ਸੰਗਰਾਂਦ ਵਾਲੇ ਦਿਨ ਵਾਪਰਿਆ ਹਾਦਸਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਅਗਨ ਭੇਂਟ
- bhagattanya93
- Jul 18
- 1 min read
18/07/2025

ਬੀਤੇ ਦਿਨੀਂ ਭਵਾਨੀਗੜ੍ਹ ਦੇ ਨੇੜਲੇ ਪਿੰਡ ਲੱਖੇਵਾਲ ਵਿਖੇ ਸੰਗਰਾਂਦ ਵਾਲੇ ਦਿਨ ਗੁਰਦੁਆਰਾ ਚਰਨ ਛੋਹ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਂਟ ਹੋ ਗਏ, ਜਿਸ ਦੀ ਘੋਖ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵਲੋਂ ਵਿਸ਼ੇਸ਼ ਤੌਰ 'ਤੇ ਜਥੇਦਾਰ ਟੇਕ ਸਿੰਘ ਧਨੌਲਾ ਸਿੰਘ ਸਾਹਿਬ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵੱਲੋਂ ਕੀਤੀ ਗਈ। ਸਿੰਘ ਸਾਹਿਬ ਵੱਲੋਂ ਗੁਰਦੁਆਰਾ ਸਾਹਿਬ ਪੁੱਜ ਕੇ ਕੈਮਰਿਆਂ ਦੀ ਘੋਖ ਪੜਤਾਲ ਕਰਦਿਆਂ ਪ੍ਰਬੰਧਕ ਕਮੇਟੀ, ਗ੍ਰੰਥੀ ਸਿੰਘਾਂ ਦੇ ਬਿਆਨ ਦਰਜ ਕੀਤੇ ਗਏ ਅਤੇ ਗ੍ਰੰਥੀ ਸਿੰਘ 'ਤੇ ਕਮੇਟੀ ਨੂੰ ਸਖਤ ਤਾੜਨਾ ਕੀਤੀ ਗਈ। ਘੋਖ ਵਿਚ ਸਾਹਮਣੇ ਆਇਆ ਕਿ ਪ੍ਰਬੰਧਕਾਂ ਦੀ ਅਣਗਹਿਲੀ ਕਾਰਨ ਇਹ ਸਾਰਾ ਵਰਤਾਰਾ/ਸ਼ਾਰਟ ਸ਼ਰਕਟ ਨਾਲ ਹੋਇਆ, ਜਿੱਥੇ ਗੁਰੂ ਗ੍ਰੰਥ ਸਾਹਿਬ ਲੱਕੜ ਦੀ ਪਾਲਕੀ ਵਿਚ ਪ੍ਰਕਾਸ਼ ਸਨ, ਉਸਦੇ ਵਿਚ ਚਾਨਣੀ ਸਾਹਿਬ ਦੇ ਕੋਲ ਪਲੱਗ ਤੇ ਬਿਜਲੀ ਦਾ ਬੱਲਬ ਲੱਗਾ ਹੋਣ ਕਾਰਨ ਸ਼ਾਰਟ ਸਰਕਟ ਹੋਇਆ।

ਇਸ ਅਣਗਹਿਲੀ ਲਈ ਪ੍ਰਬੰਧਕਾਂ ਤੇ ਗ੍ਰੰਥੀ ਸਿੰਘਾਂ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ 21 ਜੁਲਾਈ ਦਿਨ ਸੋਮਵਾਰ ਨੂੰ ਤਲਬ ਕੀਤਾ ਗਿਆ ਹੈ ਜਿਸ ਉਪਰੰਤ ਪੰਜ ਪਿਆਰਿਆਂ 'ਤੇ ਜਥੇਦਾਰ ਧਨੌਲਾ ਸਿੰਘ ਸਾਹਿਬ ਵੱਲੋਂ ਇਸ ਅਣਗਹਿਲੀ ਲਈ ਸਜਾ ਦਿੱਤੀ ਜਾਵੇਗੀ। ਅਗਨੀ ਭੇੰਟ ਹੋ ਗਏ ਪਾਵਨ ਸਰੂਪ ਜਥੇਦਾਰ ਜੀ ਦੀ ਅਗਵਾਈ ਵਿਚ ਪਾਲਕੀ ਸਾਹਿਬ ਰਾਹੀੰ ਸ੍ਰੀ ਗੋਇੰਦਬਾਲ ਸਾਹਿਬ ਵਿਖੇ ਭੇਜੇ ਗਏ।

ਇਸ ਮੌਕੇ ਜਥੇਦਾਰ ਨੇ ਆਦੇਸ਼ ਕੀਤਾ ਕਿ ਗ੍ਰੰਥੀ ਸਿੰਘ ਕੇਵਲ ਨਿਤਨੇਮ ਹੀ ਕਰਨਗੇ ਅਤੇ ਸੂਬੇ ਦੇ ਹਰ ਗੁਰਦੁਆਰਾ ਸਾਹਿਬ ਵਿਖੇ ਇੱਕ ਸੇਵਾਦਾਰ ਹਰ ਸਮੇਂ ਦਰਬਾਰ ਸਾਹਿਬ ਵਿਚ ਰਹੇਗਾ 'ਤੇ ਡਾਲੀ ਲਈ ਵੱਖਰੇ ਪ੍ਰਬੰਧ ਕੀਤੇ ਜਾਣ। ਇਸ ਮੌਕੇ ਜਗਜੀਤ ਸਿੰਘ ਮੈਨੇਜਰ ਗੁਰਦੁਆਰਾ ਪਾਤਸ਼ਾਹੀ ਨੌਵੀਂ ਭਵਾਨੀਗੜ੍ਹ, ਭੋਲਾ ਸਿੰਘ ਇੰਚਾਰਜ ਧਰਮ ਪ੍ਰਚਾਰ ਕਮੇਟੀ ਤਲਵੰਡੀ ਸਾਬੋ, ਗੁਰਸੇਵ ਸਿੰਘ ਪ੍ਰਚਾਰਕ, ਗੁਰਵਿੰਦਰ ਸਿੰਘ ਭੜੋ, ਇੰਦਰਜੀਤ ਸਿੰਘ ਤੂਰ, ਜੀਵਨ ਸਿੰਘ ਘਰਾਚੋਂ, ਮਨਜੀਤ ਸਿੰਘ ਅਕਾਊਟੈਂਟ, ਮਨਦੀਪ ਸਿੰਘ ਲੱਖੇਵਾਲ, ਗੋਲਡੀ ਤੂਰ, ਮਾਲਵਿੰਦਰ ਸਿੰਘ ਐਸ.ਐਚ.ਓ ਭਵਾਨੀਗੜ੍ਹ ਤੇ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ।





Comments