ਸਰਕਾਰੀ ਹਸਪਤਾਲਾਂ ’ਚ ਮੁਫ਼ਤ ਲਗਾਇਆ ਜਾਵੇਗਾ Clot Buster Injection : ਡਾ. ਬਲਬੀਰ ਸਿੰਘ
- bhagattanya93
- Jul 2
- 2 min read
02/07/2025

ਰਾਸ਼ਟਰੀ ਡਾਕਟਰ ਦਿਵਸ ਮੌਕੇ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਮੰਗਲਵਾਰ ਨੂੰ ਪੰਜਾਬ ਸਟੈਮੀ ਪ੍ਰੋਜੈਕਟ ਦਾ ਸੂਬਾਈ ਪੱਧਰ ‘ਤੇ ਵਿਸਥਾਰ ਕਰਨ ਲਈ ਉਦਘਾਟਨ ਕੀਤਾ, ਇਸ ਪ੍ਰੋਜੈਕਟ ਨਾਲ 23 ਜਿਲ੍ਹਿਆਂ ਦੇ ਸਾਰੇ ਜ਼ਿਲ੍ਹਾ ਅਤੇ ਉਪ-ਮੰਡਲ ਹਸਪਤਾਲਾਂ ਨੂੰ ਦਿਲ ਦੇ ਦੌਰੇ ਦੀ ਸਥਿਤੀ ਦੌਰਾਨ ਮਰੀਜ਼ ਦੀ ਜਾਨ ਬਚਾਉਣ ਲਈ ਤੁਰੰਤ ਕਲਾਟ ਬਸਟਰ ਡਰੱਗ ਟੈਨੈਕਟੇਪਲੇਸ ਦੇ ਕੇ ਥਰੋਮੋਲਾਈਸਿਸ ਇਲਾਜ ਦੇਣ ਲਈ ਸਮਰੱਥ ਬਣਾਇਆ ਗਿਆ ਹੈ।

ਡਾ. ਬਲਬੀਰ ਸਿੰਘ ਨੇ ਕਿਹਾ ਕਿ ਟੈਨੈਕਟੇਪਲੇਸ ਟੀਕਾ, ਜਿਸਦੀ ਕੀਮਤ ਲਗਭਗ 30,000 ਰੁਪਏ ਹੈ, ਇਸ ਪ੍ਰੋਜੈਕਟ ਤਹਿਤ ਮੁਫਤ ਉਪਲਬਧ ਕਰਵਾਇਆ ਜਾ ਰਿਹਾ ਹੈ। ਇਹ ਟੀਕਾ ਦਿਲ ਵਿਚ ਖੂਨ ਦੇ ਥੱਕਿਆਂ ਨੂੰ ਖੋਰਨ ਵਿਚ ਮਦਦ ਕਰਦਾ ਹੈ। ਆਮ ਤੌਰ ‘ਤੇ ਦੇਖਿਆ ਗਿਆ ਹੈ ਕਿ ਪੰਜਾਬ ਵਿੱਚ ਛਾਤੀ ਦੇ ਦਰਦ ਤੋਂ ਪੀੜਤ ਮਰੀਜ਼ਾਂ ਨੂੰ ਕਾਫ਼ੀ ਦੇਰੀ ਦਾ ਸਾਹਮਣਾ ਕਰਨਾ ਪੈਂਦਾ ਹੈ, ਅਕਸਰ ਲੱਛਣ ਸ਼ੁਰੂ ਹੋਣ ਤੋਂ ਲਗਭਗ 2-3 ਘੰਟੇ ਬਾਅਦ ਹੀ ਲੋਕ ਮੁੱਢਲੇ ਡਾਕਟਰੀ ਇਲਾਜ ਤੱਕ ਪਹੁੰਚ ਕਰਦੇ ਹਨ। ਬਹੁਤੇ ਸਥਾਨਕ ਹਸਪਤਾਲਾਂ ਅਤੇ ਨਰਸਿੰਗ ਹੋਮਾਂ ਵਿੱਚ ਸਟੈਮੀ ਲਈ ਤੁਰੰਤ ਨਿਦਾਨ ਅਤੇ ਇਲਾਜ ਸਮਰੱਥਾਵਾਂ ਦੀ ਘਾਟ ਹੁੰਦੀ ਹੈ, ਜਿਸਦੇ ਨਤੀਜੇ ਵਜੋਂ ਮਰੀਜ਼ ਨੂੰ ਅੱਗੇ ਟਰਾਂਸਫਰ ਕਰਨ ਵਿੱਚ ਹੋਰ ਦੇਰੀ ਹੋ ਜਾਂਦੀ ਹੈ। ਜਿਸ ਕਾਰਨ ਅਕਸਰ ਮਰੀਜ਼ ਮਹੱਤਵਪੂਰਨ ਥੈਰਪਿਊਟਿਕ ਵਿੰਡੋ ਪੀਰੀਅਡ ਜਾਂ ਗੋਲਡਨ ਆਵਰ ਦੌਰਾਨ ਥਰੋਮਬੋਲਾਈਸਿਸ (ਖੂਨ ਪ੍ਰਵਾਹ ਨੂੰ ਸੁਚਾਰੂ ਕਰਨ ਵਾਲੀ ਥੈਰੇਪੀ) ਤੋਂ ਵਾਂਝੇ ਰਹਿ ਜਾਂਦੇ ਹਨ।
ਸਿਹਤ ਮੰਤਰੀ ਨੇ ਕਿਹਾ ਕਿ ਇਹ ਪ੍ਰੋਜੈਕਟ ਇੱਕ ਨਵੀਨਤਾਕਾਰੀ ਹੱਬ ਅਤੇ ਸਪੋਕ ਮਾਡਲ ਰਾਹੀਂ ਇਨ੍ਹਾਂ ਚੁਣੌਤੀਆਂ ਨੂੰ ਸਿੱਧੇ ਤੌਰ ‘ਤੇ ਹੱਲ ਕਰਦਾ ਹੈ। ਜ਼ਿਲ੍ਹਾ ਅਤੇ ਸਬ—ਡਿਵੀਜ਼ਨਲ ਹਸਪਤਾਲ ਸਪੋਕ ਸੈਂਟਰਾਂ ਵਜੋਂ ਕੰਮ ਕਰਨਗੇ, ਜੋ ਸਟੈਮੀ ਮਰੀਜ਼ਾਂ ਦੇ ਸ਼ੁਰੂਆਤੀ ਨਿਦਾਨ ਅਤੇ ਪ੍ਰਬੰਧਨ ਨੂੰ ਸੰਭਾਲਣ ਲਈ ਲੈਸ ਹਨ। ਇਹ ਸਪੋਕ ਸੈਂਟਰ ਮਾਹਰ ਹੱਬ ਹਸਪਤਾਲਾਂ ,ਜਿਸ ਵਿੱਚ ਮੌਜੂਦਾ ਦਿਆਨੰਦ ਮੈਡੀਕਲ ਕਾਲਜ ਤੇ ਹਸਪਤਾਲ ਲੁਧਿਆਣਾ ਅਤੇ ਜੀਐਮਸੀਐਚ—32 ਚੰਡੀਗੜ੍ਹ ਅਤੇ ਚਾਰ ਨਵੇਂ ਹੱਬ ਜਿਨਾਂ ਵਿਚ ਪਟਿਆਲਾ, ਫਰੀਦਕੋਟ, ਅੰਮ੍ਰਿਤਸਰ ਅਤੇ ਏਮਜ਼ ਬਠਿੰਡਾ ਦੇ ਸਰਕਾਰੀ ਮੈਡੀਕਲ ਕਾਲਜ ਸ਼ਾਮਲ ਹਨ, ਨਾਲ ਜੁੜੇ ਹਨ।

ਉਨ੍ਹਾਂ ਦੱਸਿਆ ਕਿ ਸਪੋਕ ਸੈਂਟਰ ਪਹੁੰਚਣ 'ਤੇ, ਸਟੈਮੀ ਮਰੀਜ਼ਾਂ ਨੂੰ ਟੈਲੀ-ਈਸੀਜੀ ਅਧਾਰਤ ਕੰਸਲਟੇਸ਼ਨ ਰਾਹੀਂ ਨਜ਼ਦੀਕੀ ਹੱਬ ਦੇ ਮਾਹਿਰਾਂ ਦੀ ਸਿੱਧੀ ਅਗਵਾਈ ਹੇਠ ਥ੍ਰੋਮਬੋਲਾਈਸਿਸ ਸਮੇਤ ਮੁੱਢਲੀ ਸਹਾਇਤਾ ਦਿੱਤੀ ਜਾਵੇਗੀ। ਜ਼ਿਲ੍ਹਾ ਸਿਹਤ ਸਹੂਲਤਾਂ 'ਤੇ ਥ੍ਰੋਮਬੋਲਾਈਸਿਸ ਦਵਾਈ, ਇੰਜੈਕਸ਼ਨ ਟੈਨੈਕਟੇਪਲੇਸ 40 ਮਿਲੀਗ੍ਰਾਮ (ਟੀਐਨਕੇ 40 ਮਿਲੀਗ੍ਰਾਮ) ਮੁਫ਼ਤ ਪ੍ਰਦਾਨ ਕੀਤਾ ਜਾ ਰਿਹਾ ਹੈ, ਤਾਂ ਜੋ ਜੀਵਨ-ਰੱਖਿਅਕ ਇਲਾਜ ਲਈ ਵਿੱਤੀ ਰੁਕਾਵਟਾਂ ਦਾ ਹੱਲ ਕੀਤਾ ਜਾ ਸਕੇ।
