google-site-verification=ILda1dC6H-W6AIvmbNGGfu4HX55pqigU6f5bwsHOTeM
top of page

ਹੋਲੇ ਮਹੱਲੇ ਦੇ ਦੂਸਰੇ ਦਿਨ ਲੱਖਾਂ ਸੰਗਤਾਂ ਨੇ ਗੁਰੂ ਘਰਾਂ ਚ' ਮੱਥਾ ਟੇਕਿਆ, ਨੀਲੇ ਤੇ ਕੇਸਰੀ ਰੰਗ ਦੀਆਂ ਦਸਤਾਰਾਂ ਦਾ ਆਇਆ ਹੜ੍ਹ

  • Mar 14, 2025
  • 2 min read

14/03/2025

ਅੱਜ ਹੋਲੇ ਮਹੱਲੇ ਦੇ ਦੂਸਰੇ ਦਿਨ ਵੱਡੀ ਤਾਦਾਦ ਵਿਚ ਸੰਗਤਾਂ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸਮੇਤ ਹੋਰ ਗੁਰੂ ਘਰਾਂ ਵਿਚ ਮੱਥਾ ਟੇਕਿਆ ਤੇ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ। ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿਚ ਆਈਆਂ ਸੰਗਤਾਂ ਨੇ ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ ਦੇ ਅਕਾਸ਼ ਗੰਜਾਊ ਨਾਅਰਿਆਂ ਨਾਲ ਸਮੁੱਚੇ ਇਲਾਕੇ ਦਾ ਮਾਹੌਲ ਪਵਿੱਤਰ ਬਣਾ ਦਿਤਾ। ਹਰ ਪਾਸੇ ਖ਼ਾਲਸਾ ਜੀ ਦੇ ਖੁੱਲੇ ਦਰਸ਼ਨ ਦੀਦਾਰੇ ਹੋ ਰਹੇ ਹਨ। ਨੀਲੇ ਤੇ ਕੇਸਰੀ ਰੰਗ ਦੀਆਂ ਦਸਤਾਰਾਂ ਦਾ ਹੜ੍ਹ ਆ ਗਿਆ। ਛੋਟੇ ਛੋਟੇ ਬੱਚੇ, ਨੌਜਵਾਨ, ਬਜੁਰਗ ਤੇ ਬੀਬੀਆਂ ਸ਼ਸ਼ਤਰਾਂ ਬਸਤਰਾਂ ਨਾਲ ਤਿਆਰ ਬਰ ਤਿਆਰ ਹੋ ਕੇ ਪੁਰਾਤਨ ਸਮੇ ਦੀ ਯਾਦ ਤਾਜ਼ਾ ਕਰਵਾ ਰਹੇ ਹਨ।


ਅੱਜ ਸਵੇਰ ਵੇਲੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਸੰਗਤਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਹੈਡ ਗ੍ਰੰਥੀ ਗਿ. ਜੋਗਿੰਦਰ ਸਿੰਘ, ਐਗਜੈਕਟਿਵ ਕਮੇਟੀ ਮੈਬਰ ਦਲਜੀਤ ਸਿੰਘ ਭਿੰਡਰ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਹੋਲੇ ਮਹੱਲੇ ਦੇ ਪਾਵਨ ਇਤਹਾਸ ਤੋਂ ਸੰਗਤਾਂ ਨੂੰ ਜਾਣੂੰ ਕਰਵਾਇਆ। ਉਨ੍ਹਾਂ ਸਮੁੱਚੇ ਖਾਲਸਾ ਪੰਥ ਨੂੰ ਅਪੀਲ ਕੀਤੀ ਕਿ ਕੇਵਲ ਤੇ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਆਪਣਾ ਗੁਰੂ ਮੰਨਿਆ ਜਾਵੇ। ਕਿਸੇ ਦੇਹਧਾਰੀ ਜਾਂ ਪਖੰਡੀਆਂ ਮਗਰ ਲਗ ਕੇ ਸਿੱਖੀ ਸਿਧਾਤਾਂ ਨੂੰ ਤਿਲਾਂਜਲੀ ਨਾ ਦਿਤੀ ਜਾਵੇ। ਉਨ੍ਹਾਂ ਕਿਹਾ ਕਿ ਇਸੇ ਪਾਵਨ ਅਸਥਾਨ ਤੇ ਗੁਰੂ ਸਾਹਿਬ ਨੇ ਪੰਜਾਂ ਪਿਆਰਿਆਂ ਦੀ ਸਾਜਨਾ ਕੀਤੀ ਤੇ ਸਮੁੱਚੇ ਸਿੱਖਾਂ ਨੂੰ ਅਮ੍ਰਿੰਤਧਾਰੀ ਹੋਣ ਦਾ ਹੁਕਮ ਕੀਤਾ। ਉਨਾਂ ਕੌਮ ਵਿਚ ਫੈਲ ਰਹੇ ਪਤਿਤਪੁਣੇ, ਨਸ਼ਿਆਂ ਤੇ ਹੋਰ ਅਲਾਮਤਾਂ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਹਰੇਕ ਸਿੱਖ ਨੂੰ ਪ੍ਰਚਾਰਕ ਬਨਣ ਦਾ ਹੋਕਾ ਦਿਤਾ ਤਾਂ ਕਿ ਕੌਮ ਦੀ ਚੜ੍ਹਦੀ ਕਲਾ ਹੋ ਸਕੇ।


ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਮਨੈਜਮੈਂਟ ਵਲੋਂ ਸੰਗਤਾਂ ਦੀ ਸਹੂਲਤ ਲਈ ਪੁਖਤਾ ਇੰਤਜਾਮ ਕੀਤੇ ਗਏ ਹਨ। ਦਿਨ ਰਾਤ ਧਾਰਮਿਕ ਸਮਾਗਮਾਂ ਦਾ ਦੌਰ ਚਲ ਰਿਹਾ ਹੈ। ਲਗਾਤਾਰ ਅਮ੍ਰਿੰਤ ਸੰਚਾਰ ਕੀਤੇ ਜਾ ਰਹੇ ਹਨ ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਅਮ੍ਰਿੰਤ ਛਕ ਰਹੀਆਂ ਹਨ। ਸੰਗਤਾਂ ਦੀ ਸਹੂਲਤ ਲਈ ਰਿਹਾਇਸ਼, ਲੰਗਰ, ਜੋੜੇ ਘਰ, ਗੱਠੜੀ ਘਰ ਆਦਿ ਦੇ ਇੰਤਜਾਮ ਵੱਡੇ ਪੱਧਰ ਤੇ ਕੀਤੇ ਗਏ ਹਨ ਪਰ ਸੰਗਤਾਂ ਦੀ ਵੱਡੀ ਗਿਣਤੀ ਅੱਗੇ ਇਹ ਇੰਤਜਾਮ ਵੀ ਘਟ ਹੋ ਗਏ ਜਾਪਦੇ ਹਨ। ਸ਼ਰਧਾ ਦੇ ਪ੍ਰਤੀਕ ਸਰੋਵਰ ਵਿਚ ਸੰਗਤਾਂ ਨੇ ਵੱਡੀ ਗਿਣਤੀ ਵਿਚ ਇਸ਼ਨਾਨ ਕੀਤੇ ਤੇ ਗੁਰੂ ਘਰ ਵਿਚ ਨਤਮਸਤਕ ਹੋਏ। ਥਾਂ ਥਾਂ ਤੇ ਲੱਗੇ ਲੰਗਰ ਜਿੱਥੇ ਗੁਰੂ ਕੇ ਸਿੱਖਾਂ ਵਲੋਂ ਕੀਤੀ ਜਾ ਰਹੀ ਸੇਵਾ ਨੂੰ ਦਰਸਾ ਰਹੇ ਹਨ ਉਥੇ ਸੰਗਤਾਂ ਲੰਗਰ ਛਕ ਕੇ ਤ੍ਰਿਪਤ ਹੋ ਕੇ ਵਾਹਿਗੁਰੂ ਦਾ ਸ਼ੁਕਰਾਨਾ ਕਰ ਰਹੀਆਂ ਹਨ।

Comments


Logo-LudhianaPlusColorChange_edited.png
bottom of page