ਸਕੂਲ ’ਚ ਵਿਕਾਸ ਕੰਮਾਂ ਦੇ ਉਦਘਾਟਨ ਮੌਕੇ ਵਿਦਿਆਰਥੀ ਬਣੇ ਵੇਟਰ, ਸਿੱਖਿਆ ਮੰਤਰੀ ਨੇ ਲਿਆ ਐਕਸ਼ਨ; ਸਕੂਲ ਇੰਚਾਰਜ ਮੁਅੱਤਲ
- bhagattanya93
- May 5
- 1 min read
05/05/2025

ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਗੋਇੰਦਵਾਲ ਸਾਹਿਬ ’ਚ ਰੱਖੇ ਉਦਘਾਟਨੀ ਸਮਾਗਮ ਦੌਰਾਨ ਵਿਦਿਆਰਥੀਆਂ ਕੋਲੋਂ ਮਹਿਮਾਨਾਂ ਨੂੰ ਪਕੌੜੇ ਸਰਵ ਕਰਾਉਣ ਦਾ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸਖਤ ਨੋਟਿਸ ਲੈਂਦਿਆਂ ਉਕਤ ਸਕੂਲ ਦੇ ਇੰਚਾਰਜ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਦੱਸ ਦਈਏ ਕਿ 2 ਮਈ ਨੂੰ ਸਕੂਲ ’ਚ ਵਿਕਾਸ ਕੰਮਾਂ ਦੇ ਉਦਘਾਟਨ ਲਈ ਸਮਾਗਮ ਰੱਖਿਆ ਗਿਆ ਸੀ। ਖਡੂਰ ਸਾਹਿਬ ਹਲਕੇ ਨਾਲ ਸਬੰਧਤ ਉਕਤ ਸਕੂਲ ਵਿਚ ਬਤੌਰ ਮੁੱਖ ਮਹਿਮਾਨ ਸਿਆਸੀ ਆਗੂ ਪੁੱਜੇ ਹੋਏ ਸਨ। ਇਸ ਦੌਰਾਨ ਸਕੂਲ ਦੇ ਵਿਦਿਆਰਥੀਆਂ ਵੱਲੋਂ ਮਹਿਮਾਨਾਂ ਨੂੰ ਪਕੌੜੇ ਸਰਵ ਕਰਨ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ, ਜੋ ਕਾਫੀ ਚਰਚਾ ਵਿਚ ਰਹੀ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਕੂਲਾਂ ਵਿਚ ਸੁਰੱਖਿਅਤ ਅਤੇ ਸਤਿਕਾਰ ਵਾਲਾ ਮਾਹੌਲ ਬਣਾਈ ਰੱਖਣਾ ਬਹੁਤ ਜਰੂਰੀ ਹੈ। ਪਰ ਅਜਿਹਾ ਦੁਰਵਿਹਾਰ ਪੂਰੀ ਤਰ੍ਹਾਂ ਗ਼ੈਰ ਵਾਜ਼ਬ ਹੈ। ਜਿਸਦੇ ਚੱਲਦਿਆਂ ਪੰਜਾਬੀ ਲੈਕਚਰਾਰ ਗੁਰਪ੍ਰਤਾਪ ਸਿੰਘ ਜੋ ਸਕੂਲ ਦੇ ਇੰਚਾਰਜ ਵੀ ਹਨ, ਖ਼ਿਲਾਫ਼ ਡਿਊਟੀ ਦੌਰਾਨ ਘੋਰ ਅਣਗਹਿਲੀ ਲਈ ਤੁਰੰਤ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲੀ ਦੌਰਾਨ ਉਨ੍ਹਾਂ ਦਾ ਹੈੱਡ ਕੁਆਰਟਰ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਦਫ਼ਤਰ ਤਰਨਤਾਰਨ ਹੋਵੇਗਾ।ਬੈਂਸ ਨੇ ਕਿਹਾ ਕਿ ਵਿਦਿਆਰਥੀਆਂ ਦੇ ਮਾਣ ਸਨਮਾਨ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ ਅਤੇ ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਅਜਿਹੇ ਵਤੀਰੇ ਨੂੰ ਕਿਸੇ ਵੀ ਹਾਲਤ ’ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Comments