ਨਸ਼ਿਆਂ ਵਿਰੁੱਧ ਸਰਕਾਰ ਨੇ ਕੀਤੀ ਵੱਡੀ ਕਾਰਵਾਈ, ਲੁਧਿਆਣਾ ’ਚ ਮਹਿਲਾ ਸਮੇਤ ਦੋ ਤਸਕਰਾਂ ਦੇ ਘਰਾਂ ’ਤੇ ਚੱਲਿਆ ਬੁਲਡੋਜ਼ਰ
- bhagattanya93
- Jun 16
- 2 min read
16/06/2025

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੰਜਾਬ ਸਰਕਾਰ ਨੇ ਐਤਵਾਰ ਨੂੰ ਨਸ਼ਾ ਤਸਕਰਾਂ ’ਤੇ ਵੱਡੀ ਕਾਰਵਾਈ ਕੀਤੀ। ਲੁਧਿਆਣਾ ਦੇ ਦੋ ਬਦਨਾਮ ਨਸ਼ਾ ਤਸਕਰਾਂ ਦੇ ਘਰਾਂ ਨੂੰ ਬੁਲਡੋਜ਼ਰ ਨਾਲ ਤੋੜ ਦਿੱਤਾ ਗਿਆ। ਵਿਸ਼ੇਸ ਪੁਲਿਸ ਇੰਸਪੈਕਟਰ ਜਨਰਲ (ਕਾਨੂੰਨ ਵਿਵਸਥਾ) ਅਰਪਿਤ ਸ਼ੁਕਲਾ ਨੇ ਦੱਸਿਆ ਕਿ ਪਹਿਲੀ ਕਾਰਵਾਈ ਦੇ ਤਹਿਤ ਲੁਧਿਆਣਾ ਦੇ ਅਮਰਪੁਰ ਸਥਿਤ ਗਲੀ ਨੰਬਰ 2 ’ਚ ਬਦਨਾਮ ਨਸ਼ਾ ਤਸਕਰ ਗੁਰਪਾਲ ਦੇ ਮਕਾਨ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ ਗਿਆ। ਇਹ ਕਾਰਵਾਈ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ, ਡੀਸੀਪੀ (ਇਨਵੈਸਟੀਗੇਸ਼ਨ) ਹਰਪਾਲ ਸਿੰਘ, ਏਡੀਸੀਪੀ ਜ਼ੋਨ-1 ਸਮੀਰ ਵਰਮਾ ਅਤੇ ਏਟੀਪੀ ਜ਼ੋਨ-ਬੀ ਕੁਲਜੀਤ ਸਿੰਘ ਮੰਗਤ ਦੀ ਅਗਵਾਈ ’ਚ ਭਾਰੀ ਪੁਲਿਸ ਬਲ ਦੀ ਮੌਜੂਦਗੀ ’ਚ ਕੀਤੀ ਗਈ।

ਸੀਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਗੁਰਪਾਲ ਦੇ ਵਿਰੁੱਧ ਲੁਧਿਆਣਾ ਦੇ ਵੱਖ-ਵੱਖ ਥਾਣਿਆਂ ’ਚ ਐੱਨਡੀਪੀਐੱਸ ਐਕਟ ਦੇ ਤਹਿਤ ਨੌਂ ਅਪਰਾਧਕ ਮਾਮਲੇ ਦਰਜ ਹਨ। ਉਹ 2014 ਤੋਂ ਨਸ਼ਾ ਤਸਕਰੀ ’ਚ ਸ਼ਾਮਲ ਹੈ। ਕਾਰਵਾਈ ਦਾ ਪਤਾ ਲੱਗਦੇ ਹੀ ਉਹ ਹਿਮਾਚਲ ਫਰਾਰ ਹੋ ਗਿਆ ਹੈ। ਉਸ ਨੇ ਚਾਰ ਮੰਜ਼ਿਲਾ ਮਕਾਨ ’ਚ ਕਿਰਾਏਦਾਰ ਵੀ ਰੱਖੇ ਹਨ। ਦੂਜੀ ਕਾਰਵਾਈ ਲੁਧਿਆਣਾ ਦੇ ਲੋਹਾਰਾ ਪਿੰਡ ਸਥਿਤ ਹੀਰੋ ਸੁਮਨ ਨਗਰ ਦੀ ਗਲੀ ਨੰਬਰ 9 ’ਚ ਕੀਤੀ ਗਈ। ਇਥੇ ਮਹਿਲਾ ਨਸ਼ਾ ਤਸਕਰ ਰਾਜਿੰਦਰ ਕੌਰ ਉਰਫ ਰੋਜ਼ੀ ਦੇ ਘਰ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ ਗਿਆ। ਸੀਪੀ ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਰਾਜਿੰਦਰ ਕੌਰ ਉਰਫ ਰੋਜ਼ੀ ਕੁਝ ਸਾਲ ਪਹਿਲਾਂ ਇਥੇ ਆ ਕੇ ਵੱਸੀ ਸੀ। ਉਸ ਦੇ ਵਿਰੁੱਧ ਐੱਨਡੀਪੀਐੱਸ ਐਕਟ ਦੇ ਤਹਿਤ ਦੋ ਅਪਰਾਧਕ ਮਾਮਲੇ ਦਰਜ ਹਨ। ਫਿਲਹਾਲ ਉਹ ਜੇਲ ’ਚ ਬੰਦ ਹੈ।
ਸਾਢੇ ਤਿੰਨ ਮਹੀਨਿਆਂ ’ਚ ਨਸ਼ਾ ਤਸਕਰਾਂ ਦੀਆਂ 126 ਜਾਇਦਾਦਾਂ ’ਤੇ ਚੱਲਿਆ ਬੁਲਡੋਜ਼ਰ
ਅਰਪਿਤ ਸ਼ੁਕਲਾ ਨੇ ਦੱਸਿਆ ਕਿ ਇਕ ਮਾਰਚ 2025 ਤੋਂ ਹੁਣ ਤੱਕ ਸਾਢੇ ਤਿੰਨ ਮਹੀਨਿਆਂ ’ਚ ਨਸ਼ਾ ਤਸਕਰਾਂ ਦੀਆਂ 126 ਜਾਇਦਾਦਾਂ ਨੂੰ ਬੁਲਡੋਜ਼ਰ ਨਾਲ ਢਾਹਿਆ ਜਾ ਚੁੱਕਾ ਹੈ। ਲੁਧਿਆਣਾ ’ਚ ਤਸਕਰਾਂ ’ਤੇ ਕੀਤੀ ਗਈ ਇਹ ਕਾਰਵਾਈ ਨਸ਼ੇ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦਾ ਹਿੱਸਾ ਹੈ। ਇਸ ਦਾ ਮਕਸਦ ਇਹ ਯਕੀਨੀ ਕਰਨਾ ਹੈ ਕਿ ਅਪਰਾਧੀਆਂ ਨੂੰ ਸਿਰਫ ਗ੍ਰਿਫਤਾਰ ਹੀ ਨਹੀਂ ਕੀਤਾ ਜਾਵੇ ਸਗੋਂ ਉਨ੍ਹਾਂ ਦੀ ਨਾਜਾਇਜ਼ ਕਮਾਈ ਤੋਂ ਬਣਾਈਆਂ ਜਾਇਦਾਦਾਂ ਨੂੰ ਵੀ ਨਸ਼ਟ ਕੀਤਾ ਜਾਵੇ।





Comments