ਸੰਤ ਪ੍ਰੇਮਾਨੰਦ ਬੋਲੇ- ਮੇਰੀ ਇਕ ਕਿਡਨੀ ਕ੍ਰਿਸ਼ਨ ਤਾਂ ਦੂਜੀ ਰਾਧਾ
- bhagattanya93
- Oct 11
- 2 min read
11/10/2025

ਰਾਧਾ ਨਾਮ ਜਪ ’ਚ ਲੀਨ ਰਹਿਣ ਵਾਲੇ ਵ੍ਰਿੰਦਾਵਨ ਦੇ ਸੰਤ ਪ੍ਰੇਮਾਨੰਦ ਦੀਆਂ ਦੋਵੇਂ ਕਿਡਨੀਆਂ ਖ਼ਰਾਬ ਹਨ। ਰਾਧਾ ਰਾਣੀ ਦੀ ਭਗਤੀ ਦੀ ਸ਼ਕਤੀ ਉਨ੍ਹਾਂ ਨੂੰ ਜਿਊਣ ਦਾ ਹੌਸਲਾ ਦੇ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ‘ਮੇਰੀ ਇਕ ਕਿਡਨੀ ਕ੍ਰਿਸ਼ਨ ਹੈ ਤਾਂ ਦੂਜੀ ਰਾਧਾ। ਇਨ੍ਹਾਂ ਨੂੰ ਮੈਂ ਆਪਣੇ ਨਾਲੋਂ ਕਿਵੇਂ ਵੱਖ ਕਰ ਦਿਆਂ?’ ਕਈ ਲੋਕਾਂ ਨੇ ਉਨ੍ਹਾਂ ਨੂੰ ਕਿਡਨੀ ਦਾਨ ਦੇਣ ਦੀ ਬੇਨਤੀ ਕੀਤੀ ਪਰ ਉਨ੍ਹਾਂ ਨੇ ਇਸ ਨੂੰ ਨਿਮਰਤਾ ਨਾਲ ਟਾਲ ਦਿੱਤਾ। ਉਨ੍ਹਾਂ ਦੀ ਸਿਹਤ ਦੇ ਮਾਮਲੇ ਨੂੰ ਲੈ ਕੇ ਘਰ ’ਚ ਹੀ ਚਾਰ ਲੋਕਾਂ ਦੀ ਟੀਮ ਡਾਇਲਿਸਿਸ ਕਰ ਰਹੀ ਹੈ।
ਸੰਤ ਪ੍ਰੇਮਾਨੰਦ ਨੇ ਵੀਰਵਾਰ ਨੂੰ ਕਿਹਾ ਸੀ ਕਿ ਜਦੋਂ ਤੱਕ ਸ਼੍ਰੀਜੀ ਚਾਹੁਣਗੇ, ਮੇਰੇ ਸਾਹ ਚੱਲਦੇ ਰਹਿਣਗੇ। ਸੰਤ ਦੇ ਵ੍ਰਿੰਦਾਵਨ-ਛਟੀਕਰਾ ਰੋਡ ’ਤੇ ਸਥਿਤ ਕ੍ਰਿਸ਼ਨ ਸ਼ਰਣਮ ਕਾਲੋਨੀ ਦੀ ਰਿਹਾਇਸ਼ ’ਤੇ ਨਿਯਮਤ ਡਾਇਲਿਸਿਸ ਹੁੰਦੀ ਹੈ। ਇਸ ਲਈ ਰਿਹਾਇਸ਼ ’ਤੇ ਹੀ ਸਾਰੀਆਂ ਮਸ਼ੀਨਾਂ ਲਗਾਈਆਂ ਗਈਆਂ ਹਨ। ਦੋ ਤਕਨੀਸ਼ੀਅਨ ਇਸ ਨੂੰ ਚਲਾਉਂਦੇ ਹਨ ਅਤੇ ਉਨ੍ਹਾਂ ਨਾਲ ਦੋ ਸਹਾਇਕ ਵੀ ਹਨ। ਜੇ ਮਸ਼ੀਨ ਵਿਚ ਕੋਈ ਸਮੱਸਿਆ ਜਾਂ ਡਾਇਲਿਸਿਸ ਦੀ ਪ੍ਰਕਿਰਿਆ ਵਿਚ ਕੋਈ ਰੁਕਾਵਟ ਆਉਂਦੀ ਹੈ ਤਾਂ ਸਿਮਸ ਹਸਪਤਾਲ ਦੇ ਸੀਨੀਅਰ ਨੈਫਰੋਲਾਜਿਸਟ ਡਾ. ਆਸ਼ੀਸ਼ ਸ਼ਰਮਾ ਆਨ ਕਾਲ ਰਿਹਾਇਸ਼ ’ਤੇ ਪਹੁੰਚਦੇ ਹਨ। ਡਾ. ਆਸ਼ੀਸ਼ ਸ਼ਰਮਾ ਦੱਸਦੇ ਹਨ ਕਿ ਉਹ ਲਗਪਗ ਤਿੰਨ ਸਾਲਾਂ ਤੋਂ ਸੰਤ ਪ੍ਰੇਮਾਨੰਦ ਦੀ ਡਾਇਲਿਸਿਸ ਦਾ ਪ੍ਰਬੰਧ ਦੇਖ ਰਹੇ ਹਨ। ਇਕ ਵਾਰ ਦੀ ਡਾਇਲਿਸਿਸ ਵਿਚ ਘੱਟੋ-ਘੱਟ ਚਾਰ ਘੰਟੇ ਦਾ ਸਮਾਂ ਲੱਗਦਾ ਹੈ।
ਸੰਤ ਪ੍ਰੇਮਾਨੰਦ ਸਾਦਾ ਭੋਜਨ ਖਾ ਰਹੇ ਹਨ। ਸਾਦੇ ਭੋਜਨ ਦੇ ਨਾਲ ਉਹ ਦਿਨ ਵਿਚ ਇਕ ਤੋਂ ਡੇਢ ਲੀਟਰ ਪਾਣੀ ਪੀਂਦੇ ਹਨ। ਡਾ. ਆਸ਼ੀਸ਼ ਸ਼ਰਮਾ ਨੇ ਦੱਸਿਆ ਕਿ ਭੋਜਨ ਵਿਚ ਨਮਕ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਜੂਸ ਤੇ ਹੋਰ ਤਰਲ ਪਦਾਰਥਾਂ ਦੀ ਪੂਰੀ ਤਰ੍ਹਾਂ ਮਨਾਹੀ ਹੈ। ਕਾਲਾ ਤੇ ਸੇਂਧਾ ਨਮਕ ਅਤੇ ਖੱਟੀਆਂ ਚੀਜ਼ਾਂ ਵੀ ਬੰਦ ਹਨ।
ਮੌਤ ਪਹਿਲਾਂ ਤੋਂ ਤੈਅ, ਫਿਰ ਕਰਵਾ ਚੌਥ ਦਾ ਵਰਤ ਕਿਉਂ : ਇੰਟਰਨੈੱਟ ਮੀਡੀਆ ’ਤੇ ਸ਼ੁੱਕਰਵਾਰ ਨੂੰ ਇਕ ਵੀਡੀਓ ਪ੍ਰਸਾਰਿਤ ਹੋਈ ਹੈ। ਇਸ ਵਿਚ ਸੰਤ ਪ੍ਰੇਮਾਨੰਦ ਨਾਲ ਗੱਲਬਾਤ ਵਿਚ ਇਕ ਭਗਤ ਨੇ ਸਵਾਲ ਪੁੱਛਿਆ ਕਿ ਔਰਤਾਂ ਕਰਵਾ ਚੌਥ ਦਾ ਵਰਤ ਕਿਸ ਮਕਸਦ ਨਾਲ ਰੱਖਦੀਆਂ ਹਨ? ਉਨ੍ਹਾਂ ਨੇ ਜਵਾਬ ਦਿੱਤਾ ਕਿ ਇਹ ਛੋਟੀਆਂ-ਮੋਟੀਆਂ ਗੱਲਾਂ ਹਨ। ਅਨੁਸ਼ਠਾਨ ਜਾਂ ਕਰਵਾ ਚੌਥ ਕਿਸੇ ਦੀ ਮੌਤ ਨੂੰ ਨਹੀਂ ਬਚਾਅ ਸਕਦੇ। ਮੌਤ ਪਹਿਲਾਂ ਤੋਂ ਤੈਅ ਹੈ। ਜਿੰਨੀ ਪ੍ਰਭੂ ਨੇ ਲਿਖੀ ਹੈ, ਪਤੀ ਉੱਨੀ ਹੀ ਜ਼ਿੰਦਗੀ ਜੀਏਗਾ।





Comments