google-site-verification=ILda1dC6H-W6AIvmbNGGfu4HX55pqigU6f5bwsHOTeM
top of page

ਹੁਣ ਸਕੂਲਾਂ ਦਾ ਹੋਵੇਗਾ ਸੁਧਾਰ, ਪੰਜਾਬ ਸਰਕਾਰ ਨੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਦੋ ਘੰਟੇ ਫੀਲਡ 'ਚ ਰਹਿਣ ਦਾ ਹੁਕਮ

  • Writer: Ludhiana Plus
    Ludhiana Plus
  • Mar 11
  • 2 min read

11/03/2025

ree

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਡੀਈਓ-ਐਲੀਮੈਂਟਰੀ ਅਤੇ ਸੈਕੰਡਰੀ) ਨੂੰ ਰੋਜ਼ਾਨਾ ਪਹਿਲੇ ਦੋ ਘੰਟੇ ਸਵੇਰੇ 9 ਵਜੇ ਤੋਂ 11 ਵਜੇ ਤੱਕ ਫੀਲਡ ਵਿਚ ਰਹਿਣ ਅਤੇ ਸਾਰਥਕ ਨਤੀਜਿਆਂ ਨਾਲ ਡੇਟਾ-ਆਧਾਰਤ ਜ਼ਿਲ੍ਹਾ-ਵਿਸ਼ੇਸ਼ ਕਾਰਜ ਯੋਜਨਾਵਾਂ ਤਿਆਰ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਾਰੇ ਡੀਈਓ ਦੇ ਨਤੀਜਿਆਂ ਦੀ ਮਹੀਨਾਵਾਰ ਸਮੀਖਿਆ ਕੀਤੀ ਜਾਵੇਗੀ। ਉਨ੍ਹਾਂ ਇਹ ਹੁਕਮ ਇੱਥੇ ਮੈਗਸੀਪਾ ਵਿਖੇ ਡੀਈਓਜ਼ ਨਾਲ ਕੀਤੀ ਸਮੀਖਿਆ ਮੀਟਿੰਗ ਦੌਰਾਨ ਜਾਰੀ ਕੀਤੇ। ਸਿੱਖਿਆ ਮੰਤਰੀ ਨੇ ਅਧਿਕਾਰੀਆਂ ਨੂੰ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਸਕੂਲ ਆਫ਼ ਐਮੀਨੈਂਸ, ਦਾਖ਼ਲਾ ਮੁਹਿੰਮ ਅਤੇ ਵਿਦਿਆਰਥੀ ਕੋਚਿੰਗ ਸਬੰਧੀ ਪ੍ਰੋਗਰਾਮਾਂ ਦੇ ਜ਼ਮੀਨੀ ਪੱਧਰ 'ਤੇ ਲਾਗੂਕਰਨ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ।


ਬੈਂਸ ਨੇ ਕਿਹਾ ਕਿ ਸਿੱਖਿਆ ਪੰਜਾਬ ਦੇ ਭਵਿੱਖ ਦੀ ਨੀਂਹ ਹੈ ਅਤੇ ਸਰਕਾਰ ਸੂਬੇ ਦੀ ਸਿੱਖਿਆ ਪ੍ਰਣਾਲੀ ਵਿੱਚ ਬਦਲਾਅ ਲਿਆਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਸਿੱਖਿਆ ਮੰਤਰੀ ਨੇ ਸਾਰੇ ਡੀਈਓਜ਼ ਨੂੰ ਹਦਾਇਤ ਕੀਤੀ ਕਿ ਉਹ ਬੁਨਿਆਦੀ ਢਾਂਚੇ ਦੇ ਨਿਰਮਾਣ, ਦਾਖਲਿਆਂ ਵਿਚ ਵਾਧਾ ਕਰਨ ਅਤੇ ਸਟਾਫ ਦੀਆਂ ਖਾਲੀ ਆਸਾਮੀਆਂ ਨੂੰ ਭਰਨ ਅਤੇ ਜੇਈਈ ਵਰਗੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਵਿਦਿਆਰਥੀ ਕੋਚਿੰਗ ਪ੍ਰੋਗਰਾਮਾਂ ਨੂੰ ਮਜ਼ਬੂਤ ਕਰਨ ਵੱਲ ਤੁਰੰਤ ਧਿਆਨ ਕੇਂਦਰਿਤ ਕਰਕੇ ਸਕੂਲ ਆਫ਼ ਐਮੀਨੈਂਸ ਦੇ ਵਿਕਾਸ ਵਿੱਚ ਤੇਜ਼ੀ ਲਿਆਉਣ ਅਤੇ ਨਾਲ ਹੀ ਪ੍ਰਦਰਸ਼ਨ ਸਬੰਧੀ ਨਤੀਜਿਆਂ ਦੇ ਨਿਯਮਤ ਮੁਲਾਂਕਣ ਅਤੇ ਇਸ ਸਬੰਧੀ ਜ਼ਰੂਰੀ ਦਖ਼ਲ ਦੇਣ।


