ਸੂਬੇ ਦੇ ਕੁਝ ਹਿੱਸਿਆਂ ’ਚ ਅੱਜ ਪੈ ਸਕਦੀ ਹੈ ਸੰਘਣੀ ਧੁੰਦ, ਜਾਣੋ ਆਪਣੇ ਇਲਾਕੇ ਦੇ ਮੌਸਮ ਦਾ ਤਾਜ਼ਾ ਹਾਲ
- bhagattanya93
- Feb 2, 2024
- 1 min read
02/02/2024
ਸੂਬੇ ਭਰ ਦੇ ਜ਼ਿਆਦਾਤਰ ਜ਼ਿਲ੍ਹਿਆਂ ’ਚ ਵੀਰਵਾਰ ਨੂੰ ਬਾਰਿਸ਼ ਤੇ ਗੜੇ ਪਏ। ਇਸ ਤੋਂ ਪਹਿਲਾਂ ਤੇਜ਼ ਹਵਾਵਾਂ ਚੱਲੀਆਂ। ਬਾਰਿਸ਼ ਤੋਂ ਬਾਅਦ ਠੰਢ ਹੋਰ ਵਧ ਗਈ। ਵੀਰਵਾਰ ਨੂੰ ਜ਼ਿਲ੍ਹਾ ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ ਸਭ ਤੋਂ ਵੱਧ 19.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਜ਼ਿਲ੍ਹਾ ਲੁਧਿਆਣਾ ਦਾ ਵੱਧ ਤੋਂ ਵੱਧ ਤਾਪਮਾਨ 14.4 ਡਿਗਰੀ ਤੇ ਘੱਟੋ-ਘੱਟ ਤਾਪਮਾਨ 11.6 ਡਿਗਰੀ ਸੈਲਸੀਅਸ, ਫ਼ਰੀਦਕੋਟ ਦਾ ਵੱਧ ਤੋਂ ਵੱਧ ਤਾਪਮਾਨ 18 ਡਿਗਰੀ ਸੈਲਸੀਅਸ ਤੇ ਘੱਟੋ-ਘੱਟ ਤਾਪਮਾਨ 10.2 ਡਿਗਰੀ ਸੈਲਸੀਅਸ, ਗੁਰਦਾਸਪੁਰ ਦਾ ਵੱਧ ਤੋਂ ਵੱਧ ਤਾਪਮਾਨ 16 ਡਿਗਰੀ ਸੈਲਸੀਅਸਤ ਤੇ ਘੱਟੋ ਘੱਟ ਤਾਪਮਾਨ 10.3 ਡਿਗਰੀ ਸੈਲਸੀਅਸ, ਨਵਾਂਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 14.4 ਡਿਗਰੀ ਸੈਲਸੀਅਸ ਤੇ ਘੱਟੋ ਘੱਟ ਤਾਪਮਾਨ 12 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉਥੇ ਜ਼ਿਲ੍ਹਾ ਲੁਧਿਆਣਾ ’ਚ ਸੱਭ ਤੋਂ ਵੱਧ 30.4 ਐੱਮਐੱਮ ਬਾਰਿਸ਼, ਰੋਪੜ ’ਚ 23.5 ਐੱਮਐੱਮ ਬਾਰਿਸ਼, ਪਠਾਨਕੋਟ ’ਚ ਤਿੰਨ ਐੱਮਐੱਮ ਬਾਰਿਸ਼ ਹੋਈ। ਮੌਸਮ ਕੇਂਦਰ ਚੰਡੀਗੜ੍ਹ ਦੇ ਅੰਦਾਜ਼ੇ ਮੁਤਾਬਕ ਸ਼ੁੱਕਰਵਾਰ ਸੂਬੇ ’ਚ ਮੌਸਮ ਸਾਫ਼ ਰਹੇਗਾ ਪਰ ਸਵੇਰ ਦੇ ਸਮੇਂ ਸੰਘਣੀ ਧੁੰਧ ਪੈ ਸਕਦੀ ਹੈ। ਤਿੰਨ ਫਰਵਰੀ ਤੋਂ ਪੱਛਮੀ ਗੜਬੜੀ ਸਰਗਰਮ ਹੋਣ ਨਾਲ ਸੂਬੇ ਦੇ ਕੁਝ ਹਿੱਸਿਆਂ ’ਚ ਗਰਜ ਚਮਕ ਨਾਲ ਬਾਰਿਸ਼ ਹੋ ਸਕਦੀ ਹੈ। ਓਧਰ, ਜ਼ਿਲ੍ਹਾ ਖੇਤੀ ਅਧਿਕਾਰੀ ਨਰਿੰਦਰ ਸਿੰਘ ਬੈਨੀਪਾਲ ਦਾ ਕਹਿਣਾ ਹੈ ਕਿ ਬਾਰਿਸ਼ ਕਣਕ ਦੀ ਫ਼ਸਲ ਲਈ ਚੰਗੀ ਹੈ ਪਰ ਜਿਨ੍ਹਾਂ ਥਾਵਾਂ ’ਤੇ ਗੜੇ ਪੈ ਰਹੇ ਹਨ, ਉਥੇ ਨੁਕਸਾਨ ਹੋ ਸਕਦਾ ਹੈ ਕਿਉਂਕਿ ਗੜਿਆਂ ਨਾਲ ਕਣਕ ਦੇ ਪੱਤੇ ਫਟ ਜਾਂਦੇ ਹਨ। ਇਸ ਤੋਂ ਇਲਾਵਾ ਸਰ੍ਹੋਂ ਲਈ ਨੁਕਸਾਨਦਾਇਕ ਹੈ, ਕਿਉਂਕਿ ਸਰ੍ਹੋਂ ’ਚ ਫੁੱਲ ਲੱਗ ਚੁੱਕੇ ਹਨ। ਇਸ ਬਾਰਿਸ਼ ਨਾਲ ਆਲੂ ਦੀ ਫ਼ਸਲ ਪ੍ਰਭਾਵਿਤ ਹੋ ਸਕਦੀ ਹੈ।
Comments