ਸਿਹਤ ਮੰਤਰੀ ਨੇ ਕਿਹਾ ਕਿ ਸਾਰੇ 23 ਜ਼ਿਲ੍ਹਿਆਂ ਦੇ ਮੈਡੀਕਲ ਸਪੈਸ਼ਲਿਸਟ, ਐਮਰਜੈਂਸੀ ਮੈਡੀਕਲ ਅਫਸਰ (ਈਐਮਓਜ਼) ਅਤੇ ਸਟਾਫ ਨਰਸਾਂ ਸਮੇਤ 700 ਤੋਂ ਵੱਧ ਸਟਾਫ ਮੈਂਬਰਾਂ ਨੇ ਮਾਹਰ ਕਾਰਡੀਓਲੋਜਿਸਟ ਡਾ. ਬਿਸ਼ਵ ਮੋਹਨ ਦੀ ਅਗਵਾਈ ਹੇਠ ਡੀਐਮਸੀਐਚ ਲੁਧਿਆਣਾ ਵਿਖੇ ਸਮਰੱਥਾ-ਨਿਰਮਾਣ ਸਿਖਲਾਈ ਪ੍ਰੋਗਰਾਮਾਂ ਵਿਚ ਟ੍ਰੇਨਿੰਗ ਲਈ ਹੈ। ਹਸਪਤਾਲਾਂ ਦੇ ਸਾਰੇ ਐਮਰਜੈਂਸੀ ਕਮਰਿਆਂ ਨੂੰ ਸਟੈਮੀ ਕੇਸਾਂ ਦੇ ਪ੍ਰਬੰਧਨ ਲਈ ਈਸੀਜੀ ਅਤੇ ਡੀਫਿਬ੍ਰਿਲੇਟਰਾਂ ਨਾਲ ਲੈਸ ਕੀਤਾ ਗਿਆ ਹੈ।
ਡੀਐਮਸੀਐਚ ਲੁਧਿਆਣਾ ਦੇ ਪ੍ਰੋਫੈਸਰ ਅਤੇ ਕਾਰਡੀਓਲੋਜੀ ਦੇ ਮੁਖੀ ਡਾ. ਬਿਸ਼ਵ ਮੋਹਨ ਨੇ ਕਿਹਾ ਕਿ ਲੋਕਾਂ ਨੂੰ ਦਿਲ ਦੇ ਦੌਰੇ ਦੇ ਲੱਛਣਾਂ ਬਾਰੇ ਸੰਵੇਦਨਸ਼ੀਲ ਹੋਣ ਦੀ ਜ਼ਰੂਰਤ ਹੈ, ਜਿਨ੍ਹਾਂ ਨੂੰ ਆਮ ਤੌਰ 'ਤੇ ਲੋਕ ਗੈਸਟਰੋਇੰਟੇਸਟਾਈਨਲ ਬੀਮਾਰੀ ਸਮਝ ਕੇ ਅਣਦੇਖਾ ਕਰ ਦਿੰਦੇ ਹਨ। ਉਹਨਾਂ ਕਿਹਾ ਇਸਕੇਮਿਕ ਦਿਲ ਦੀ ਬਿਮਾਰੀ ਭਾਰਤ ਵਿੱਚ ਮੌਤ ਦਾ ਪ੍ਰਮੁੱਖ ਕਾਰਨ ਹੈ। ਇਹ ਸਹਿਯੋਗੀ ਪਹੁੰਚ ਇਹ ਯਕੀਨੀ ਬਣਾਉਂਦੀ ਹੈ ਕਿ ਮਰੀਜ਼ਾਂ ਨੂੰ ਸਮੇਂ ਸਿਰ ਵਧੀਆ ਇਲਾਜ ਮਿਲੇ, ਜਿਸ ਨਾਲ ਉਨ੍ਹਾਂ ਦੇ ਬਚਣ ਦੀਆਂ ਸੰਭਾਵਨਾਵਾਂ ਵਿੱਚ ਸੁਧਾਰ ਹੋਵੇ।ਇਸ ਮੌਕੇ ਸਿਹਤ ਮੰਤਰੀ ਵੱਲੋਂ ਰਾਜ ਭਰ ਦੇ 12 ਡਾਕਟਰਾਂ, ਜਿਨ੍ਹਾਂ ਨੇ ਸਮੇਂ ਸਿਰ ਮਰੀਜ਼ਾਂ ਦਾ ਸਫਲਤਾਪੂਰਵਕ ਥ੍ਰੋਮੋਬਲਾਈਸਿਸ ਕੀਤਾ ਹੈ, ਨੂੰ ਸਨਮਾਨਿਤ ਕੀਤਾ ਗਿਆ।





Comments