ਸਹਾਇਕ ਥਾਣੇਦਾਰ ’ਤੇ ਔਰਤ ਨਾਲ ਅਸ਼ਲੀਲ ਗੱਲਾਂ ਕਰਨ ’ਤੇ ਮਾਮਲਾ ਦਰਜ
- bhagattanya93
- Aug 13
- 2 min read
13/08/2025

ਬਠਿੰਡਾ ਪੰਜਾਬ ਪੁਲਿਸ ਆਏ ਦਿਨ ਕਿਸੇ ਨਾ ਕਿਸੇ ਗੱਲ ਕਰ ਕੇ ਸੁਰਖੀਆਂ ’ਚ ਰਹਿੰਦੀ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਨੰਦਗੜ੍ਹ ਅਧੀਨ ਪੈਂਦੇ ਪਿੰਡ ਰਾਏ ਕੇ ਕਲਾਂ ਦਾ ਜਿੱਥੇ ਇਕ ਸਹਾਇਕ ਥਾਣੇਦਾਰ ’ਤੇ ਫੋਨ ’ਤੇ ਇਕ ਔਰਤ ਨਾਲ ਅਸ਼ਲੀਲ ਗੱਲਾਂ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਕਤ ਥਾਣੇਦਾਰ ਆਪਣੇ ਭਰਾ ਦੇ ਨਾਂ ’ਤੇ ਫਾਈਨਾਂਸ ਦਾ ਕੰਮ ਚਲਾ ਕੇ ਲੋਕਾਂ ਤੋਂ ਭਾਰੀ ਵਿਆਜ ਲੈ ਕੇ ਆਪਣੀ ਲੁੱਟ ਦਾ ਸ਼ਿਕਾਰ ਬਣਾ ਰਿਹਾ ਹੈ। ਵੱਡੀ ਗਿਣਤੀ ’ਚ ਪਿੰਡ ਵਾਸੀਆਂ ਵੱਲੋਂ ਸੀਨੀਅਰ ਕਾਂਗਰਸੀ ਆਗੂ ਕੁਲਵਿੰਦਰ ਸਿਘ ਦੀ ਅਗਵਾਈ ਹੇਠ ਥਾਣੇ ’ਚ ਇਕੱਠੇ ਹੋ ਕੇ ਮੰਗ ਕੀਤੀ ਗਈ ਹੈ ਕਿ ਉਕਤ ਥਾਣੇਦਾਰ ਨੇ ਅਸ਼ਲੀਲ ਗੱਲਾਂ ਦੇ ਨਾਲ–ਨਾਲ ਗਰੀਬ ਪਰਿਵਾਰ ਨੂੰ ਜਾਤੀਸੂਚਕ ਸ਼ਬਦ ਵੀ ਬੋਲੇ ਹਨ, ਜੇਕਰ ਸਹਾਇਕ ਥਾਣੇਦਾਰ ’ਤੇ ਜਾਤੀ ਸੂਚਕ ਦਾ ਮਾਮਲਾ ਦਰਜ ਨਹੀਂ ਕੀਤਾ ਗਿਆ ਤਾਂ ਉਹ ਆਉਦੇ ਦਿਨਾਂ ’ਚ ਥਾਣੇ ਦਾ ਘਿਰਾਓ ਕਰਨਗੇ। ਪਿੰਡ ਦੇ ਸ਼ਨੀ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਵੱਲੋਂ ਪਿੰਡ ਦੇ ਹੀ ਸਹਾਇਕ ਥਾਣੇਦਾਰ ਨਰਿੰਦਰ ਸਿੰਘ ਤੋਂ ਦਸ ਹਜ਼ਾਰ ਰੁਪਏ ਲਏ ਸਨ। ਉਨ੍ਹਾਂ 51 ਦਿਨਾਂ ਬਾਅਦ ਉਕਤ ਥਾਣੇਦਾਰ ਨੂੰ 12 ਹਜ਼ਾਰ ਰੁਪਏ ਖਾਤੇ ’ਚ ਪਾ ਦਿੱਤੇ ਤੇ ਚਾਰ ਹਜ਼ਾਰ ਰੁਪਏ ਨਕਦ ਦੇ ਦਿੱਤੇ ਪ੍ਰੰਤੂ ਥਾਣੇਦਾਰ ਨਰਿੰਦਰ ਸਿੰਘ ਹਾਲੇ ਵੀ ਉਨ੍ਹਾਂ ਤੋਂ 46 ਹਜ਼ਾਰ ਰੁਪਏ ਹੋਰ ਮੰਗ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਸਹਾਇਕ ਥਾਣੇਦਾਰ ਨਰਿੰਦਰ ਵੱਲੋਂ ਉਸ ਦੀ ਪਤਨੀ ਨੂੰ ਇਨ੍ਹਾਂ ਪੈਸਿਆਂ ਬਦਲੇ ਫੋਨ ’ਤੇ ਬਲੈਕਮੇਲ ਕਰ ਕੇ ਉਸ ਨਾਲ ਸਬੰਧ ਬਣਾਉਣ ਦਾ ਦਬਾਅ ਬਣਾਇਆ ਜਾ ਰਿਹਾ ਸੀ ਪਰ ਉਸ ਦੀ ਪਤਨੀ ਨੇ ਥਾਣੇਦਾਰ ਦੀ ਸਾਰੀ ਗੱਲ ਆਪਣੇ ਫੋਨ ’ਤੇ ਰਿਕਾਰਡ ਕਰ ਲਈ। ਉਕਤ ਔਰਤ ਜਦੋਂ ਆਪਣੇ ਪਤੀ ਨੂੰ ਨਾਲ ਲੈ ਕੇ ਨਰਿੰਦਰ ਸਿੰਘ ਦੇ ਘਰ ਫੋਨ ’ਤੇ ਬੋਲੀ ਭੱਦੀ ਸ਼ਬਦਾਵਲੀ ਬੋਲਣ ਦਾ ਉਲਾਭਾ ਦੇਣ ਗਈ ਤਾਂ ਉਕਤ ਥਾਣੇਦਾਰ ਨੇ ਮਾਫ਼ੀ ਮੰਗਣ ਦੀ ਥਾਂ ਗਰੀਬ ਪਰਿਵਾਰ ਨੂੰ ਗਾਲ੍ਹਾਂ ਕੱਢਦਿਆਂ ਜਾਤੀਸੂਚਕ ਸ਼ਬਦ ਬੋਲੇ। ਔਰਤ ਵੱਲੋਂ ਇਸ ਦੀ ਸ਼ਕਾਇਤ ਥਾਣਾ ਨੰਦਗੜ੍ਹ ਵਿਖੇ ਕੀਤੀ ਗਈ, ਜਿੱਥੇ ਪੁਲਿਸ ਵੱਲੋਂ ਔਰਤ ਦੇ ਬਿਆਨਾਂ ’ਤੇ ਸਹਾਇਕ ਥਾਣੇਦਾਰ ਵਿਰੁੱਧ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਦਰਜ ਕਰ ਲਿਆ। ਜਦ ਇਸ ਸਬੰਧੀ ਥਾਣਾ ਨੰਦਗੜ੍ਹ ਦੇ ਸਹਾਇਕ ਥਾਣੇਦਾਰ ਰਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਨਰਿੰਦਰ ਸਿੰਘ ਲੁਧਿਆਣਾ ਦਫ਼ਤਰ ’ਚ ਸਹਾਇਕ ਥਾਣੇਦਾਰ ਲੱਗਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਉਸ ਖ਼ਿਲਾਫ਼ ਔਰਤ ਨਾਲ ਅਸ਼ਲੀਲ ਗੱਲਾਂ ਕਰਨ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਜਦ ਉਨ੍ਹਾਂ ਨੂੰ ਔਰਤ ਨਾਲ ਬੋਲੇ ਜਾਤੀਸ਼ੂਚਕ ਸ਼ਬਦਾਂ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਤਫ਼ਤੀਸ਼ ਚੱਲ ਰਹੀ ਹੈ।





Comments