ਜ਼ਿਲ੍ਹਾ ਪੱਧਰ 'ਤੇ, ਖਾਸ ਕਰਕੇ ਤੀਜੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ, ਬੁਨਿਆਦੀ ਸਾਖਰਤਾ ਅਤੇ ਅੰਕਾਂ ਦੀ ਸਮਝ ਨੂੰ ਬਿਹਤਰ ਬਣਾਉਣ ਲਈ ਸਪੱਸ਼ਟ ਟੀਚਿਆਂ ਨਾਲ ਮਿਸ਼ਨ ਸਮਰੱਥ ਨੂੰ ਲਾਗੂ ਕਰਨ ਵਿਚ ਤੇਜ਼ੀ ਲਿਆਉਣ ਬਾਰੇ ਗੱਲ ਕਰਦਿਆਂ ਬੈਂਸ ਨੇ ਅਧਿਕਾਰੀਆਂ ਨੂੰ ਸਾਰੇ ਸਕੂਲਾਂ ਵਿਚ ਘੱਟੋ-ਘੱਟ ਬੁਨਿਆਦੀ ਢਾਂਚੇ ਸਬੰਧੀ ਮਿਆਰਾਂ ਦੀ ਵਿਵਸਥਾ ਕਰਨ ਦੇ ਨਿਰਦੇਸ਼ ਦਿੱਤੇ, ਜਿਸ ਵਿਚ ਲੜਕੀਆਂ ਅਤੇ ਲੜਕਿਆਂ ਲਈ ਵੱਖਰੇ ਪਖਾਨੇ, ਸੁਰੱਖਿਅਤ ਪੀਣ ਵਾਲੇ ਪਾਣੀ ਦੀਆਂ ਸਹੂਲਤਾਂ, ਦੋਹਰੇ ਡੈਸਕ ਅਤੇ ਚਾਰਦੀਵਾਰੀ ਸ਼ਾਮਲ ਹੈ।


ਸਿੱਖਿਆ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਪ੍ਰਾਇਮਰੀ, ਅੱਪਰ ਪ੍ਰਾਇਮਰੀ, ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਪੱਧਰ 'ਤੇ ਦਾਖ਼ਲੇ ਵਧਾਉਣ ਲਈ ਦਾਖ਼ਲਾ ਮੁਹਿੰਮ ਸ਼ੁਰੂ ਕਰਨ, ਜਿਸ ਵਿਚ ਟੀਚਾਗਤ ਆਊਟਰੀਚ ਪ੍ਰੋਗਰਾਮ ਸ਼ਾਮਲ ਹੋਣ। ਉਨ੍ਹਾਂ ਕਿਹਾ ਕਿ ਨਾਬਾਰਡ ਅਤੇ ਸਮੱਗਰ ਸਿੱਖਿਆ ਅਧੀਨ ਸਾਰੇ ਲੰਬਿਤ ਬੁਨਿਆਦੀ ਢਾਂਚੇ ਦੇ ਕੰਮਾਂ ਨੂੰ ਨਿਰਧਾਰਤ ਸਮਾਂ-ਸੀਮਾ ਦੇ ਅੰਦਰ ਪੂਰੇ ਕੀਤਾ ਜਾਵੇ ਅਤੇ ਸਾਰੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕੀਤਾ ਜਾਵੇ।

Comments


Logo-LudhianaPlusColorChange_edited.png
bottom of page