ਸੂਬੇ 'ਚ ਕੜਾਕੇ ਦੀ ਠੰਢ ਸ਼ੁਰੂ,11 ਜ਼ਿਲ੍ਹਿਆਂ ’ਚ ਸੀਤ ਲਹਿਰ ਦਾ ਅਲਰਟ
- bhagattanya93
- Dec 11, 2024
- 1 min read
11/12/2024

ਪਹਾੜਾਂ ’ਤੇ ਬਰਫ਼ਬਾਰੀ ਤੋਂ ਬਾਅਦ ਪੰਜਾਬ ’ਚ ਠੰਢ ਵਧ ਗਈ ਹੈ। ਮੰਗਲਵਾਰ ਤੋਂ ਸੀਤ ਲਹਿਰ ਚੱਲਣ ਨਾਲ ਕਈ ਜ਼ਿਲ੍ਹਿਆਂ ’ਚ ਕੜਾਕੇ ਦੀ ਠੰਢ ਰਹੀ। ਸੀਜ਼ਨ ’ਚ ਪਹਿਲੀ ਵਾਰ ਕਈ ਜ਼ਿਲ੍ਹਿਆਂ ’ਚ ਰਾਤ ਦਾ ਤਾਪਮਾਨ ਇਕ ਡਿਗਰੀ ਸੈਲਸੀਅਸ ’ਤੇ ਆ ਗਿਆ ਤੇ ਲੋਕਾਂ ਨੇ ਠਾਰ ਦਾ ਅਹਿਸਾਸ ਕੀਤਾ। ਮੌਸਮ ਕੇਂਦਰ ਚੰਡੀਗੜ੍ਹ ਮੁਤਾਬਕ ਪਠਾਨਕੋਟ ’ਚ ਘੱਟੋ-ਘੱਟ ਤਾਪਮਾਨ 1.2 ਡਿਗਰੀ ਸੈਲਸੀਅਸ ਤੇ ਫ਼ਰੀਦਕੋਟ ’ਚ 1.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੌਰਾਨ ਘੱਟੋ-ਘੱਟ ਤਾਪਮਾਨ ਛੇ ਡਿਗਰੀ ਸੈਲਸੀਅਸ ਘੱਟ ਰਿਹਾ। ਦੋਵੇਂ ਜ਼ਿਲ੍ਹੇ ਪੰਜਾਬ ’ਚ ਸਭ ਤੋਂ ਠੰਢੇ ਰਹੇ। ਉੱਥੇ ਹੀ ਅੰਮ੍ਰਿਤਸਰ ’ਚ ਘੱਟੋ-ਘੱਟ ਤਾਪਮਾਨ 2,0, ਫ਼ਾਜ਼ਿਲਕਾ ’ਚ 2.8 ਡਿਗਰੀ, ਰੋਪੜ ’ਚ 3.2, ਮੋਗਾ ’ਚ 3.9, ਲੁਧਿਆਣਾ ’ਚ 5.1 ਤੇ ਜਲੰਧਰ ’ਚ 6.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਾਲਾਂਕਿ ਗੁਰਦਾਸਪੁਰ, ਪਠਾਨਕੋਟ ਤੇ ਜਲੰਧਰ ’ਚ ਦਿਨ ਦਾ ਤਾਪਮਾਨ 18 ਡਿਗਰੀ ਸੈਲਸੀਅਸ ਰਿਹਾ ਜਿਹੜਾ ਆਮ ਨਾਲੋਂ ਘੱਟ ਸੀ। ਜਦਕਿ ਅੰਮ੍ਰਿਤਸਰ ’ਚ ਦਿਨ ਦਾ ਤਾਪਮਾਨ 19.2 ਡਿਗਰੀ ਦਰਜ ਕੀਤਾ ਗਿਆ। ਇਹ ਆਮ ਨਾਲੋਂ ਤਿੰਨ ਡਿਗਰੀ ਘੱਟ ਰਿਹਾ। ਪੰਜਾਬ ਦੇ ਹੋਰ ਜ਼ਿਲ੍ਹਿਆਂ ’ਚ ਦਿਨ ਦਾ ਤਾਪਮਾਨ 20 ਡਿਗਰੀ ਸੈਲਸੀਅਸ ਦੇ ਨੇੜੇ-ਤੇੜੇ ਦਰਜ ਕੀਤਾ ਗਿਆ। ਦੂਜੇ ਪਾਸੇ ਮੌਸਮ ਵਿਭਾਗ ਦੀ ਪੇਸ਼ੀਨਗੋਈ ਮੁਤਾਬਕ ਪੰਜਾਬ ’ਚ 14 ਦਸੰਬਰ ਤੱਕ ਸੀਤਲਹਿਰ ਚੱਲੇਗੀ। ਇਸ ਕਾਰਨ ਕਈ ਜ਼ਿਲ੍ਹਿਆਂ ’ਚ ਰਾਤ ਦਾ ਤਾਪਮਾਨ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਡਿੱਗ ਸਕਦਾ ਹੈ। ਹਿਮਾਚਲ ਦੇ ਨਾਲ ਲੱਗਦੇ ਜ਼ਿਲ੍ਹਿਆਂ ’ਚ ਰਾਤ ਦਾ ਤਾਪਮਾਨ ਸਿਫਰ ਤੱਕ ਪੁੱਜ ਸਕਦਾ ਹੈ। ਜਿਨ੍ਹਾਂ ਜ਼ਿਲ੍ਹਿਆਂ ’ਚ ਸੀਤ ਲਹਿਰ ਦੇ ਆਸਾਰ ਹਨ ਉਨ੍ਹਾਂ ’ਚ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਰੂਪਨਗਰ ਤੇ ਐੱਸਏਐੱਸ ਨਗਰ ਸ਼ਾਮਿਲ ਹਨ।
Comments