ਨੂੰ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੌਰਾਨ ਨਕਲ ਮਰਵਾਏ ਜਾਣ ਦੇ ਮਾਮਲੇ ਵਿੱਚ ਸ਼ਾਮਲ ਪਾਏ ਜਾਣ ਕਾਰਨ ਮੁਅੱਤਲ ਕਰ ਦਿੱਤਾ ਹੈ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਫਲਾਇੰਗ ਸਕੁਐਡ ਟੀਮਾਂ ਨੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਗੁਰਦਾਸਪੁਰ ਵਿਖੇ ਪ੍ਰੀਖਿਆ ਪ੍ਰੋਟੋਕੋਲ ਦੀ ਗੰਭੀਰ ਉਲੰਘਣਾ ਦਾ ਪਰਦਾਫ਼ਾਸ਼ ਕੀਤਾ ਹੈ। ਜ਼ਿਕਰਯੋਗ ਹੈ ਕਿ 17 ਮਾਰਚ ਨੂੰ ਹੋਈ ਦਸਵੀਂ ਜਮਾਤ ਦੀ ਅੰਗਰੇਜ਼ੀ ਦੀ ਪ੍ਰੀਖਿਆ ਦੌਰਾਨ ਫਲਾਇੰਗ ਸਕੁਐਡ ਨੇ ਦੇਖਿਆ ਕਿ ਨਿਗਰਾਨ ਕਿਰਨਦੀਪ ਕੌਰ ਹਿੰਦੀ ਮਿਸਟ੍ਰੈਸ ਹੈ, ਵਿਦਿਆਰਥੀਆਂ ਦੀ ਸਹਾਇਤਾ ਲਈ ਆਪਣੇ ਮੋਬਾਈਲ ਫੋਨ ‘ਤੇ ਵੱਟਸਐਪ ਰਾਹੀਂ ਪ੍ਰਸ਼ਨਾਂ ਦੇ ਉੱਤਰ ਮੰਗਵਾ ਰਹੀ ਸੀ। ਪ੍ਰੀਖਿਆ ਪ੍ਰਣਾਲੀ ਦੀ ਇਹ ਸਪੱਸ਼ਟ ਉਲੰਘਣਾ ਪ੍ਰੀਖਿਆ ਕੇਂਦਰ ਦੇ ਸੁਪਰਡੈਂਟ ਅਸ਼ਵਨੀ ਕੁਮਾਰ ਲੈਕਚਰਾਰ, ਦੀ ਡਿਊਟੀ ਵਿਚ ਕੁਤਾਹੀ ਕਾਰਨ ਹੋਈ, ਜਿਸ ਨੇ ਲਾਪਰਵਾਹੀ ਵਰਤਦਿਆਂ ਪ੍ਰੀਖਿਆ ਹਾਲ ਦੇ ਅੰਦਰ ਮੋਬਾਈਲ ਲਿਜਾਣ ਦੀ ਆਗਿਆ ਦਿੱਤੀ।
ਬੈਂਸ ਨੇ ਕਿਹਾ ਕਿ ਸਰਕਾਰ ਮਿਆਰੀ ਸਿੱਖਿਆ ਪ੍ਰਦਾਨ ਕਰਨ ਅਤੇ ਸਾਡੀ ਪ੍ਰੀਖਿਆ ਪ੍ਰਣਾਲੀ ਦੀ ਸ਼ਾਨ ਤੇ ਪਵਿੱਤਰਤਾ ਨੂੰ ਬਰਕਰਾਰ ਰੱਖਣ ਦੇ ਆਪਣੇ ਮਿਸ਼ਨ ’ਤੇ ਪੂਰੀ ਤਰ੍ਹਾਂ ਦ੍ਰਿੜ੍ਹ ਹੈ। ਉਨ੍ਹਾਂ ਕਿਹਾ ਕਿ ਅਜਿਹੀ ਉਲੰਘਣਾ ਤੇ ਬੇਨਿਯਮੀ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਇਸ ਮਾਮਲੇ ਵਿਚ ਤੁਰੰਤ ਕਾਰਵਾਈ ਕਰਦਿਆਂ ਦੋਵੇਂ ਅਧਿਆਪਕਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਆਪਣੀ ਮੁਅੱਤਲੀ ਦੌਰਾਨ ਉਹ ਜ਼ਿਲ੍ਹਾ ਸਿੱਖਿਆ ਅਧਿਕਾਰੀ, ਗੁਰਦਾਸਪੁਰ ਨੂੰ ਰਿਪੋਰਟ ਕਰਨਗੇ, ਜਿੱਥੇ ਮੁਅੱਤਲ ਕੀਤੇ ਦੋਵਾਂ ਅਧਿਆਪਕਾਂ ਦਾ ਹੈੱਡਕੁਆਟਰ ਬਣਾਇਆ ਗਿਆ ਹੈ।
Comments